ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ; ਖੰਡ 3 ਰੁਪਏ ਹੋਈ ਮਹਿੰਗੀ
Sugar Price Hike News: ਤਿਉਹਾਰੀ ਸੀਜ਼ਨ ਤੋਂ ਐਨ ਪਹਿਲਾਂ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ।
Sugar Price Hike News(ਵਰੁਣ ਕੌਸ਼ਲ): ਦੀਵਾਲੀ ਦੇ ਤਿਉਹਾਰ ਤੋਂ ਐਨ ਪਹਿਲਾਂ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮਿਠਾਸ ਦੇ ਇਸ ਤਿਉਹਾਰ ਮੌਕੇ ਰਸੋਈ ਦੀ ਖੰਡ ਹੋਰ ਕੌੜੀ ਹੋ ਗਈ ਹੈ। ਪਿਛਲੇ ਮਹਿਜ਼ ਤਿੰਨ ਦਿਨਾਂ ਦੇ ਅੰਦਰ ਚੀਨੀ ਦੇ ਭਾਅ ਵਿੱਚ 3 ਤੋਂ 4 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਦਰਜ ਕੀਤਾ ਗਿਆ ਹੈ।
ਪਿਛਲੇ ਵਾਰਾਂ ਦਿਨਾਂ ਵਿੱਚ ਮੁੜ ਚੀਨੀ ਦੇ ਭਾਅ ਵਿੱਚ 10 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ। ਸਿਰਫ਼ ਖੰਡ ਹੀ ਨਹੀਂ, ਸਗੋਂ ਖਾਣ ਵਾਲੇ ਤੇਲ ਅਤੇ ਰੋਜ਼ਾਨਾ ਵਰਤੋਂ ਵਾਲੇ ਕਰਿਆਨੇ ਦੇ ਸਾਮਾਨ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਵਧਦੀ ਮਹਿੰਗਾਈ ਨੇ ਮੱਧ ਵਰਗ ਅਤੇ ਗ਼ਰੀਬ ਪਰਿਵਾਰਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਮਹਿੰਗਾਈ ਨੇ ਇੱਕ ਵਾਰ ਫਿਰ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਤਿੰਨ ਦਿਨਾਂ ਤੋਂ ਚੀਨੀ ਦੇ ਭਾਅ ਵਿੱਚ ਮੁੜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਵਪਾਰੀਆਂ ਮੁਤਾਬਕ ਚੀਨੀ ਦੇ ਭਾਅ ਵਿੱਚ 300 ਤੋਂ 400 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਧਾ ਹੋ ਚੁੱਕਾ ਹੈ। ਪਿਛਲੇ ਦਿਨਾਂ ਦੌਰਾਨ ਲਗਭਗ 49 ਤੋਂ 50 ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਚੀਨੀ ਦੇ ਭਾਅ ਵਿੱਚ ਮੁੜ ਕਰੀਬ 8 ਤੋਂ 10 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕਾਰਨ ਆਮ ਪਰਿਵਾਰਾਂ ਦੇ ਰਸੋਈ ਬਜਟ ’ਤੇ ਮੁੜ ਬੋਝ ਵਧਣ ਲੱਗਾ ਹੈ। ਹੁਣ ਮਾਰਕੀਟ ਵਿੱਚ ਚੀਨੀ ਦਾ ਭਾਅ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋ ਗਿਆ ਹੈ।
ਚੀਨੀ ਤੋਂ ਇਲਾਵਾ ਸਰੋਂ ਦੇ ਤੇਲ, ਸ਼ੱਕਰ, ਦਾਲਾਂ, ਬਦਾਮ ਗਿਰੀ ਅਤੇ ਹੋਰ ਕਰਿਆਨੇ ਦੇ ਸਾਮਾਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋਣ ਨਾਲ ਘਰੇਲੂ ਬਜਟ ਵਿਗੜ ਰਿਹਾ ਹੈ। ਉੱਥੇ ਹੀ ਰਸੋਈ ਗੈਸ ਦੇ ਖਰਚੇ ਨੂੰ ਲੈ ਕੇ ਵੀ ਪਰਿਵਾਰਾਂ ਨੂੰ ਆਪਣੇ ਬਜਟ ਦਾ ਹਿਸਾਬ ਲਗਾਉਣਾ ਪੈ ਰਿਹਾ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਚੀਨੀ ਦੇ ਭਾਅ ਵਿੱਚ ਹੋਏ ਵਾਧੇ ਨੂੰ ਲੈ ਕੇ ਮੀਡੀਆ ਵੱਲੋਂ ਲਗਾਤਾਰ ਖ਼ਬਰਾਂ ਨਸ਼ਰ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਚੀਨੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ। ਪਰ ਹੁਣ ਜਦੋਂ ਇਸ ਮੁੱਦੇ ’ਤੇ ਖ਼ਬਰਾਂ ਘੱਟ ਹੋ ਗਈਆਂ ਹਨ ਤਾਂ ਚੀਨੀ ਦੇ ਭਾਅ ਮੁੜ ਵਧਣ ਲੱਗ ਪਏ ਹਨ। ਵਪਾਰੀਆਂ ਦਾ ਮੰਨਣਾ ਹੈ ਕਿ ਮਹਿੰਗਾਈ ਦੇ ਇਸ ਮੁੱਦੇ ’ਤੇ ਲਗਾਤਾਰ ਨਜ਼ਰ ਰੱਖਣ ਅਤੇ ਸਬੰਧਤ ਵਿਭਾਗਾਂ ਵੱਲੋਂ ਜਾਂਚ ਕਰਨ ਦੀ ਲੋੜ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਇੱਕ ਪਾਸੇ ਸਾਮਾਨ ਖਰੀਦਣ ਦੇ ਰੇਟ ਲਗਾਤਾਰ ਬਦਲ ਰਹੇ ਹਨ, ਜਦਕਿ ਦੂਜੇ ਪਾਸੇ ਗਾਹਕ ਪਹਿਲਾਂ ਵਾਲੇ ਭਾਅ ’ਤੇ ਸਾਮਾਨ ਲੈਣ ਦੀ ਉਮੀਦ ਕਰਦੇ ਹਨ। ਅਜਿਹੇ ਹਾਲਾਤ ਵਿੱਚ ਦੁਕਾਨਦਾਰਾਂ ਲਈ ਸਾਮਾਨ ਵੇਚਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਦੁਕਾਨਦਾਰਾਂ ਦਾ ਮੁਨਾਫ਼ਾ ਪਹਿਲਾਂ ਵਾਂਗ ਹੀ ਹੈ, ਪਰ ਖਰੀਦ ਕੀਮਤਾਂ ਵਧਣ ਕਾਰਨ ਵਪਾਰ ਕਰਨਾ ਔਖਾ ਹੋ ਰਿਹਾ।