ਧੀ ਦੇ ਜਨਮ ਦਿਨ ਲਈ ਸਾਮਾਨ ਖਰੀਦਣ ਗਏ ਪਿਓ ਨੂੰ ਮਾਰੀ ਗੋਲੀ
Ludhiana Firing News : ਸਿੱਧਵਾਂ ਬੇਟ ਦੇ ਪਿੰਡ ਅਕੂਵਾਲ ਵਿੱਚ ਗੋਲੀਬਾਰੀ ਦੀ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।
Ludhiana Firing News (ਹੇਮ ਰਾਜ ਬੱਬਰ): ਜਗਰਾਉਂ ਦੇ ਬਲਾਕ ਸਿੱਧਵਾਂ ਬੇਟ ਦੇ ਪਿੰਡ ਅਕੂਵਾਲ ਵਿੱਚ ਗੋਲੀਬਾਰੀ ਦੀ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਸ ਘਟਨਾ ਵਿੱਚ ਪਿੰਡ ਦੇ ਵਸਨੀਕ ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੁਰਦੀਪ ਸਿੰਘ ਦੇ ਬਿਆਨਾਂ ਅਨੁਸਾਰ ਉਹ ਆਪਣੀ ਧੀ ਦੇ ਜਨਮ ਦਿਨ ਲਈ ਲੋੜੀਂਦਾ ਸਾਮਾਨ ਖਰੀਦਣ ਜਾ ਰਿਹਾ ਸੀ।
ਇਸੇ ਦੌਰਾਨ ਕ੍ਰਿਸ਼ਨ ਸਿੰਘ ਤਲਵਾੜਾ ਆਪਣੇ ਅੱਠ ਤੋਂ ਦਸ ਸਾਥੀਆਂ ਸਮੇਤ ਉੱਥੇ ਪਹੁੰਚਿਆ ਅਤੇ ਉਸ ’ਤੇ ਗੋਲੀ ਚਲਾ ਦਿੱਤੀ। ਇਸ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀ ਲੱਗਣ ਕਾਰਨ ਗੁਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ। ਉਸ ਦੀ ਹਾਲਤ ਨੂੰ ਦੇਖਦਿਆਂ ਬਿਹਤਰ ਇਲਾਜ ਲਈ ਦਯਾਨੰਦ ਹਸਪਤਾਲ, ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰਾਂ ਨੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ। ਪੁਲਿਸ ਦੀ ਕਾਰਵਾਈ ’ਤੇ ਪਰਿਵਾਰ ਨੇ ਸਵਾਲ ਚੁੱਕੇ ਹਨ। ਜ਼ਖ਼ਮੀ ਦੇ ਪਰਿਵਾਰ ਨੇ ਸਿੱਧਵਾਂ ਬੇਟ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਗੁਰਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ ਅਤੇ ਉਹ ਲਗਭਗ ਦੋ ਘੰਟੇ ਹਸਪਤਾਲ ਵਿੱਚ ਰਿਹਾ ਪਰ ਇਸ ਦੌਰਾਨ ਪੁਲਿਸ ਵੱਲੋਂ ਉੱਥੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਫਿਲਹਾਲ ਇਸ ਮਾਮਲੇ ਵਿੱਚ ਗੁਰਦੀਪ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਪਰਿਵਾਰ ਵੱਲੋਂ ਪੁਲਿਸ ਦੀ ਕਾਰਵਾਈ ਬਾਰੇ ਉਠਾਏ ਸਵਾਲਾਂ ’ਤੇ ਪੁਲਿਸ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਣਾ ਚਾਹੀਦਾ ਹੈ; ਧਾਰਮਿਕ ਭਾਵਨਾ ਦੇ ਮਾਮਲੇ ਸਿਆਸਤ ਤੋਂ ਉੱਪਰ ਹੋਣੇ ਚਾਹੀਦੇ ਹਨ: ਮੁੱਖ ਮੰਤਰੀ ਭਗਵੰਤ ਮਾਨ