ਮਿਲਟਰੀ ਇੰਟੈਲੀਜੈਂਸ ਦੇ ਇਨਪੁੱਟ ’ਤੇ ਪੁਲਿਸ ਦੀ ਵੱਡੀ ਕਾਰਵਾਈ; 11 ਕਿਲੋ 660 ਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ
Fatehgarh Sahib News: ਪੰਜਾਬ ਵਿੱਚ ਮਿਲਟਰੀ ਇੰਟੈਲੀਜੈਂਸ ਤੋਂ ਮਿਲੇ ਇਨਪੁੱਟ ਦੇ ਆਧਾਰ ’ਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਖੇਤਾਂ ਵਿਚਕਾਰ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ।
Fatehgarh Sahib News: ਪੰਜਾਬ ਵਿੱਚ ਮਿਲਟਰੀ ਇੰਟੈਲੀਜੈਂਸ ਤੋਂ ਮਿਲੇ ਇਨਪੁੱਟ ਦੇ ਆਧਾਰ ’ਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਖੇਤਾਂ ਵਿਚਕਾਰ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਮਿਲਟਰੀ ਇੰਟੈਲੀਜੈਂਸ ਲੁਧਿਆਣਾ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਥਾਣਾ ਅਮਲੋਹ ਦੇ ਅਧੀਨ ਪੈਂਦੇ ਪਿੰਡ ਸ਼ਾਹਪੁਰ ਵਿੱਚ ਛਾਪੇਮਾਰੀ ਕੀਤੀ।
ਪੁਲਿਸ ਅਨੁਸਾਰ, ਇੱਥੇ ਖੇਤਾਂ ਵਿੱਚ ਸ਼ੈਲਰ ਦੇ ਨੇੜੇ ਬਣੇ ਕਿਰਾਏ ਦੇ ਗੋਦਾਮ ਵਿੱਚ ਬਿਨਾਂ ਲਾਇਸੈਂਸ ਪਟਾਕੇ ਤਿਆਰ ਕੀਤੇ ਜਾ ਰਹੇ ਸਨ। ਪੁਲਿਸ ਨੇ ਮੌਕੇ ਤੋਂ ਵੱਡੀ ਮਾਤਰਾ ਵਿੱਚ ਪਟਾਕੇ ਅਤੇ ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਕੁੱਲ 11 ਕਿਲੋ 660 ਗ੍ਰਾਮ ਵਿਸਫੋਟਕ ਸਮੱਗਰੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 26 ਅਕਤੂਬਰ 2026 ਨੂੰ ਸ਼ਾਮ ਕਰੀਬ 6 ਵਜੇ ਮਿਲਟਰੀ ਇੰਟੈਲੀਜੈਂਸ ਲੁਧਿਆਣਾ ਦੀ ਟੀਮ ਤੋਂ ਸੂਚਨਾ ਮਿਲੀ ਸੀ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸ਼ਾਹਪੁਰ ਇਲਾਕੇ ਵਿੱਚ ਪੈਂਦੇ ਪਿੰਡ ਬਸੀ ਕਲਾਂ ਦਾ ਰਹਿਣ ਵਾਲਾ ਫੈਜ਼ਾਨ ਖਾਨ, ਪਿੰਡ ਸ਼ਾਹਪੁਰ ਵਿੱਚ ਖੇਤਾਂ ਵਿੱਚ ਬਣਿਆ ਗੋਦਾਮ ਕਿਰਾਏ ’ਤੇ ਲੈ ਕੇ ਪਟਾਕੇ ਤਿਆਰ ਕਰ ਰਿਹਾ ਹੈ।
ਸੂਚਨਾ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਪਟਾਕੇ ਬਣਾਉਣ ਲਈ ਬਾਰੂਦ ਅਤੇ ਹੋਰ ਸਮੱਗਰੀ ਗੋਦਾਮ ਵਿੱਚ ਰੱਖੀ ਗਈ ਸੀ ਅਤੇ ਤਿਆਰ ਪਟਾਕਿਆਂ ਦੀ ਅੱਗੇ ਸਪਲਾਈ ਕੀਤੀ ਜਾਣੀ ਸੀ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਅਮਲੋਹ ਦੀ ਪੁਲਿਸ ਨੇ ਛਾਪੇਮਾਰੀ ਕੀਤੀ।
ਪੁਲਿਸ ਅਨੁਸਾਰ, ਮੁਲਜ਼ਮ ਕੋਲ ਪਟਾਕੇ ਤਿਆਰ ਕਰਨ ਲਈ ਕੋਈ ਵੀ ਲਾਇਸੈਂਸ ਜਾਂ ਪਰਮਿਟ ਨਹੀਂ ਸੀ। ਇਸ ਮਾਮਲੇ ਵਿੱਚ ਮੁਲਜ਼ਮ ਫੈਜ਼ਾਨ ਖਾਨ ਖ਼ਿਲਾਫ਼ ਐਕਸਪਲੋਸਿਵ ਐਕਟ, 1884 ਦੀਆਂ ਧਾਰਾਵਾਂ 9ਬੀ(1)(ਏ) ਅਤੇ 9ਬੀ(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਓਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ।
ਸੁਰੱਖਿਆ ਏਜੰਸੀਆਂ ਜਾਂਚ ਵਿੱਚ ਜੁਟੀਆਂ
ਖੇਤਾਂ ਵਿਚਕਾਰ ਬਣੇ ਗੋਦਾਮ ਵਿੱਚ ਪਟਾਕੇ ਤਿਆਰ ਕਰਨ ਅਤੇ ਉਨ੍ਹਾਂ ਦੀ ਅੱਗੇ ਸਪਲਾਈ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੇ ਪਿਛੋਕੜ, ਪਟਾਕੇ ਬਣਾਉਣ ਲਈ ਵਰਤੀ ਜਾ ਰਹੀ ਸਮੱਗਰੀ ਦੇ ਸਰੋਤ, ਤਿਆਰ ਪਟਾਕਿਆਂ ਦੀ ਸਪਲਾਈ ਅਤੇ ਇਸ ਨਾਲ ਜੁੜੇ ਸੰਭਾਵਿਤ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰਨਾ ਜਾਂਚ ਦਾ ਅਹਿਮ ਹਿੱਸਾ ਹੋਵੇਗਾ।
ਇਸ ਮਾਮਲੇ ਵਿੱਚ ਪੁਲਿਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਉਪਲਬਧ ਤੱਥਾਂ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾ ਰਹੀਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਮੁਲਜ਼ਮ ਕਦੋਂ ਤੋਂ ਇਹ ਕੰਮ ਕਰ ਰਿਹਾ ਸੀ ਅਤੇ ਤਿਆਰ ਪਟਾਕਿਆਂ ਦੀ ਸਪਲਾਈ ਕਿਹੜੀਆਂ-ਕਿਹੜੀਆਂ ਥਾਵਾਂ ’ਤੇ ਕੀਤੀ ਜਾਣੀ ਸੀ।