SOCIAL MEDIA

Newsletter

PARTNER SITES
भाषा चुनें राज्य चुनें

26/11 ਮੁੰਬਈ ਹਮਲੇ ਦੇ 18 ਸਾਲ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ ਖੌਫਨਾਕ ਯਾਦਾਂ

26/11 Mumbai Terror Attacks: 26 ਨਵੰਬਰ ਭਾਰਤ ਦੇ ਇਤਿਹਾਸ ਦਾ ਨਾ ਭੁੱਲਣ ਵਾਲਾ ਕਾਲਾ ਦਿਨ ਹੈ, ਜਿਸ ਨੂੰ ਯਾਦ ਕਰਕੇ ਅੱਜ ਵੀ ਖੌਫਨਾਕ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।

Written By Ravinder Singh
Published: Nov 26, 2026, 12:13 IST | Updated: Nov 26, 2026, 12:15 IST
Join

26/11 Mumbai Terror Attacks: 26 ਨਵੰਬਰ ਭਾਰਤ ਦੇ ਇਤਿਹਾਸ ਦਾ ਨਾ ਭੁੱਲਣ ਵਾਲਾ ਕਾਲਾ ਦਿਨ ਹੈ, ਜਿਸ ਨੂੰ ਯਾਦ ਕਰਕੇ ਅੱਜ ਵੀ ਖੌਫਨਾਕ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੁੰਬਈ ਵਿੱਚ 2008 ਵਿੱਚ ਹੋਏ 26/11 ਅੱਤਵਾਦੀ ਹਮਲੇ ਨੂੰ ਅੱਜ 18 ਸਾਲ ਪੂਰੇ ਹੋ ਗਏ ਹਨ। ਲੋਕ ਅੱਜ ਵੀ ਆਪਣਿਆਂ ਨੂੰ ਗੁਆ ਕੇ ਹੰਝੂ ਵਹਾ ਰਹੇ ਹਨ। 

ਇਸ ਮੰਜ਼ਰ ਨੂੰ ਯਾਦ ਕਰਕੇ ਲੋਕਾਂ ਦੀ ਅੱਜ ਵੀ ਰੂਹ ਕੰਬ ਜਾਂਦੀ ਹੈ। ਪਾਕਿਸਤਾਨ ਤੋਂ ਸਮੁੰਦਰੀ ਰਸਤੇ ਮੁੰਬਈ ਪਹੁੰਚੇ ਲਸ਼ਕਰ-ਏ-ਤੋਇਬਾ ਦੇ 10 ਹਥਿਆਰਬੰਦ ਅੱਤਵਾਦੀਆਂ ਨੇ ਸ਼ਹਿਰ ਦੇ ਕਈ ਪ੍ਰਮੁੱਖ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਲਗਭਗ 60 ਘੰਟੇ ਤੱਕ ਚੱਲੇ ਇਨ੍ਹਾਂ ਹਮਲਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 

ਇਸ ਦੌਰਾਨ ਵਿਦੇਸ਼ੀ ਨਾਗਰਿਕਾਂ ਸਮੇਤ 166 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਅੱਤਵਾਦੀਆਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਤਾਜ ਮਹਿਲ ਪੈਲੇਸ ਹੋਟਲ, ਟ੍ਰਾਈਡੈਂਟ ਹੋਟਲ, ਨਰੀਮਨ ਹਾਊਸ, ਲਿਓਪੋਲਡ ਕੈਫੇ ਅਤੇ ਕਾਮਾ ਹਸਪਤਾਲ ਸਮੇਤ ਕਈ ਥਾਵਾਂ 'ਤੇ ਗੋਲੀਬਾਰੀ ਤੇ ਧਮਾਕੇ ਕੀਤੇ। ਕਈ ਲੋਕਾਂ ਨੂੰ ਬੰਧਕ ਵੀ ਬਣਾਇਆ ਗਿਆ ਸੀ।

