ਅਮਰੀਕਾ ਦੇ ਯੂਬਾ ਸਿਟੀ ਵਿੱਚ ਨਗਰ ਕੀਰਤਨ ਦੌਰਾਨ ਹਿੰਸਾ; ਫਾਇਰਿੰਗ ਵੀ ਹੋਈ
Yuba City Nagar Kirtan Firing: ਅਮਰੀਕਾ ਦੇ ਕੈਲੀਫੋਰਨੀਆ ਦੇ ਸਟਰ ਕਾਉਂਟੀ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਦੋ ਘਟਨਾਵਾਂ ਵਾਪਰੀਆਂ।
Yuba City Nagar Kirtan Firing: ਅਮਰੀਕਾ ਦੇ ਕੈਲੀਫੋਰਨੀਆ ਦੇ ਸਟਰ ਕਾਉਂਟੀ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਦੋ ਘਟਨਾਵਾਂ ਵਾਪਰੀਆਂ। ਸ਼ਨਿੱਚਰਵਾਰ ਨੂੰ ਪਾਰਕਿੰਗ ਵਿੱਚ ਭਾਰੀ ਹੰਗਾਮਾ, ਝੜਪ ਤੇ ਗੋਲੀਬਾਰੀ ਹੋਈ, ਜਦੋਂ ਕਿ ਐਤਵਾਰ ਨੂੰ ਨਗਰ ਕੀਰਤਨ ਦੀ ਸਮਾਪਤੀ ਦੌਰਾਨ ਛੁਰਾ ਮਾਰਨ ਦੀ ਵਾਰਦਾਤ ਵੀ ਵਾਪਰੀ।
ਇਸ ਦੌਰਾਨ ਹੰਗਾਮੇ ਵਾਲੀ ਸਥਿਤੀ ਬਣ ਗਈ। ਛੁਰਾ ਮਾਰਨ ਵਿੱਚ ਦੋ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਸੈਕਰਾਮੈਂਟੋ ਦੇ ਰਹਿਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਟਰ ਕਾਉਂਟੀ ਸ਼ੈਰਿਫ਼ ਦਫ਼ਤਰ ਮੁਤਾਬਕ ਪੁਲਿਸ ਦੋਵਾਂ ਘਟਨਾਵਾਂ ਵਿਚਕਾਰ ਸੰਭਾਵਿਤ ਸਬੰਧ ਦੀ ਜਾਂਚ ਕਰ ਰਹੀ ਹੈ। ਵੱਡੀ ਗਿਣਤੀ ਵਿੱਚ ਸ਼ਰਧਾਲੂ ਤੇ ਯੂਬਾ ਸਿਟੀ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਨਗਰ ਕੀਰਤਨ ਵਿੱਚ ਸ਼ਾਮਲ ਹੋਏ।
ਰਿਪੋਰਟਾਂ ਮੁਤਾਬਕ ਸ਼ਨਿੱਚਰਵਾਰ ਨੂੰ ਟੀਏਰਾ ਬੁਏਨਾ ਰੋਡ 'ਤੇ ਪਾਰਕਿੰਗ ਵਿੱਚ ਫਾਇਰਿੰਗ ਦੀ ਰਿਪੋਰਟ ਮਿਲੀ। ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ ਹੈ। ਹਾਲਾਂਕਿ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਜਾਂਚਕਰਤਾ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਹੇ ਹਨ ਤੇ ਹੋਰ ਸੁਰਾਗਾਂ ਦੀ ਜਾਂਚ ਕਰ ਰਹੇ ਹਨ। ਇਸ ਮਗਰੋਂ ਐਤਵਾਰ ਨੂੰ ਨਗਰ ਕੀਰਤਨ ਦੀ ਸਮਾਪਤੀ ਦੌਰਾਨ ਛੁਰਾ ਮਾਰਨ ਦੀ ਘਟਨਾ ਨੇ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ। ਘਟਨਾ ਵਿੱਚ ਦੋ ਲੋਕ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਉਸਦਾ ਯੂਸੀ ਡੇਵਿਸ ਮੈਡੀਕਲ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਛੁਰਾ ਮਾਰਨ ਦੇ ਮਾਮਲੇ ਵਿੱਚ ਸੈਕਰਾਮੈਂਟੋ ਦੇ ਰਹਿਣ ਵਾਲੇ 28 ਸਾਲਾ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਘਾਤਕ ਹਥਿਆਰ ਨਾਲ ਹਮਲਾ ਅਤੇ ਕਤਲ ਦੀ ਕੋਸ਼ਿਸ਼ ਸ਼ਾਮਲ ਹੈ। ਉਹ ਇਸ ਸਮੇਂ ਸਟਰ ਕਾਉਂਟੀ ਜੇਲ੍ਹ ਵਿੱਚ ਬੰਦ ਹੈ। ਸਟਰ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਮੁਤਾਬਕ ਦੋਵਾਂ ਘਟਨਾਵਾਂ ਦੀ ਵੱਖ-ਵੱਖ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਸ਼ਨਿੱਚਰਵਾਰ ਦੀ ਗੋਲੀਬਾਰੀ ਤੇ ਐਤਵਾਰ ਦੀ ਛੁਰਾ ਮਾਰਨ ਵਿਚਕਾਰ ਕੋਈ ਸਬੰਧ ਹੈ। ਜਾਂਚਕਰਤਾ ਘਟਨਾਵਾਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਸਿੱਖ ਗੁਰਦੁਆਰੇ ਦੇ ਪ੍ਰਬੰਧਨ ਨਾਲ ਕੰਮ ਕਰ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਉਹ ਬੁੱਧਵਾਰ ਨੂੰ ਹੋਰ ਜਾਣਕਾਰੀ ਜਾਰੀ ਕਰਨਗੇ। ਦੋਵਾਂ ਘਟਨਾਵਾਂ ਦੀ ਪੂਰੀ ਤਸਵੀਰ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਲੱਗਾ ਬਦਲਣ, ਪਾਰਾ 1.5 ਡਿਗਰੀ ਡਿੱਗਿਆ; ਕੱਲ੍ਹ ਤੋਂ ਤੇਜ਼ ਹਵਾਵਾਂ ਵਧਾਣਗੀਆਂ ਠੰਡ, ਜਾਣੋ IMD ਦਾ ਤਾਜ਼ਾ ਅਪਡੇਟ