ਮਲੋਟ 'ਚ ਉਸਾਰੀ ਜਾ ਰਹੀ ਹੈਰੀਟੇਜ ਸਟ੍ਰੀਟ ਦੇ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਨਿਰੀਖਣ
Baljit Kaur Malout Visit News: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਹੈਰੀਟੇਜ ਸਟਰੀਟ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਨਿਰੀਖਣ ਕੀਤਾ ਗਿਆ।
Baljit Kaur Malout Visit News: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਹੈਰੀਟੇਜ ਸਟਰੀਟ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਟੂਰਿਜ਼ਮ ਵਿਭਾਗ ਵੱਲੋਂ ਪਹਿਲੇ ਪੜਾਅ ਤਹਿਤ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਤੇ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ।
ਨਿਰੀਖਣ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਹੈਰੀਟੇਜ ਸਟਰੀਟ ਦਾ ਕੰਮ ਚੱਲ ਰਿਹਾ ਹੈ, ਉੱਥੇ ਸੀਵਰੇਜ ਅਤੇ ਪਾਣੀ ਦੀ ਕਾਫੀ ਪੁਰਾਣੀ ਸਮੱਸਿਆ ਸੀ। ਇਸ ਕਾਰਨ ਹੈਰੀਟੇਜ ਸਟਰੀਟ ਦੇ ਨਾਲ-ਨਾਲ ਸੀਵਰੇਜ ਦਾ ਕੰਮ ਵੀ ਚਲਾਉਣਾ ਪਿਆ, ਜੋ ਕਿ ਹੁਣ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇੱਕੋ ਸਮੇਂ ਸਾਰਾ ਕੰਮ ਸ਼ੁਰੂ ਹੋਣ ਨਾਲ ਮੁਹੱਲਾ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਪਰ ਸੀਵਰੇਜ ਦੀਆਂ ਲਾਈਨਾਂ ਆਪਸ ਵਿੱਚ ਜੁੜੀਆਂ ਹੋਣ ਕਰਕੇ ਇਹ ਕੰਮ ਪਹਿਲਾਂ ਕਰਨਾ ਜ਼ਰੂਰੀ ਸੀ ਤਾਂ ਜੋ ਅਗਲੇ 20-25 ਸਾਲਾਂ ਤੱਕ ਲੋਕਾਂ ਨੂੰ ਦੁਬਾਰਾ ਗਲੀਆਂ ਪੱਟਣ ਦੀ ਸਮੱਸਿਆ ਨਾ ਆਵੇ।
ਗਲੀ ਵਿੱਚ ਰੰਗ-ਪੁਤਾਈ ਦੇ ਮਾੜੇ ਕੰਮ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਉਤੇ ਬੋਲਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਦੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ ਅਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਜਾਂ ਘਟੀਆ ਕੁਆਲਿਟੀ ਦਾ ਕੰਮ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਪਹਿਲੀ ਗਲੀ ਸੈਂਪਲ ਵਜੋਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਦੌਰਾਨ ਸਿਆਸੀ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਪਾਰਟੀ ਬਦਲਣ ਵਾਲੇ ਆਗੂਆਂ ਬਾਰੇ ਕਿਹਾ ਕਿ ਰਾਜਨੀਤੀ ਵਿੱਚ ਵਿਚਾਰਧਾਰਾ ਦੇ ਆਧਾਰ 'ਤੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਪਰ ਜਦੋਂ ਕੋਈ ਕਿਸੇ ਪਾਰਟੀ ਨਾਲ ਇਮਾਨਦਾਰੀ ਨਾਲ ਜੁੜਦਾ ਹੈ ਤਾਂ ਉਸ ਨੂੰ ਸਿਰਫ਼ ਨਿੱਜੀ ਸਵਾਰਥ ਨਹੀਂ ਦੇਖਣਾ ਚਾਹੀਦਾ ਸਗੋਂ ਸਬਰ ਵੀ ਰੱਖਣਾ ਪੈਂਦਾ ਹੈ। ਉੱਥੇ ਹੀ ਅਮਿਤ ਸ਼ਾਹ ਦੇ ਬਿਆਨ ਤੇ ਪੰਜਾਬ ਵਿੱਚ ਐਨਡੀਏ (NDA) ਦੀ ਸਾਂਝੀ ਸਰਕਾਰ ਬਣਾਉਣ ਦੀਆਂ ਚਰਚਾਵਾਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮਾਮਲਿਆਂ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਅਕਾਲੀ ਦਲ ਅਤੇ ਕਿਸਾਨਾਂ ਨਾਲ ਧੱਕਾ ਕਰਨ ਵਾਲੀ ਬੀਜੇਪੀ ਨੂੰ ਪੰਜਾਬ ਦੇ ਸਿਆਣੇ ਲੋਕ ਕਦੇ ਨਹੀਂ ਭੁੱਲ ਸਕਦੇ ਅਤੇ ਇਹ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣਗੇ।
"ਪਾਰਟੀ ਵਿੱਚ ਕੋਈ ਆ ਜਾਂਦਾ ਹੈ ਤੇ ਕੋਈ ਚਲਾ ਜਾਂਦਾ ਹੈ ਪਰ ਪਾਰਟੀ ਨਾਲ ਜੁੜੇ ਰਹਿਣ ਲਈ ਸਬਰ ਰੱਖਣਾ ਪੈਂਦਾ ਹੈ। ਜਿੱਥੋਂ ਤੱਕ ਗੱਠਜੋੜ ਦੀ ਗੱਲ ਹੈ, ਇੰਨੀਆਂ ਬੇਅਦਬੀਆਂ ਕਰਵਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਅਕਾਲੀ ਦਲ ਅਤੇ ਕਿਸਾਨਾਂ ਨਾਲ ਅਜਿਹਾ ਵਰਤਾਓ ਕਰਨ ਵਾਲੀ ਬੀਜੇਪੀ ਹੁਣ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣਗੇ, ਪੰਜਾਬ ਦੇ ਲੋਕ ਬਹੁਤ ਸਿਆਣੇ ਹਨ।"