ਹਮਲੇ ਤੋਂ ਬਾਅਦ ਮੁੰਬਈ ਪੁਲਿਸ, ਆਰਮਡ ਪੁਲਿਸ ਫੋਰਸ, ਨੇਵੀ ਦੇ ਮਰੀਨ ਕਮਾਂਡੋ ਅਤੇ ਨੈਸ਼ਨਲ ਸਕਿਓਰਿਟੀ ਗਾਰਡ (NSG) ਨੇ ਸਾਂਝਾ ਆਪ੍ਰੇਸ਼ਨ ਚਲਾਇਆ। ਸੁਰੱਖਿਆ ਬਲਾਂ ਦੀ ਲਗਾਤਾਰ ਕਾਰਵਾਈ ਤੋਂ ਬਾਅਦ ਕਰੀਬ 60 ਘੰਟਿਆਂ ਵਿੱਚ ਹਮਲਿਆਂ ਨੂੰ ਖਤਮ ਕੀਤਾ ਗਿਆ। ਇਸ ਦੌਰਾਨ ਕਈ ਬਹਾਦਰ ਸੁਰੱਖਿਆ ਕਰਮਚਾਰੀਆਂ ਨੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। 10 ਹਮਲਾਵਰਾਂ ਵਿੱਚੋਂ ਅਜਮਲ ਕਸਾਬ ਨੂੰ ਜ਼ਿੰਦਾ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਕੱਦਮੇ ਤੋਂ ਬਾਅਦ ਨਵੰਬਰ 2012 ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ। ਇਸ ਮਾਮਲੇ ਵਿੱਚ ਡੇਵਿਡ ਹੈਡਲੀ ਨੇ ਅਮਰੀਕਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਅਦਾਲਤ ਵਿੱਚ ਗਵਾਹੀ ਦਿੱਤੀ। ਦੂਜੇ ਪਾਸੇ, ਤਹਵੁਰ ਰਾਣਾ ਨੂੰ 2025 ਵਿੱਚ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ। 

26/11 ਹਮਲੇ ਤੋਂ ਬਾਅਦ ਭਾਰਤ ਨੇ ਸਮੁੰਦਰੀ ਸੁਰੱਖਿਆ, ਖੁਫੀਆ ਤੰਤਰ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ। ਹਾਲਾਂਕਿ, ਹਮਲੇ ਦੇ ਕਈ ਮੁੱਖ ਸਾਜ਼ਿਸ਼ਕਰਤਾ ਅਜੇ ਵੀ ਭਾਰਤ ਦੀ ਪਹੁੰਚ ਤੋਂ ਬਾਹਰ ਹਨ। ਹਰ ਸਾਲ 26 ਨਵੰਬਰ ਨੂੰ ਮੁੰਬਈ ਵਿੱਚ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਅਤੇ ਨਿਰਦੋਸ਼ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। 

ਤੁਕਾਰਾਮ ਓਮਬਲੇ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਜਮਲ ਕਸਾਬ ਨੂੰ ਜ਼ਿੰਦਾ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 18 ਸਾਲ ਬਾਅਦ ਵੀ 26/11 ਦਾ ਹਮਲਾ ਦੇਸ਼ ਨੂੰ ਅੱਤਵਾਦ ਵਿਰੁੱਧ ਚੌਕਸੀ, ਏਕਤਾ ਅਤੇ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਦੀ ਅਹਿਮੀਅਤ ਯਾਦ ਕਰਵਾਉਂਦਾ ਹੈ।

ਇਹ ਵੀ ਪੜ੍ਹੋ : Live: ਮੋਗਾ ਵਿੱਚ ਅੱਜ 'ਆਪ' ਦੀ ਖੁਸ਼ਹਾਲ ਪੰਜਾਬ ਮਹਾਂਰੈਲੀ; ਕੇਜਰੀਵਾਲ ਚੋਣ ਮੁਹਿੰਮ ਦਾ ਕਰਨਗੇ ਆਗਾਜ਼, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES