ਏਅਰ ਇੰਡੀਆ ਦੀ ਉਡਾਣ ਦੇ ਹਾਈਜੈਕ ਦੇ ਅਲਰਟ ਮਗਰੋਂ ਮਚੀ ਹਫੜਾ-ਦਫੜੀ; ਜੈਪੁਰ ਵਿੱਚ ਕਰਵਾਈ ਲੈਂਡਿੰਗ
Air India Flight Hijack Alert News: ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ AI-2030 ਵਿੱਚ ਬੁੱਧਵਾਰ ਨੂੰ ਹਾਈਜੈਕ ਅਲਰਟ ਜਾਰੀ ਹੋਣ ਕਾਰਨ ਹੜਕੰਪ ਮਚ ਗਿਆ।
Air India Flight Hijack Alert News: ਏਅਰ ਇੰਡੀਆ ਦੀ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਅੰਤਰਰਾਸ਼ਟਰੀ ਉਡਾਣ AI-2030 ਵਿੱਚ ਬੁੱਧਵਾਰ ਨੂੰ ਹਾਈਜੈਕ ਅਲਰਟ ਜਾਰੀ ਹੋਣ ਕਾਰਨ ਹੜਕੰਪ ਮਚ ਗਿਆ। ਅਹਿਮਦਾਬਾਦ ਏਅਰ ਟ੍ਰੈਫਿਕ ਕੰਟਰੋਲ (ATC) ਨੂੰ Squawk 7500 ਕੋਡ ਦਾ ਅਲਰਟ ਮਿਲਿਆ, ਜਿਸ ਮਗਰੋਂ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਚੌਕਸ ਕਰ ਦਿੱਤਾ ਗਿਆ।
ਸਾਵਧਾਨੀ ਵਜੋਂ ਜਹਾਜ਼ ਨੂੰ ਦਿੱਲੀ ਦੀ ਬਜਾਏ ਜੈਪੁਰ ਵੱਲ ਮੋੜ ਦਿੱਤਾ ਗਿਆ, ਜਿੱਥੇ ਸਵੇਰੇ 9:45 ਵਜੇ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਾਈਜੈਕ ਅਲਰਟ ਪਾਇਲਟ ਦੀ ਗਲਤੀ ਕਾਰਨ ਜਾਰੀ ਹੋਇਆ ਜਾਂ ਇਸ ਪਿੱਛੇ ਕੋਈ ਤਕਨੀਕੀ ਖਰਾਬੀ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਆਈਸੋਲੇਸ਼ਨ ਬੇ ਵਿੱਚ ਉਤਾਰਿਆ ਗਿਆ ਜਹਾਜ਼
ਅਲਰਟ ਮਿਲਣ ਤੋਂ ਬਾਅਦ ਜਹਾਜ਼ ਨੂੰ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਈਸੋਲੇਸ਼ਨ ਬੇ ਵਿੱਚ ਖੜ੍ਹਾ ਕੀਤਾ ਗਿਆ। ਇਹ ਹਵਾਈ ਅੱਡੇ ਦਾ ਇੱਕ ਵਿਸ਼ੇਸ਼ ਸੁਰੱਖਿਅਤ ਖੇਤਰ ਹੁੰਦਾ ਹੈ, ਜਿੱਥੇ ਬੰਬ ਦੀ ਧਮਕੀ ਜਾਂ ਹਾਈਜੈਕ ਵਰਗੇ ਸੰਭਾਵੀ ਖਤਰਿਆਂ ਦੀ ਸਥਿਤੀ ਵਿੱਚ ਜਹਾਜ਼ ਨੂੰ ਮੁੱਖ ਟਰਮੀਨਲ ਤੋਂ ਦੂਰ ਰੱਖਿਆ ਜਾਂਦਾ ਹੈ।
ਜਹਾਜ਼ ਦੇ ਉਤਰਦੇ ਹੀ ਸੁਰੱਖਿਆ ਏਜੰਸੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਦੋਵਾਂ ਪਾਇਲਟਾਂ ਨੂੰ ਜਹਾਜ਼ ਤੋਂ ਬਾਹਰ ਲਿਆ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਉਨ੍ਹਾਂ ਦੀ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ। ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ATS, ਪੁਲਿਸ ਅਤੇ ਹੋਰ ਏਜੰਸੀਆਂ ਅਲਰਟ
ਘਟਨਾ ਤੋਂ ਬਾਅਦ ਅੱਤਵਾਦ ਵਿਰੋਧੀ ਦਸਤੇ (ATS), ਸਥਾਨਕ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਮੌਕੇ 'ਤੇ ਤਾਇਨਾਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਦਿੱਲੀ ਵਿੱਚ ਨੈਸ਼ਨਲ ਸਿਕਿਓਰਿਟੀ ਗਾਰਡ (NSG) ਦੀ ਟੀਮ ਨੂੰ ਵੀ ਤਿਆਰ ਰੱਖੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਈਜੈਕ ਅਲਰਟ ਕਿਵੇਂ ਜਾਰੀ ਹੋਇਆ ਅਤੇ ਇਸ ਪਿੱਛੇ ਅਸਲ ਕਾਰਨ ਕੀ ਸੀ।