SOCIAL MEDIA

Newsletter

PARTNER SITES
भाषा चुनें राज्य चुनें

ਪੰਜਾਬ ਸਰਕਾਰ ਵੱਲੋਂ 40 ਕਾਲਜਾਂ ਵਿੱਚ ‘ਸੰਗਤ’ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤ

Punjab Mental Health Clubs News: ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ ਦੇ 40 ਕਾਲਜਾਂ ਵਿੱਚ ‘ਸੰਗਤ’ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤ ਕੀਤੀ ਹੈ।

Written By Ravinder Singh
Published: Oct 23, 2026, 05:49 PM IST | Updated: Oct 23, 2026, 05:52 PM IST
Join

Punjab Mental Health Clubs News: ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ ਦੇ 40 ਕਾਲਜਾਂ ਵਿੱਚ ‘ਸੰਗਤ’ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤ ਕੀਤੀ ਹੈ, ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ, ਸਮੇਂ ਸਿਰ ਲੋੜੀਂਦੀ ਸਹਾਇਤਾ ਲੈਣ ਲਈ ਉਤਸ਼ਾਹਿਤ ਕਰਨਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਵਿੱਚ ਮਦਦ ਕਰਨਾ ਹੈ।

 ਡਿਪਾਰਟਮੈਂਟ ਆਫ ਹਾਈਅਰ ਐਜੂਕੇਸ਼ਨ ਵੱਲੋਂ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ (ABET) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਰਾਹੀਂ ਕਾਲਜ ਕੈਂਪਸਾਂ ਵਿੱਚ ਅਜਿਹਾ ਸਹਿਯੋਗੀ ਮਾਹੌਲ ਸਿਰਜਿਆ ਜਾਵੇਗਾ, ਜਿੱਥੇ ਵਿਦਿਆਰਥੀ ਭਾਵਨਾਤਮਕ ਪਰੇਸ਼ਾਨੀ ਦੇ ਸੰਕੇਤਾਂ ਨੂੰ ਪਛਾਣ ਸਕਣ, ਢੁਕਵੀਂ ਸਹਾਇਤਾ ਪ੍ਰਾਪਤ ਕਰ ਸਕਣ ਅਤੇ ਬਿਨਾਂ ਕਿਸੇ ਝਿਜਕ ਜਾਂ ਸਮਾਜਿਕ ਕਲੰਕ ਦੇ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰ ਸਕਣ।

ਕਲੱਬਾਂ ਦੀ ਸ਼ੁਰੂਆਤ ਮੌਕੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਲੱਬਾਂ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਵਿੱਚ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ। ਇਸ ਦੌਰਾਨ ਨਸ਼ਿਆਂ ਨਾਲ ਜੁੜੇ ਮਾਮਲਿਆਂ ਬਾਰੇ ਸਮਾਜਿਕ ਝਿਜਕ ਅਤੇ ਕਲੰਕ ਨੂੰ ਘਟਾਉਣ, ਨੌਜਵਾਨਾਂ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿੱਦਿਅਕ ਸੰਸਥਾਵਾਂ, ਪਰਿਵਾਰਾਂ ਅਤੇ ਸਾਥੀਆਂ ਵਿਚਕਾਰ ਸਹਿਯੋਗ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਗਿਆ।

ਮੋਹਾਲੀ ਸਥਿਤ ਪਲਾਕਸ਼ਾ ਯੂਨੀਵਰਸਿਟੀ ਵਿਖੇ ਕਰਵਾਏ ਗਏ ਸ਼ੁਰੂਆਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਸੰਗਤ’ ਜਾਗਰੂਕਤਾ, ਸਾਥੀਆਂ ਦੇ ਸਹਿਯੋਗ ਅਤੇ ਸਮੂਹਿਕ ਯਤਨਾਂ ਰਾਹੀਂ ਨੌਜਵਾਨਾਂ ਨੂੰ ਮਾਨਸਿਕ ਸਿਹਤ ਸਬੰਧੀ ਚੁਣੌਤੀਆਂ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਸ਼ਕਤ ਬਣਾਉਣ ਵੱਲ ਇੱਕ ਅਹਿਮ ਕਦਮ ਹੈ।

