ਪਰਵਿੰਦਰ ਸਿੰਘ ਝੋਟਾ ਮਾਨਸਾ ਵਿੱਚ ਹੋਇਆ ਅੰਤਿਮ ਸਸਕਾਰ; ਸੈਂਕੜੇ ਅੱਖਾਂ ਹੋਈਆਂ ਨਮ
Parvinder Singh Jhota Cremation: ਮਾਨਸਾ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ਅੱਜ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਈ ਦਿੱਤੀ ਗਈ।
Parvinder Singh Jhota Cremation: ਮਾਨਸਾ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ਅੱਜ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਈ ਦਿੱਤੀ ਗਈ। 26 ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਦੀਵਾਲੀ ਵਾਲੇ ਦਿਨ ਪਰਵਿੰਦਰ ਸਿੰਘ ਝੋਟਾ ਦਾ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਮਾਨਸਾ ਵਿੱਚ ਚਕੇਰੀਆਂ ਰੋਡ ਸਥਿਤ ਉਨ੍ਹਾਂ ਦੇ ਜੱਦੀ ਖੇਤਾਂ ਵਿੱਚ ਕੀਤਾ ਗਿਆ। ਪਰਵਿੰਦਰ ਸਿੰਘ ਝੋਟਾ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਤੇ ਪਿਤਾ ਵੱਲੋਂ ਮੁੱਖ ਅਗਨੀ ਦਿੱਤੀ ਗਈ। ਇਸ ਦੌਰਾਨ ਦੋਵਾਂ ਪੁੱਤਰਾਂ ਨੇ 'ਪਰਵਿੰਦਰ ਝੋਟਾ ਅਮਰ ਰਹੇ' ਦੇ ਨਾਅਰੇ ਲਗਾਏ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦਾ ਪੀਜੀਆਈ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਸੀ। ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸਵੇਰੇ ਫੁੱਲਾਂ ਨਾਲ ਸਜਾਈ ਵਿਸ਼ੇਸ਼ ਐਂਬੂਲੈਂਸ ਰਾਹੀਂ ਉਨ੍ਹਾਂ ਦੀ ਮ੍ਰਿਤਕ ਦੇਹ ਮਾਨਸਾ ਲਿਆਂਦੀ ਗਈ। ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਉਣ ਦੇ ਨਾਲ-ਨਾਲ ਉਸ ਉੱਤੇ ਪਰਵਿੰਦਰ ਸਿੰਘ ਝੋਟਾ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ। ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ।
ਮਾਨਸਾ ਪਹੁੰਚਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਧਰਨੇ ਵਾਲੀ ਥਾਂ ਤੋਂ ਹੁੰਦੇ ਹੋਏ ਉਨ੍ਹਾਂ ਦੇ ਜੱਦੀ ਘਰ ਲਿਜਾਇਆ ਗਿਆ। ਇੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਰੱਖ ਕੇ ਸ਼ਹਿਰ ਵਿੱਚੋਂ ਅੰਤਿਮ ਯਾਤਰਾ ਕੱਢੀ ਗਈ।
ਇਸ ਦੁਖਦਾਈ ਮੌਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਵਿੰਦਰ ਸਿੰਘ ਝੋਟਾ ਦੀ ਪਤਨੀ ਅਤੇ ਬੱਚੇ ਆਪਣੇ ਪਿਆਰੇ ਨੂੰ ਅੰਤਿਮ ਵਿਦਾਈ ਦਿੰਦਿਆਂ ਭਾਵੁਕ ਹੋ ਗਏ। ਬੱਚਿਆਂ ਨੇ ਵੀ ਜੈਕਾਰੇ ਲਗਾਉਂਦਿਆਂ 'ਪਰਵਿੰਦਰ ਸਿੰਘ ਝੋਟਾ ਅਮਰ ਰਹੇ' ਦੇ ਨਾਅਰੇ ਲਗਾਏ।
ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਮਰਥਕਾਂ ਨੇ ਵੀ 'ਪਰਵਿੰਦਰ ਸਿੰਘ ਝੋਟਾ ਅਮਰ ਰਹੇ' ਦੇ ਨਾਅਰੇ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਹੋਇਆ ਇਹ ਅੰਤਿਮ ਸਸਕਾਰ ਮਾਨਸਾ ਦੇ ਲੋਕਾਂ ਲਈ ਬੇਹੱਦ ਭਾਵੁਕ ਪਲ ਬਣ ਗਿਆ।
ਇਸ ਦੌਰਾਨ, ਝੋਠਾ ਦੇ ਪਿਤਾ ਭੀਮ ਸਿੰਘ ਆਪਣੀ ਭੁੱਖ ਹੜਤਾਲ ਜਾਰੀ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਐਸਐਸਪੀ ਵੈਭਵ ਚੌਧਰੀ ਦਾ ਤਬਾਦਲਾ ਨਹੀਂ ਹੋ ਜਾਂਦਾ। ਉਨ੍ਹਾਂ ਨੇ 5 ਤਰੀਕ ਤੋਂ ਕੁਝ ਨਹੀਂ ਖਾਧਾ ਹੈ ਅਤੇ ਸਿਰਫ਼ ਪਾਣੀ ਪੀ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿੱਚ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ 'ਤੇ ਵੱਡੀ ਕਾਰਵਾਈ, 2 ਪਿਸਤੌਲ ਅਤੇ ਲਗਭਗ 2 ਕਿਲੋ ਹੈਰੋਇਨ ਬਰਾਮਦ, ਦੋ ਗ੍ਰਿਫ਼ਤਾਰ