ਪ੍ਰਗਟ ਸਿੰਘ ਨੇ ਸੰਭਾਲੀ ਪੰਜਾਬ ਕਾਂਗਰਸ ਦੀ ਵਾਗਡੋਰ; ਇੱਕ ਮੰਚ ਉਤੇ ਨਜ਼ਰ ਆਏ ਸੀਨੀਅਰ ਆਗੂ
Punjab Congress News: ਕਾਂਗਰਸ ਵਿੱਚ ਲੀਡਰਸ਼ਿਪ ਤਬਦੀਲੀ ਦੇ ਦਰਮਿਆਨ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਪ੍ਰਗਟ ਸਿੰਘ ਨੂੰ ਸੂਬਾ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਸਬੰਧੀ ਸਮਾਰੋਹ ਕਰਵਾਇਆ ਗਿਆ।
Punjab Congress News: ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਤਬਦੀਲੀ ਦੇ ਦਰਮਿਆਨ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਪ੍ਰਗਟ ਸਿੰਘ ਨੂੰ ਸੂਬਾ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਕਈ ਪ੍ਰਮੁੱਖ ਆਗੂ ਮੌਜੂਦ ਰਹੇ। ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਾਬਕਾ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇੱਕੋ ਮੰਚ ’ਤੇ ਨਜ਼ਰ ਆਏ। ਇਸ ਇਕੱਠ ਨੂੰ ਪਾਰਟੀ ਅੰਦਰ ਏਕਤਾ ਦਾ ਸੰਦੇਸ਼ ਦੇਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।
ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਪ੍ਰਗਟ ਸਿੰਘ ਸਾਹਮਣੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਗੂਆਂ ਤੇ ਵਰਕਰਾਂ ਵਿਚਕਾਰ ਤਾਲਮੇਲ ਵਧਾਉਣ ਦੀ ਵੱਡੀ ਚੁਣੌਤੀ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਵਿੱਚ ਕਾਂਗਰਸ ਦੀ ਸਿਆਸੀ ਸਥਿਤੀ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨਾ ਵੀ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਰਹੇਗਾ। ਪਾਰਟੀ ਦੀ ਅਗਲੀ ਰਣਨੀਤੀ ਅਤੇ ਸੰਗਠਨਾਤਮਕ ਸਰਗਰਮੀਆਂ ਨੂੰ ਲੈ ਕੇ ਵੀ ਚਰਚਾ ਹੋਣ ਦੀ ਉਮੀਦ ਹੈ।
ਅਹੁਦਾ ਸੰਭਾਲਣ ਤੋਂ ਪਹਿਲਾਂ ਪ੍ਰਗਟ ਸਿੰਘ ਆਪਣੀ ਪਤਨੀ ਬਰਿੰਦਰ ਪ੍ਰੀਤ ਕੌਰ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਉਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਸ਼ਾਂਤੀ, ਤਰੱਕੀ, ਖੁਸ਼ਹਾਲੀ ਤੇ ਲੋਕਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ।
ਇਸ ਦੌਰਾਨ ਪ੍ਰਗਟ ਸਿੰਘ ਨੇ ਕਾਂਗਰਸ ਦੀ ਤਾਕਤ ਨੂੰ ਪਾਰਟੀ ਦੀ ਏਕਤਾ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਕਈ ਅਜਿਹੇ ਆਗੂ ਹਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਬਣਨ ਦੀ ਸਮਰੱਥਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਕਾਂਗਰਸ ਦਾ ਚਿਹਰਾ ਹੋਣਗੇ।
ਉਨ੍ਹਾਂ ਦੇ ਇਸ ਬਿਆਨ ਨੂੰ ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਅਤੇ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਸੰਦਰਭ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹੁਣ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਨਵੀਂ ਲੀਡਰਸ਼ਿਪ ਹੇਠ ਪਾਰਟੀ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਕਿੰਨਾ ਇਕਜੁੱਟ ਕਰ ਪਾਉਂਦੀ ਹੈ ਅਤੇ ਚੋਣਾਂ ਲਈ ਕਿਹੜੀ ਰਣਨੀਤੀ ਅਪਣਾਉਂਦੀ ਹੈ।