ਪੰਜਾਬ ਕਾਂਗਰਸ ਨੇ ਚੰਡੀਗੜ੍ਹ ਤੋਂ 'ਪੰਜਾਬ ਮੰਗਦਾ ਇਨਸਾਫ' ਯਾਤਰਾ ਦੀ ਕੀਤੀ ਸ਼ੁਰੂਆਤ
Punjab Congress News: ਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਮੰਗਦਾ ਇਨਸਾਫ਼ ਯਾਤਰਾ ਦੀ ਸ਼ੁਰੂਆਤ ਕੀਤੀ ਗਈ।
Punjab Congress News: ਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਮੰਗਦਾ ਇਨਸਾਫ਼ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਹ ਯਾਤਰਾ ਚੰਡੀਗੜ੍ਹ ਵਿੱਚ ਕਾਂਗਰਸ ਭਵਨ ਤੋਂ ਸ਼ੁਰੂ ਹੋ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਂਦੇ ਦਿਖਾਈ ਦੇਵੇਗੀ। ਜੇਕਰ ਪਹਿਲੇ ਪੜਾਅ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਪਹਿਲਾ ਪੜਾਅ ਮੋਹਾਲੀ ਵਿੱਚ ਹੋਵੇਗਾ।
ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਨੇ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 'ਪੰਜਾਬ ਮੰਗਦਾ ਇਨਸਾਫ' ਦਾ ਉਦੇਸ਼ ਪੰਜਾਬ ਦੇ ਲੋਕਾਂ ਨਾਲ ਜੁੜਨਾ ਅਤੇ ਕਿਸਾਨਾਂ, ਨੌਜਵਾਨਾਂ, ਨਸ਼ਿਆਂ, ਕਾਨੂੰਨ ਵਿਵਸਥਾ ਅਤੇ ਹੋਰ ਜਨਤਕ ਸਰੋਕਾਰਾਂ ਨਾਲ ਸਬੰਧਤ ਮੁੱਦਿਆਂ ਨੂੰ ਉਠਾਉਣਾ ਹੈ। ਇਸ ਮੌਕੇ ਉੱਤੇ ਸੀਨੀਅਰ ਲੀਡਰਸ਼ਿਪ ਵਿੱਚ ਕੇਪੀ ਰਾਣਾ, ਪ੍ਰਤਾਪ ਸਿੰਘ ਬਾਜਵਾ, ਕੁਲਜੀਤ ਨਾਗਰਾ, ਰਾਣਾ ਗੁਰਜੀਤ ਸਿੰਘ ਮੌਜੂਦ ਰਹੇ।
ਕਾਂਗਰਸ ਪਾਰਟੀ ਵੱਲੋਂ ਬਣਾਈ ਗਈ ਇਸ ਬੱਸ ਦੇ ਉੱਤੇ ਇੱਕ ਸਕੈਨਰ ਵੀ ਲਗਾਇਆ ਗਿਆ ਸੀ ਜਿਸ ਉੱਤੇ ਸਕੈਨ ਕਰਨ ਤੋਂ ਬਾਅਦ ਇਸ ਯਾਤਰਾ ਦੇ ਅਹਿਮ ਮੁੱਦਿਆਂ ਬਾਬਤ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਵਿੱਚ ਬੇਰੁਜ਼ਗਾਰੀ, ਕਾਨੂੰਨੀ ਵਿਵਸਥਾ, ਨਸ਼ਾ ਗੈਂਗਸਟਰਵਾਦ, ਖਜ਼ਾਨਾ ਖਾਲੀ ਅਤੇ ਹੋਰ ਕਈ ਅਹਿਮ ਮੁੱਦੇ ਜੋ ਸਿੱਧੇ ਤੌਰ ਦੇ ਉੱਤੇ ਸੂਬੇ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਸੂਬਾ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਨਜ਼ਰ ਆਉਂਦੇ ਹਨ, ਉਨ੍ਹਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਇਸ ਯਾਤਰਾ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਯਾਤਰਾ ਸਿੱਧੇ ਤੌਰ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਦੇ ਲਈ ਕੱਢੀ ਜਾ ਰਹੀ ਹੈ ਜਿਸ ਵਿੱਚ ਬੁੱਧੀਜੀਵੀ ਵਰਗ ਵਿਦਿਆਰਥੀ ਜੈਨਜੀ ਕਾਰੋਬਾਰੀ ਵਰਗ ਦੇ ਨਾਲ ਸੰਬੰਧ ਰੱਖਦੇ ਮੁੱਦਿਆਂ ਬਾਬਤ ਜਾਣਕਾਰੀ ਲਈ ਜਾਵੇਗੀ ਤੇ ਉਨ੍ਹਾਂ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਵੱਲੋਂ ਸੂਬਾ ਸਰਕਾਰ ਉੱਤੇ ਵੀ ਤਿੱਖਾ ਸ਼ਬਦੀ ਵਾਰ ਕੀਤਾ ਗਿਆ। ਇਸ ਮੌਕੇ ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਹੈ ਅਤੇ ਲੋਕਾਂ ਦੇ ਨਾਲ ਰਾਬਤਾ ਕਰਨ ਦੇ ਲਈ ਸੂਬੇ ਭਰ ਵਿੱਚ ਵੱਖੋ-ਵੱਖ ਲੀਡਰਸ ਵੱਲੋਂ ਯਾਤਰਾਵਾਂ ਕੱਢੀਆਂ ਜਾਣਗੀਆਂ ਅਤੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਲਓਪੀ ਬਾਜਵਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ, ਪੰਜਾਬ ਕਾਂਗਰਸ ਲੀਡਰਸ਼ਿਪ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰੇਗੀ ਅਤੇ ਸਮਾਜ ਦੇ ਸਾਰੇ ਵਰਗਾਂ ਨਾਲ ਸਬੰਧਤ ਮੁੱਦੇ ਉਠਾਏਗੀ।
ਉਨ੍ਹਾਂ ਨੇ ਕਿਹਾ ਕਿ "ਅਸੀਂ 'ਆਪ' ਸਰਕਾਰ ਦੁਆਰਾ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਕੀਤੇ ਗਏ ਧੋਖਾਧੜੀ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕੀਤੇ ਜਾਣ, ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਸੂਬੇ ਦੀ ਮਾੜੀ ਵਿੱਤੀ ਸਿਹਤ ਬਾਰੇ ਗੱਲ ਕਰਾਂਗੇ।" ਬਾਜਵਾ ਨੇ ਦਾਅਵਾ ਕੀਤਾ ਕਿ 'ਆਪ' ਸਰਕਾਰ ਹਰ ਮੋਰਚੇ 'ਤੇ ਅਸਫਲ ਰਹੀ ਹੈ।
ਇਹ ਵੀ ਪੜ੍ਹੋ : Punjabi News Live: ਪੰਜਾਬ ਕਾਂਗਰਸ ਵੱਲੋਂ ਚੋਣ ਮੁਹਿੰਮ ਸ਼ੁਰੂ; ਜਾਣੋ ਅੱਜ ਦੀਆਂ ਵੱਡੀਆਂ ਖ਼ਬਰਾਂ