SOCIAL MEDIA

Newsletter

PARTNER SITES
भाषा चुनें राज्य चुनें

ਬਰਿੰਦਰ ਸਿੰਘ ਢਿੱਲੋਂ ਦਾ ਅਕਾਲੀ-ਭਾਜਪਾ ਗਠਜੋੜ ’ਤੇ ਤਿੱਖਾ ਹਮਲਾ; ਕਿਹਾ ਆਪਣੀ ਹੋਂਦ ਬਚਾਉਣ ਲਈ ਹੋਏ ਇਕੱਠੇ

Brinder Singh Dhillon News: ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਏ ਗਠਜੋੜ ਨੂੰ ਲੈ ਕੇ ਕਾਂਗਰਸ ਨੇ ਤਿੱਖਾ ਸਿਆਸੀ ਹਮਲਾ ਕੀਤਾ ਹੈ।

Written By Ravinder Singh
Published: Nov 26, 2026, 13:51 IST | Updated: Nov 26, 2026, 13:56 IST
Join

Brinder Singh Dhillon News: ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਏ ਗਠਜੋੜ ਨੂੰ ਲੈ ਕੇ ਕਾਂਗਰਸ ਨੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਇਸ ਗਠਜੋੜ ਨੂੰ ਦੋਵਾਂ ਪਾਰਟੀਆਂ ਵੱਲੋਂ ਆਪਣੀ ਸਿਆਸੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਪੰਜਾਬ ਦੇ ਹਿੱਤਾਂ ਲਈ ਨਹੀਂ, ਸਗੋਂ ਆਪਣੀ ਸਿਆਸੀ ਪ੍ਰਸੰਗਿਕਤਾ ਬਰਕਰਾਰ ਰੱਖਣ ਲਈ ਕੀਤਾ ਗਿਆ ਹੈ। 

ਗਠਜੋੜ ਪੰਜਾਬ ਲਈ ਨਹੀਂ, ਆਪਣੀ ਹੋਂਦ ਬਚਾਉਣ ਲਈ ਕੀਤਾ
ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਪਿਛਲੇ ਦਸ ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਅਤੇ ਭਾਜਪਾ ਵੀ ਪੰਜਾਬ ਵਿੱਚ ਆਪਣੀ ਸਿਆਸੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੀ ਸੀ। ਅਜਿਹੇ ਵਿੱਚ ਦੋਵਾਂ ਪਾਰਟੀਆਂ ਨੇ ਆਪਣੀ ਹੋਂਦ ਬਚਾਉਣ ਲਈ ਗਠਜੋੜ ਕੀਤਾ ਹੈ। 

ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਆਗੂ ਪਿਛਲੇ ਸਮੇਂ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਸਨ, ਹੁਣ ਉਨ੍ਹਾਂ ਦਾ ਕੀ ਬਣੇਗਾ? ਅਜੇ ਤੱਕ ਸੀਟਾਂ ਦੀ ਵੰਡ, ਚੋਣ ਮੁੱਦਿਆਂ ਅਤੇ ਸਾਂਝੇ ਏਜੰਡੇ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਆਪਣੇ ਕਾਡਰ ਅਤੇ ਆਗੂਆਂ ਨੂੰ ਵੀ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਗਠਜੋੜ ਤੋਂ ਬਾਅਦ ਕੁਝ ਆਗੂ ਲੱਡੂ ਵੰਡ ਰਹੇ ਹਨ ਪਰ ਜਿਨ੍ਹਾਂ ਦੀਆਂ ਸੀਟਾਂ ਖੁੱਸਣਗੀਆਂ, ਉਨ੍ਹਾਂ ਦਾ ਕੀ ਬਣੇਗਾ?

ਅਕਾਲੀ ਦਲ ਆਪਣੇ ਪੁਰਾਣੇ ਮੁੱਦਿਆਂ ਦਾ ਜਵਾਬ ਦੇਵੇ
ਢਿੱਲੋਂ ਨੇ ਅਕਾਲੀ ਦਲ ਦੀ ਵਿਚਾਰਧਾਰਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਕ ਪਾਸੇ ਅਕਾਲੀ ਦਲ ਆਪਣੇ ਆਪ ਨੂੰ ਫੈਡਰਲਿਜ਼ਮ, ਸੂਬਿਆਂ ਦੀ ਵਧੇਰੇ ਖੁਦਮੁਖਤਿਆਰੀ ਅਤੇ ਪੰਜਾਬ ਦੇ ਹੱਕਾਂ ਦਾ ਪ੍ਰਤੀਕ ਦੱਸਦਾ ਰਿਹਾ ਹੈ, ਜਦਕਿ ਦੂਜੇ ਪਾਸੇ ਭਾਜਪਾ ਨਾਲ ਮੁੜ ਗਠਜੋੜ ਕਰ ਲਿਆ ਹੈ। 

ਉਨ੍ਹਾਂ ਸਵਾਲ ਕੀਤਾ ਕਿ ਅੱਜ ਅਕਾਲੀ ਦਲ ਦੇ ਪਾਣੀਆਂ, ਬੰਦੀ ਸਿੰਘਾਂ, ਐਸਜੀਪੀਸੀ ਦੇ ਕੰਟਰੋਲ, ਹਰਿਆਣਾ, ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਨਾਲ ਸਬੰਧਤ ਮੁੱਦੇ ਕਿੱਥੇ ਗਏ ਹਨ? ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਹਿਲਾਂ ਇਨ੍ਹਾਂ ਮੁੱਦਿਆਂ ’ਤੇ ਭਾਜਪਾ ਤੋਂ ਸਪੱਸ਼ਟ ਫ਼ੈਸਲੇ ਕਰਵਾਉਣੇ ਚਾਹੀਦੇ ਸਨ।

2007 ਤੋਂ 2017 ਤੱਕ ਦੇ ਰਾਜ ਬਾਰੇ ਵੀ ਚੁੱਕੇ ਸਵਾਲ
ਕਾਂਗਰਸੀ ਆਗੂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ 2007 ਤੋਂ 2017 ਤੱਕ ਪੰਜਾਬ ਵਿੱਚ ਸੱਤਾ ਵਿੱਚ ਰਹੇ। ਉਸ ਸਮੇਂ ਬੇਅਦਬੀ ਦੀਆਂ ਘਟਨਾਵਾਂ, ਨਸ਼ਿਆਂ ਅਤੇ ਗੈਂਗਸਟਰਵਾਦ ਵਰਗੇ ਮੁੱਦੇ ਸਾਹਮਣੇ ਆਏ। ਹੁਣ ਦੋਵੇਂ ਪਾਰਟੀਆਂ ਕਿਸ ਨਵੇਂ ਏਜੰਡੇ ਅਤੇ ਕਿਹੜੇ ਮੁੱਦਿਆਂ ਨਾਲ ਲੋਕਾਂ ਕੋਲ ਜਾਣਗੀਆਂ, ਇਸ ਦਾ ਜਵਾਬ ਦੇਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ’ਤੇ ਵੀ ਘੇਰਿਆ
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਬਾਰੇ ਬੋਲਦਿਆਂ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਈ ਵਾਰ ਪੰਜਾਬ ਆ ਚੁੱਕੇ ਹਨ, ਪਰ ਸੂਬੇ ਨੂੰ ਅੱਜ ਤੱਕ ਕੋਈ ਵਿਸ਼ੇਸ਼ ਪੈਕੇਜ ਜਾਂ ਵੱਡੀ ਉਦਯੋਗਿਕ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਸਰਹੱਦੀ ਖੇਤਰਾਂ, ਬੀਐੱਸਐੱਫ ਦੇ ਅਧਿਕਾਰ ਖੇਤਰ, ਉਦਯੋਗੀਕਰਨ, ਖੇਤੀਬਾੜੀ ਅਤੇ ਕਿਸਾਨਾਂ ਦੇ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਘੇਰਿਆ।

ਨਿੱਜੀ ਵਿਵਾਦ ਨੂੰ ਸਿਆਸੀ ਰੰਗ ਦੇਣ ਦਾ ਦੋਸ਼
ਵਿਵਾਦ ਬਾਰੇ ਸਫ਼ਾਈ ਦਿੰਦਿਆਂ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਮਾਮਲਾ ਦੋ ਵਿਅਕਤੀਆਂ ਵਿਚਾਲੇ ਹੋਈ ਗੱਲਬਾਤ ਦਾ ਸੀ, ਇਸ ਦਾ ਪਾਰਟੀ ਜਾਂ ਪੰਜਾਬ ਦੇ ਕਿਸੇ ਵੱਡੇ ਮੁੱਦੇ ਨਾਲ ਸਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕਾਂ ਨੇ ਜਾਣਬੁੱਝ ਕੇ ਇਸ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ। 

ਉਨ੍ਹਾਂ ਕਿਹਾ ਕਿ ਸਬੰਧਤ ਵਿਅਕਤੀ ਉਨ੍ਹਾਂ ਦੇ ਵੱਡੇ ਭਰਾ ਵਾਂਗ ਹਨ ਅਤੇ ਜੇਕਰ ਕਿਸੇ ਗੱਲ ਦਾ ਬੁਰਾ ਲੱਗਿਆ ਹੈ ਤਾਂ ਉਹ ਬੈਠ ਕੇ ਮਾਮਲਾ ਸੁਲਝਾਉਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਜਾਤੀ ਸੂਚਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਅਜਿਹੀ ਕੋਈ ਮਾਨਸਿਕਤਾ ਹੈ।

ਇਹ ਵੀ ਪੜ੍ਹੋ : Live: ਮੋਗਾ ਵਿੱਚ ਅੱਜ 'ਆਪ' ਦੀ ਖੁਸ਼ਹਾਲ ਪੰਜਾਬ ਮਹਾਂਰੈਲੀ; ਕੇਜਰੀਵਾਲ ਚੋਣ ਮੁਹਿੰਮ ਦਾ ਕਰਨਗੇ ਆਗਾਜ਼, ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ
 

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES