ਸ਼ਹੀਦ ਲਾਂਸ ਨਾਇਕ ਪ੍ਰਤਾਪ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਆਖਰੀ ਵਿਦਾਈ
Ajnala News: ਅਜਨਾਲਾ ਦੇ ਸਰਹੱਦੀ ਪਿੰਡ ਰੂੜੇਵਾਲ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ, ਜਦੋਂ ਦੇਸ਼ ਦੀ ਸੇਵਾ ਕਰਦਿਆਂ ਜਾਨ ਗੁਆਉਣ ਵਾਲੇ ਲਾਂਸ ਨਾਇਕ ਪ੍ਰਤਾਪ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਆਖਰੀ ਵਿਦਾਈ ਦਿੱਤੀ ਗਈ।
Ajnala News: ਅਜਨਾਲਾ ਦੇ ਸਰਹੱਦੀ ਪਿੰਡ ਰੂੜੇਵਾਲ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ, ਜਦੋਂ ਦੇਸ਼ ਦੀ ਸੇਵਾ ਕਰਦਿਆਂ ਜਾਨ ਗੁਆਉਣ ਵਾਲੇ ਲਾਂਸ ਨਾਇਕ ਪ੍ਰਤਾਪ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਆਖਰੀ ਵਿਦਾਈ ਦਿੱਤੀ ਗਈ।
ਮੱਧ ਪ੍ਰਦੇਸ਼ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਜਿਉਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਹਰ ਅੱਖ ਨਮ ਹੋ ਗਈ। ਸ਼ਹੀਦ ਪ੍ਰਤਾਪ ਸਿੰਘ ਦੀ ਅੰਤਿਮ ਵਿਦਾਈ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਿਆਸੀ ਆਗੂਆਂ, ਸਮਾਜ ਸੇਵੀਆਂ ਅਤੇ ਪਿੰਡ ਵਾਸੀਆਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਕਾਂਗਰਸ ਆਗੂ ਸੁਖਜਿੰਦਰ ਸਿੰਘ ਸੁੱਖ ਔਜਲਾ,ਕੰਵਰਪ੍ਰਤਾਪ ਸਿੰਘ ਅਜਨਾਲਾ ਅਤੇ ਸਾਰੇ ਪਿੰਡ ਦੇ ਨਾਇਬ ਤਹਿਸੀਲਦਾਰ ਕਾਰਜ ਸਿੰਘ ਔਲਖ ਸਮੇਤ ਹੋਰ ਨਾ ਸ਼ਖਸੀਤਾਂ ਵੱਲੋਂ ਪ੍ਰਤਾਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੇਸ਼ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਪ੍ਰਤਾਪ ਸਿੰਘ ਆਪਣੇ ਪਿੱਛੇ ਤਿੰਨ ਛੋਟੇ ਬੱਚਿਆਂ ਅਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਦੇ ਲੋਕਾਂ ਲਈ ਵੀ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾਂਦਾ ਹੈ ਕਿ ਪ੍ਰਤਾਪ ਸਿੰਘ ਆਪਣੀ 18 ਸਿੱਖਲੀ ਰੈਜਮੈਂਟ ਵਿੱਚ ਵਾਲੀਬਾਲ ਦੇ ਖਿਡਾਰੀ ਵੀ ਰਹੇ ਸਨ।
ਸਰਕਾਰ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਦਾ ਭਰੋਸਾ
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਨਿਯਮਾਂ ਅਨੁਸਾਰ ਬਣਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ।
ਇਸ ਦੌਰਾਨ ਸੁਖਜਿੰਦਰ ਸਿੰਘ ਸੁੱਖ ਔਜਲਾ, ਜੋਧ ਸਿੰਘ ਸਮਰਾ ਅਤੇ ਕਵਰਪ੍ਰਤਾਪ ਸਿੰਘ ਅਜਨਾਲਾ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ, ਤਾਂ ਜੋ ਉਨ੍ਹਾਂ ਦੇ ਤਿੰਨ ਨਿੱਕੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਮਿਲ ਸਕੇ।
ਬੱਚਿਆਂ ਦੇ ਭਵਿੱਖ ਲਈ ਸਰਕਾਰੀ ਨੌਕਰੀ ਦੀ ਮੰਗ
ਸ਼ਹੀਦ ਦੇ ਪਿਤਾ ਵੀਰ ਸਿੰਘ ਅਤੇ ਪਤਨੀ ਦਰਸ਼ੋ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਜਾਵੇ।