SOCIAL MEDIA

Newsletter

PARTNER SITES
भाषा चुनें राज्य चुनें

ਮੋਹਨਜੀਤ ਸਿੰਘ ਮਾਮਲੇ ’ਚ ਐਨਸੀਐਮ ਸਖ਼ਤ; ਪੰਜਾਬ ਦੇ DGP ਨੂੰ 14 ਅਕਤੂਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ

Mohanjit Singh Case: ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨਾਲ ਪੁਲਿਸ ਹਿਰਾਸਤ ਦੌਰਾਨ ਕਥਿਤ ਕੁੱਟਮਾਰ, ਮਾਨਸਿਕ ਤਸ਼ੱਦਦ ਅਤੇ ਸਿੱਖ ਧਾਰਮਿਕ ਮਰਿਆਦਾ ਨਾਲ ਛੇੜਛਾੜ ਦੇ ਮਾਮਲੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਮਾਈਨਾਰਿਟੀਜ਼ (NCM) ਨੇ ਸਖ਼ਤ ਰੁਖ਼ ਅਪਣਾਇਆ ਹੈ।

Written By Ravinder Singh
Published: Oct 09, 2026, 06:52 PM IST | Updated: Oct 09, 2026, 06:55 PM IST
Join

Mohanjit Singh Case: ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨਾਲ ਪੁਲਿਸ ਹਿਰਾਸਤ ਦੌਰਾਨ ਕਥਿਤ ਕੁੱਟਮਾਰ, ਮਾਨਸਿਕ ਤਸ਼ੱਦਦ ਅਤੇ ਸਿੱਖ ਧਾਰਮਿਕ ਮਰਿਆਦਾ ਨਾਲ ਛੇੜਛਾੜ ਦੇ ਮਾਮਲੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਮਾਈਨਾਰਿਟੀਜ਼ (NCM) ਨੇ ਸਖ਼ਤ ਰੁਖ਼ ਅਪਣਾਇਆ ਹੈ। ਕਮਿਸ਼ਨ ਵੱਲੋਂ ਇਸ ਮਾਮਲੇ ਦੀ ਵਿਸ਼ੇਸ਼ ਸੁਣਵਾਈ ਲਈ 14 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਦਿੱਲੀ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ਿਕਾਇਤਕਰਤਾ ਪੱਖ ਮੁਤਾਬਕ, ਕਮਿਸ਼ਨ ਪੰਜਾਬ ਪੁਲਿਸ ਵੱਲੋਂ ਭੇਜੀ ਗਈ ਕਾਰਵਾਈ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ।

ਇਹ ਮਾਮਲਾ 2 ਸਤੰਬਰ ਦਾ ਹੈ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸ਼ੇਰੋਂ ਦੌਰੇ ਦੌਰਾਨ ਮੋਹਨਜੀਤ ਸਿੰਘ ਵੱਲੋਂ ਕਥਿਤ ਤੌਰ ’ਤੇ ਛੱਤ ’ਤੇ ਚੜ੍ਹ ਕੇ ਕਾਲਾ ਕੱਪੜਾ ਦਿਖਾਉਂਦਿਆਂ ਵਿਰੋਧ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਗਈ ਸੀ। ਮੋਹਨਜੀਤ ਸਿੰਘ ਨੇ ਦੋਸ਼ ਲਗਾਇਆ ਸੀ ਕਿ ਹਿਰਾਸਤ ਦੌਰਾਨ ਉਸ ਨਾਲ ਕੁੱਟਮਾਰ ਅਤੇ ਅਣਮਨੁੱਖੀ ਵਿਹਾਰ ਕੀਤਾ ਗਿਆ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੇ ਕਕਾਰ ਉਤਾਰੇ ਗਏ, ਸ੍ਰੀ ਸਾਹਿਬ ਨਾਲ ਛੇੜਛਾੜ ਕੀਤੀ ਗਈ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਉਸ ਵੱਲੋਂ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ।

