SOCIAL MEDIA

Newsletter

PARTNER SITES
भाषा चुनें राज्य चुनें

Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 7 ਨਵੰਬਰ 2026

Ajj da Hukamnama Sri Darbar Sahib: ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥

Written By Ravinder Singh
Published: Nov 07, 2026, 07:56 AM IST | Updated: Nov 07, 2026, 07:58 AM IST
Join

Ajj da Hukamnama Sri Darbar Sahib: ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥ ਗੁਰਮੁਖਿ ਨਿਜ ਘਰਿ ਵਾਸਾ ਹੋਇ ॥ ਗੁਰਮੁਖਿ ਜੋਗੀ ਜੁਗਤਿ ਪਛਾਣੈ ॥ ਗੁਰਮੁਖਿ ਨਾਨਕ ਏਕੋ ਜਾਣੈ ॥੬੯॥ ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥ ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥ ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥ ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥ 

ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥ ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥ ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥ ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰਮੁਖਿ ਦਰਗਹ ਨ ਆਵੈ ਹਾਰਿ ॥ ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥ ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥

 ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥ ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥ ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥ ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥ ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥ ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥

ਅਰਥ: ਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ, ਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। ਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ। ਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ। ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ। 69। 

ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ, ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ। ਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ, ਮਨੁੱਖ ਬੜਾ ਕਸ਼ਟ ਉਠਾਂਦਾ ਹੈ। ਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ। ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ। 70। ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ, ਉਸ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ, ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ, ਉਹ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ) । 

ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ। 71। ਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ। ਜੋ 'ਨਾਮ' ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ। 'ਨਾਮ' ਤੋਂ ਹੀ ਸੁਖ ਮਿਲਦਾ ਹੈ; 'ਨਾਮ' ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, 'ਨਾਮ' ਤੋਂ ਹੀ ਸਾਰੀ ਸੂਝ ਪੈਂਦੀ ਹੈ। ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ। 

ਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ 'ਨਾਮ' ਮਿਲਦਾ ਹੈ ('ਨਾਮ' ਮਿਲਿਆਂ ਹੀ) ਜੋਗ ਦੀ ਸੁਰਤਿ ਸਿਰੇ ਚੜ੍ਹਦੀ ਹੈ। ਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, 'ਨਾਮ' ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ) । 72। ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈ। ਕੋਈ ਹੋਰ ਕੀਹ ਕਹਿ ਕੇ ਦੱਸ ਸਕਦਾ ਹੈ? ਤੂੰ ਆਪ ਹੀ ਲੁਕਿਆ ਹੋਇਆ ਹੈਂ ਤੂੰ ਆਪ ਹੀ ਪਰਗਟ ਹੈਂ (ਭਾਵ, ਸੂਖਮ ਤੇ ਅਸਥੂਲ ਤੂੰ ਆਪ ਹੀ ਹੈਂ) , ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈਂ।

 ਸਾਧਨ ਕਰਨ ਵਾਲੇ ਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿਚ ਤੈਨੂੰ ਖੋਜਦੇ ਫਿਰਦੇ ਹਨ, ਤੈਥੋਂ ਤੇਰਾ 'ਨਾਮ' ਮੰਗਦੇ ਹਨ, ਤੈਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ। ਹੇ ਨਾਨਕ! ਅਬਿਨਾਸੀ ਪ੍ਰਭੂ ਨੇ (ਇਹ ਜਗਤ ਦੀ) ਖੇਡ ਰਚੀ ਹੈ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ। ਸਾਰੇ ਹੀ ਜੁਗਾਂ ਵਿਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ (ਉਸ ਵਰਗਾ) ਨਹੀਂ। 73।1।

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES