ਕੇਂਦਰੀ ਮੰਤਰੀ ਹਰਦੀਪ ਪੁਰੀ ਲੜਨਗੇ ਰਾਜ ਸਭਾ ਜ਼ਿਮਨੀ ਚੋਣ; ਇਸ ਤੋਂ ਸੂਬੇ ਤੋਂ ਉਮੀਦਵਾਰ ਐਲਾਨਿਆ
Hardeep Puri Rajya Sabha News: ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਮੱਧ ਪ੍ਰਦੇਸ਼ ਵਿੱਚ 2026 ਦੀ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ ਨੂੰ ਉਮੀਦਵਾਰ ਐਲਾਨਿਆ।
Hardeep Puri Rajya Sabha News: ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਮੱਧ ਪ੍ਰਦੇਸ਼ ਵਿੱਚ 2026 ਦੀ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ ਨੂੰ ਉਮੀਦਵਾਰ ਐਲਾਨਿਆ। ਪੁਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਮੈਂਬਰ ਹਨ ਤੇ ਇਸ ਸਮੇਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਸੰਭਾਲ ਰਹੇ ਹਨ।
ਅਕਤੂਬਰ ਵਿੱਚ ਭਾਜਪਾ ਨੇਤਾ ਐਲ. ਮੁਰੂਗਨ ਵੱਲੋਂ ਸੀਟ ਖਾਲੀ ਹੋਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ। ਰਾਜ ਸਭਾ ਅਤੇ ਮੰਤਰਾਲੇ ਤੋਂ ਐਲ. ਮੁਰੂਗਨ ਦੇ ਅਸਤੀਫ਼ੇ ਨੇ ਕੇਂਦਰ ਵਿੱਚ ਐਨਡੀਏ ਸਰਕਾਰ ਦੇ ਅੰਦਰ ਕੈਬਨਿਟ ਫੇਰਬਦਲ ਬਾਰੇ ਚਰਚਾਵਾਂ ਛੇੜ ਦਿੱਤੀਆਂ ਹਨ। ਸਾਬਕਾ ਕੇਂਦਰੀ ਮੰਤਰੀ ਐਲ. ਮੁਰੂਗਨ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀਟ ਨੂੰ ਭਰਨ ਲਈ 12 ਨਵੰਬਰ ਨੂੰ ਉਪ ਚੋਣ ਹੋਣੀ ਹੈ।
ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ 'ਚ ਸਿੱਖ ਮੰਤਰੀ ਹਰਦੀਪ ਸਿੰਘ ਪੁਰੀ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦਾ ਮੌਜੂਦਾ ਰਾਜ ਸਭਾ ਕਾਰਜਕਾਲ ਨਵੰਬਰ 'ਚ ਖ਼ਤਮ ਹੋ ਰਿਹਾ ਹੈ। ਭਾਜਪਾ ਦੀ ਸੂਬਾ ਕੋਰ ਕਮੇਟੀ ਨੇ ਅੰਤਿਮ ਫੈਸਲੇ ਲਈ ਕੇਂਦਰੀ ਲੀਡਰਸ਼ਿਪ ਨੂੰ ਚਾਰ ਤੋਂ ਪੰਜ ਨਾਵਾਂ ਦਾ ਪੈਨਲ ਭੇਜਣ ਦਾ ਫੈਸਲਾ ਕੀਤਾ ਸੀ। ਉੱਤਰ ਪ੍ਰਦੇਸ਼ ਤੋਂ ਹਰਦੀਪ ਸਿੰਘ ਪੁਰੀ ਦਾ ਮੌਜੂਦਾ ਰਾਜ ਸਭਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਭਾਜਪਾ ਨੇ ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਲਈ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਦੁਬਾਰਾ ਨਾਮਜ਼ਦ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦਾ ਉੱਚ ਸਦਨ ਵਿੱਚ ਰਹਿਣਾ ਅਨਿਸ਼ਚਿਤ ਹੋ ਗਿਆ। ਹਰਦੀਪ ਸਿੰਘ ਪੁਰੀ ਭਾਰਤੀ ਰਾਜਨੀਤੀ ਵਿੱਚ ਇੱਕ ਜਾਣੀ-ਪਛਾਣੀ ਹਸਤੀ ਹਨ। ਉਨ੍ਹਾਂ ਨੇ ਆਪਣਾ ਕਰੀਅਰ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਵਜੋਂ ਸ਼ੁਰੂ ਕੀਤਾ ਤੇ ਬਾਅਦ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਤੇ ਕਈ ਮਹੱਤਵਪੂਰਨ ਕੂਟਨੀਤਕ ਅਹੁਦਿਆਂ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿੱਚ ਕਈ ਮੰਤਰਾਲਿਆਂ ਦਾ ਕੰਮ ਕੀਤਾ ਹੈ।
ਉਨ੍ਹਾਂ ਨੂੰ ਇੱਕ ਸਾਬਕਾ ਕੂਟਨੀਤਕ ਤੇ ਕੇਂਦਰੀ ਮੰਤਰੀ ਵਜੋਂ ਮਾਨਤਾ ਪ੍ਰਾਪਤ ਹੈ। ਹਰਦੀਪ ਸਿੰਘ ਪੁਰੀ 2014 ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਰਗਰਮ ਰਾਜਨੀਤੀ ਵਿੱਚ ਦਾਖਲ ਹੋਏ। ਸਤੰਬਰ 2017 ਵਿੱਚ, ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦਾ ਸੁਤੰਤਰ ਚਾਰਜ ਦਿੱਤਾ ਗਿਆ। ਜੁਲਾਈ 2021 ਵਿੱਚ, ਉਹ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਬਣੇ ਅਤੇ ਵਰਤਮਾਨ ਵਿੱਚ ਇਹ ਮੰਤਰਾਲਾ ਸੰਭਾਲ ਰਹੇ ਹਨ।