ਮੋਹਨਜੀਤ ਸਿੰਘ ਦੇ ਵਕੀਲ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਪੰਜਾਬ ਪੁਲਿਸ ਦੀ ਜਾਂਚ ਤੋਂ ਇਨਸਾਫ਼ ਮਿਲਣ ਦੀ ਉਮੀਦ ਨਹੀਂ ਸੀ। ਉਨ੍ਹਾਂ ਮੁਤਾਬਕ, ਪੁਲਿਸ ਵੱਲੋਂ ਤਿਆਰ ਕੀਤੀ ਗਈ ਐਕਸ਼ਨ ਟੇਕਨ ਰਿਪੋਰਟ ਵਿੱਚ ਦਰਜ ਤੱਥਾਂ ਨੂੰ ਸ਼ਿਕਾਇਤਕਰਤਾ ਪੱਖ ਨੇ ਗ਼ਲਤ ਅਤੇ ਮਨਘੜਤ ਦੱਸਦਿਆਂ ਲਿਖਤੀ ਰੂਪ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਕਥਿਤ ਗ਼ੈਰ-ਕਾਨੂੰਨੀ ਹਿਰਾਸਤ ਦੇ ਨਾਲ-ਨਾਲ ਹਿਰਾਸਤ ਦੌਰਾਨ ਹੋਏ ਤਸ਼ੱਦਦ ਦੇ ਦੋਸ਼ਾਂ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਐਡਵੋਕੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ 14 ਅਕਤੂਬਰ ਨੂੰ ਕਮਿਸ਼ਨ ਸਾਹਮਣੇ ਪੁਲਿਸ ਦੀ ਰਿਪੋਰਟ ਸਬੰਧੀ ਇਤਰਾਜ਼ ਅਤੇ ਆਪਣਾ ਪੱਖ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਅਦਾਲਤੀ ਸੁਣਵਾਈ 15 ਅਕਤੂਬਰ ਨੂੰ ਤੈਅ ਹੈ। ਵਕੀਲ ਨੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ’ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਗਾਇਆ ਕਿ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਪਰਿਵਾਰ ਨੂੰ ਕਮਿਸ਼ਨ ਅਤੇ ਅਦਾਲਤ ਤੋਂ ਇਨਸਾਫ਼ ਦੀ ਆਸ ਹੈ।

ਦੂਜੇ ਪਾਸੇ ਮੋਹਨਜੀਤ ਸਿੰਘ ਨੇ ਕਮਿਸ਼ਨ ਵੱਲੋਂ ਡੀਜੀਪੀ ਨੂੰ ਤਲਬ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਉਸ ਨੇ ਕਿਹਾ ਕਿ 2 ਸਤੰਬਰ ਦੀ ਰਾਤ ਨੂੰ ਉਸ ਨਾਲ ਜੋ ਕੁਝ ਹੋਇਆ, ਉਸ ਨੂੰ ਯਾਦ ਕਰਕੇ ਅੱਜ ਵੀ ਮਾਨਸਿਕ ਪੀੜਾ ਹੁੰਦੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਤੋਂ ਉਸ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਉਸ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੈ। ਮੋਹਨਜੀਤ ਸਿੰਘ ਨੇ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੇਗਾ।

ਪੁਲਿਸ ਦੀ ਰਿਪੋਰਟ ਵਿੱਚ ਮੈਡੀਕਲ ਜਾਂਚ ਦੌਰਾਨ ਮੋਰਫਿਨ ਪਾਜ਼ਿਟਿਵ ਆਉਣ ਦਾ ਜ਼ਿਕਰ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ, ਜਿਸ ’ਤੇ ਸ਼ਿਕਾਇਤਕਰਤਾ ਪੱਖ ਨੇ ਅਸੰਤੁਸ਼ਟੀ ਜਤਾਈ ਹੈ। ਹੁਣ 14 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਪੰਜਾਬ ਪੁਲਿਸ ਦੇ ਪੱਖ ਅਤੇ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਤੱਥ ਅਹਿਮ ਰਹਿਣਗੇ। ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਬਾਰੇ ਅੰਤਿਮ ਨਤੀਜਾ ਜਾਂਚ ਅਤੇ ਸਬੰਧਤ ਅਧਿਕਾਰੀਆਂ ਦੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES