ਖਾਲਸਾਈ ਜਾਹੋ-ਜਲਾਲ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਸਜਿਆ ਨਿਹੰਗ ਸਿੰਘਾਂ ਦਾ ਵਿਸ਼ਾਲ ਮਹੱਲਾ
Sultanpur Lodhi News: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘ ਦਲਾਂ ਵੱਲੋਂ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਵਿਸ਼ਾਲ ਮਹੱਲਾ ਸਜਾਇਆ ਗਿਆ।
Sultanpur Lodhi News: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘ ਦਲਾਂ ਵੱਲੋਂ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਵਿਸ਼ਾਲ ਮਹੱਲਾ ਸਜਾਇਆ ਗਿਆ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਕੱਢੇ ਗਏ ਇਸ ਮਹੱਲੇ ਨੇ ਸਮੁੱਚੀ ਇਤਿਹਾਸਕ ਨਗਰੀ ਨੂੰ ਖਾਲਸਾਈ ਰੰਗ ਵਿੱਚ ਰੰਗ ਦਿੱਤਾ।
ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀਆਂ ਅਤੇ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਸ਼ਸਤਰਾਂ ਨਾਲ ਸਜ ਕੇ ਸ਼ਮੂਲੀਅਤ ਕੀਤੀ। ਮਹੱਲੇ ਦੀ ਆਰੰਭਤਾ ਦਲ ਪੰਥ ਦੇ ਅਸਥਾਨਾਂ ਤੋਂ ਇਤਿਹਾਸਕ ਨਿਸ਼ਾਨਾਂ ਅਤੇ ਨਗਾਰਿਆਂ ਦੀ ਛਤਰ-ਛਾਇਆ ਹੇਠ ਹੋਈ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਕੀਤੀ। ਉਨ੍ਹਾਂ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਬਿਧੀ ਚੰਦ ਨਿਹੰਗ ਸਿੰਘਾਂ ਦੀ ਜਥੇਬੰਦੀ ਵੱਲੋਂ ਵੀ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ ਗਈ। ਮਹੱਲੇ ਦਾ ਸਭ ਤੋਂ ਵੱਡਾ ਆਕਰਸ਼ਣ ਨਿਹੰਗ ਸਿੰਘਾਂ ਦਾ ਵਿਸ਼ਾਲ ਕਾਫਲਾ ਰਿਹਾ, ਜਿਸ ਵਿੱਚ ਹਾਥੀ, ਊਠ, ਘੋੜੇ ਅਤੇ ਸਜਾਈਆਂ ਹੋਈਆਂ ਗੱਡੀਆਂ ਸ਼ਾਮਲ ਸਨ।
ਨੀਲੇ ਅਤੇ ਕੇਸਰੀ ਬਾਣਿਆਂ ਵਿੱਚ ਸਜੇ ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਉੱਪਰ ਚੱਕਰ, ਖੰਡੇ, ਚੰਦ ਅਤੇ ਹੋਰ ਰਵਾਇਤੀ ਸ਼ਸਤਰ ਸਜਾਏ ਹੋਏ ਸਨ। ਹੱਥਾਂ ਵਿੱਚ ਨੇਜੇ ਅਤੇ ਖੰਡੇ, ਲੱਕ ਪਿੱਛੇ ਢਾਲਾਂ ਅਤੇ ਸ਼ਸਤਰਾਂ ਨਾਲ ਲੈਸ ਸਿੰਘਾਂ ਦਾ ਇਹ ਦ੍ਰਿਸ਼ ਸਿੱਖਾਂ ਦੀ ਸ਼ਾਨਦਾਰ ਜੰਗਜੂ ਵਿਰਾਸਤ ਦੀ ਯਾਦ ਤਾਜ਼ਾ ਕਰਵਾ ਰਿਹਾ ਸੀ।
ਇਸ ਦੌਰਾਨ ਫੌਜੀ ਬੈਂਡ-ਵਾਜਿਆਂ ਦੀਆਂ ਸੁਰੀਲੀਆਂ ਧੁਨਾਂ, ਢੋਲ-ਨਗਾਰਿਆਂ ਦੀਆਂ ਗੂੰਜਦੀਆਂ ਚੋਟਾਂ ਅਤੇ ਨਰਸਿੰਘਿਆਂ ਦੀਆਂ ਆਵਾਜ਼ਾਂ ਨੇ ਪੂਰੇ ਮਾਹੌਲ ਨੂੰ ਜੋਸ਼ ਅਤੇ ਉਤਸ਼ਾਹ ਨਾਲ ਭਰ ਦਿੱਤਾ। ਮਹੱਲੇ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਦੇ ਕਿਨਾਰਿਆਂ ਅਤੇ ਗਰਾਊਂਡ ਵਿੱਚ ਮੌਜੂਦ ਰਹੇ। ਗਰਾਊਂਡ ਵਿਖੇ ਪਹੁੰਚਣ ਉਪਰੰਤ ਨਿਹੰਗ ਸਿੰਘਾਂ ਨੇ ਆਪਣੇ ਸ਼ਾਨਦਾਰ ਜੰਗਜੂ ਕਰਤੱਬਾਂ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਗਤਕੇ ਦੇ ਜੌਹਰ, ਘੋੜਿਆਂ ਦੀਆਂ ਦੌੜਾਂ, ਨੇਜ਼ਿਆਂ ਨਾਲ ਕਿੱਲੇ ਪੁੱਟਣ ਦੇ ਕਰਤੱਬ ਅਤੇ ਘੋੜਿਆਂ ਉੱਪਰ ਅਦਭੁੱਤ ਸਵਾਰੀ ਦੇ ਨਜ਼ਾਰੇ ਖਿੱਚ ਦਾ ਕੇਂਦਰ ਬਣੇ ਰਹੇ। ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ ਘੋੜਿਆਂ ਦੀ ਸਵਾਰੀ ਕਰਕੇ ਨਿਹੰਗ ਸਿੰਘਾਂ ਨੇ ਆਪਣੀ ਮੁਹਾਰਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਹਰ ਕਰਤੱਬ ਨਾਲ ਦਰਸ਼ਕਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਨਿਹੰਗ ਸਿੰਘਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਬੰਦੀ ਸਿੰਘਾਂ ਦੀ ਰਿਹਾਈ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਉਠਾਈ ਆਵਾਜ਼
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਅਹਿਮ ਮਸਲਾ ਦੱਸਦਿਆਂ ਸਰਕਾਰ ਤੋਂ ਇਸ ਸਬੰਧੀ ਜਲਦ ਫੈਸਲਾ ਲੈਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸਵਾਲ ਉਠਾਇਆ ਕਿ ਹਰ ਵਾਰ ਸਿੱਖ ਸੰਗਤਾਂ ਦੇ ਰਸਤੇ ਹੀ ਕਿਉਂ ਬੰਦ ਕੀਤੇ ਜਾਂਦੇ ਹਨ, ਜਦਕਿ ਹੋਰ ਸਾਰੇ ਰਸਤੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਬੰਦ ਕਰਨ ਲਈ ਤਾਂ ਨਹੀਂ ਬਣਾਇਆ ਗਿਆ ਸੀ। ਹੁਣ ਜਦੋਂ ਹੜ੍ਹਾਂ ਦਾ ਪਾਣੀ ਵੀ ਉਤਰ ਚੁੱਕਾ ਹੈ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਦੇਰੀ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ, ਤਾਂ ਜੋ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਇਸ ਤਰ੍ਹਾਂ ਨਿਹੰਗ ਸਿੰਘ ਦਲਾਂ ਦੇ ਜੈਕਾਰਿਆਂ, ਨਗਾਰਿਆਂ ਦੀ ਗੂੰਜ, ਘੋੜਿਆਂ ਦੀਆਂ ਦੌੜਾਂ ਅਤੇ ਲਾਸਾਨੀ ਜੰਗਜੂ ਕਰਤੱਬਾਂ ਨਾਲ ਸੁਲਤਾਨਪੁਰ ਲੋਧੀ ਵਿਖੇ ਸਜਿਆ ਇਹ ਮਹੱਲਾ ਸਿੱਖਾਂ ਦੀ ਬਹਾਦਰੀ, ਸ਼ਸਤਰ ਵਿਰਾਸਤ ਅਤੇ ਖਾਲਸਾਈ ਰਵਾਇਤਾਂ ਦਾ ਸ਼ਾਨਦਾਰ ਪ੍ਰਤੀਕ ਹੋ ਨਿਬੜਿਆ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਉਠਾਈ ਗਈ ਆਵਾਜ਼ ਨੇ ਇਸ ਸਮਾਗਮ ਨੂੰ ਧਾਰਮਿਕ ਅਤੇ ਪੰਥਕ ਪੱਖੋਂ ਵੀ ਵਿਸ਼ੇਸ਼ ਮਹੱਤਤਾ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ; ਗੰਨੇ ਦੇ ਰੇਟ ਵਿੱਚ ਕੀਤਾ ਵਾਧਾ