ਉਨ੍ਹਾਂ ਕਿਹਾ, “ਮਹਾਨ ਯੋਧਿਆਂ ਵਿੱਚੋਂ ਇੱਕ ਅਰਜੁਨ ਨੂੰ ਵੀ ਮਾਨਸਿਕ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ, ਭਾਵੇਂ ਭਗਵਾਨ ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਨਾਲ ਸਨ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਨੌਜਵਾਨਾਂ ਨੂੰ ਵੀ ਸਹੀ ਮਾਰਗਦਰਸ਼ਨ ਅਤੇ ਰਹਿਨੁਮਾਈ ਦੀ ਲੋੜ ਹੁੰਦੀ ਹੈ। ਨਸ਼ੇ ਕਰਨਾ ਮਾਣ ਵਾਲੀ ਗੱਲ ਨਹੀਂ ਹੈ, ਸਗੋਂ ਗ਼ਲਤ ਸੰਗਤ ਵਿੱਚ ਪਏ ਕਿਸੇ ਵਿਅਕਤੀ ਨੂੰ ਮੁੜ ਸਹੀ ਰਾਹ ’ਤੇ ਲਿਆਉਣ ਵਿੱਚ ਮਦਦ ਕਰਨਾ ਮਾਣ ਵਾਲੀ ਗੱਲ ਹੈ। ‘ਸੰਗਤ’ ਦੀ ਪਰਿਕਲਪਨਾ ਨੌਜਵਾਨਾਂ ਵੱਲੋਂ, ਨੌਜਵਾਨਾਂ ਲਈ ਕੀਤੀ ਗਈ ਹੈ, ਤਾਂ ਜੋ ਸਾਥੀਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਮਾਨਸਿਕ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਨੌਜਵਾਨਾਂ ਨੂੰ ਸਿਹਤਮੰਦ ਵਿਕਲਪ ਚੁਣਨ ਲਈ ਪ੍ਰੇਰਿਤ ਕੀਤਾ ਜਾ ਸਕੇ।”

ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਅਤੇ ਐਮਪਾਵਰ (Mpower) ਦੀ ਸੰਸਥਾਪਕ ਅਤੇ ਚੇਅਰਪਰਸਨ ਨੀਰਜਾ ਬਿਰਲਾ ਨੇ ਨੌਜਵਾਨਾਂ ਵਿੱਚ ਭਾਵਨਾਤਮਕ ਪਰੇਸ਼ਾਨੀ , ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਚਕਾਰਲੇ ਸਬੰਧਾਂ ਨਾਲ ਨਜਿੱਠਣ ਲਈ ਨਿਰੰਤਰ ਰੋਕਥਾਮ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। 

ਉਨ੍ਹਾਂ ਕਿਹਾ, “ਅੱਜ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਸਿਰਫ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੱਕ ਸੀਮਤ ਨਹੀਂ ਹਨ। ਭਾਵਨਾਤਮਕ ਤੰਦਰੁਸਤੀ ਅਤੇ ਮਾਨਸਿਕ ਸਿਹਤ ਸਬੰਧੀ ਵਧਦੀਆਂ ਚਿੰਤਾਵਾਂ ਕਾਰਨ ਸਮੇਂ ਸਿਰ ਦਖ਼ਲਅੰਦਾਜ਼ੀ ਕਰਨਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਿਆ ਹੈ। ਐਮਪਾਵਰ ਵਿਖੇ ਕੋਪ (COPE) ਰਾਹੀਂ ਕੀਤੇ ਜਾ ਰਹੇ ਕੰਮ ਦੌਰਾਨ ਅਸੀਂ ਦੇਖਿਆ ਹੈ ਕਿ ਭਾਵਨਾਤਮਕ ਪ੍ਰੇਸ਼ਾਨੀ, ਮਾਨਸਿਕ ਸਿਹਤ ਸਬੰਧੀ ਇਲਾਜ ਤੋਂ ਵਾਂਝੀਆਂ ਰਹਿ ਗਈਆਂ ਸਮੱਸਿਆਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ-ਦੂਜੇ ਨਾਲ ਜੁੜੇ ਹੋ ਸਕਦੇ ਹਨ,ਇਹ ਸਥਿਤੀ ਨਿਰੰਤਰ ਅਤੇ ਰੋਕਥਾਮ-ਕੇਂਦਰਿਤ ਯਤਨਾਂ ਦੀ ਲੋੜ ਨੂੰ ਦਰਸਾਉਂਦੀ ਹੈ।”

ਪੰਜਾਬ ਸਰਕਾਰ ਦੀ ਸਹਿਯੋਗੀ ਪਹੁੰਚ ਦੀ ਸ਼ਲਾਘਾ ਕਰਦਿਆਂ ਨੀਰਜਾ ਬਿਰਲਾ ਨੇ ਕਿਹਾ, “ਮੈਂ ਪੰਜਾਬ ਸਰਕਾਰ ਦੀ ਸ਼ਲਾਘਾ ਕਰਦੀ ਹਾਂ, ਜਿਸ ਨੇ ਇੱਕ ਸਾਂਝੇ ਉਦੇਸ਼ ਤਹਿਤ ਸਰਕਾਰੀ ਵਿਭਾਗਾਂ, ਸਿਵਲ ਸੁਸਾਇਟੀ ਸੰਸਥਾਵਾਂ, ਸਿੱਖਿਆ ਸ਼ਾਸਤਰੀਆਂ, ਸਿਹਤ ਮਾਹਿਰਾਂ ਅਤੇ ਭਾਈਚਾਰਕ ਆਗੂਆਂ ਨੂੰ ਇਕੱਠਾ ਕੀਤਾ ਹੈ। 

ਇਸ ਦਾ ਉਦੇਸ਼ ਵੱਖ-ਵੱਖ ਅਤੇ ਅਲੱਗ-ਥਲੱਗ ਯਤਨਾਂ ਤੋਂ ਅੱਗੇ ਵਧ ਕੇ ਨਸ਼ਿਆਂ ਦੀ ਰੋਕਥਾਮ, ਇਲਾਜ, ਰਿਹੈਬਲੀਟੇਸ਼ਨ ਅਤੇ ਸਮਾਜ ਵਿੱਚ ਮੁੜ ਸ਼ਾਮਲ ਕਰਨ ਲਈ ਇੱਕ ਟਿਕਾਊ ਪ੍ਰਣਾਲੀ ਵਿਕਸਿਤ ਕਰਨਾ ਹੈ। ਅਜਿਹੇ ਸਹਿਯੋਗੀ ਮਾਡਲ ਪੰਜਾਬ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਵਿੱਚ ਸਥਾਈ ਅਤੇ ਸਾਰਥਕ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।”

ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਅਤੇ ਮਾਨਸਿਕ ਸਿਹਤ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਨੌਜਵਾਨਾਂ ਲਈ ਅਜਿਹਾ ਸਹਿਯੋਗੀ ਮਾਹੌਲ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ, ਜਿੱਥੇ ਉਹ ਆਪਣੀਆਂ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕਣ। 

ਉਨ੍ਹਾਂ ਕਿਹਾ, “ਅਸੀਂ ਅਕਸਰ ਨੌਜਵਾਨਾਂ ਨੂੰ ਮਜ਼ਬੂਤ ਬਣੇ ਰਹਿਣ ਲਈ ਕਹਿੰਦੇ ਹਾਂ, ਪਰ ਮਜ਼ਬੂਤੀ ਦਾ ਅਰਥ ਇਹ ਵੀ ਹੈ ਕਿ ਤੁਸੀਂ ਜਿਸ ਸਥਿਤੀ ਵਿੱਚੋਂ ਲੰਘ ਰਹੇ ਹੋ, ਉਸ ਬਾਰੇ ਇਮਾਨਦਾਰੀ ਨਾਲ ਗੱਲ ਕਰ ਸਕੋ ਅਤੇ ਲੋੜ ਪੈਣ ’ਤੇ ਮਦਦ ਮੰਗ ਸਕੋ। ਨੌਜਵਾਨਾਂ ’ਤੇ ਪੈਣ ਵਾਲਾ ਦਬਾਅ ਹਮੇਸ਼ਾ ਦਿਖਾਈ ਨਹੀਂ ਦਿੰਦਾ। ਇਸ ਲਈ ਦੋਸਤਾਂ, ਪਰਿਵਾਰਾਂ ਅਤੇ ਵਿੱਦਿਅਕ ਸੰਸਥਾਵਾਂ ਲਈ ਅਜਿਹੇ ਸਥਾਨ ਅਤੇ ਮਾਹੌਲ ਤਿਆਰ ਕਰਨਾ ਮਹੱਤਵਪੂਰਨ ਹੈ, ਜਿੱਥੇ ਨੌਜਵਾਨਾਂ ਦੀ ਗੱਲ ਸੁਣੀ ਜਾਵੇ, ਨਾ ਕਿ ਉਨ੍ਹਾਂ ਦੀ ਆਲੋਚਨਾ ਕੀਤੀ ਜਾਵੇ, ਅਤੇ ਉਨ੍ਹਾਂ ਨੂੰ ਇਹ ਮਹਿਸੂਸ ਹੋਵੇ ਕਿ ਉਨ੍ਹਾਂ ਨੂੰ ਸਮਝਿਆ ਜਾ ਰਿਹਾ ਹੈ।”

ਉਨ੍ਹਾਂ ਅੱਗੇ ਕਿਹਾ, “ਭਾਵੇਂ ਕਿੰਨੀਆਂ ਵੀ ਚੁਣੌਤੀਆਂ ਆਉਂਦੀਆਂ ਰਹਿਣ, ਮੇਰੀ ਦਾਦੀ ਕਿਹਾ ਕਰਦੀ ਸੀ, ‘ਚੰਗੀ ਸੰਗਤ ਬਹੁਤ ਜ਼ਰੂਰੀ ਹੈ।’ ‘ਸੰਗਤ’ ਵਰਗੀਆਂ ਪਹਿਲਕਦਮੀਆਂ ਨੌਜਵਾਨਾਂ ਨੂੰ ਇੱਕ-ਦੂਜੇ ਦਾ ਖ਼ਿਆਲ ਰੱਖਣ ਲਈ ਉਤਸ਼ਾਹਿਤ ਕਰ ਸਕਦੀਆਂ ਹਨ ਅਤੇ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਦਾ ਮਾਹੌਲ ਸਿਰਜ ਸਕਦੀਆਂ ਹਨ।”

ਇਸ ਪ੍ਰੋਗਰਾਮ ਤਹਿਤ, ਹਰੇਕ ਭਾਗ ਲੈਣ ਵਾਲੇ ਕਾਲਜ ਦੇ 25 ਵਿਦਿਆਰਥੀਆਂ ਨੂੰ 14 ਘੰਟਿਆਂ ਦੀ ਯੂਥ ਮੈਂਟਲ ਹੈਲਥ ਫਸਟ ਏਡ (YMHFA) ਸਿਖਲਾਈ ਦਿੱਤੀ ਜਾਵੇਗੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਇਸ ਸਿਖਲਾਈ ਰਾਹੀਂ ਵਿਦਿਆਰਥੀ ਭਾਵਨਾਤਮਕ ਪਰੇਸ਼ਾਨੀ ਦੇ ਸੰਕੇਤਾਂ ਨੂੰ ਪਛਾਣਨ, ਆਪਣੇ ਸਾਥੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਪੇਸ਼ੇਵਰ ਸਹਾਇਤਾ ਪ੍ਰਾਪਤ ਕਰਨ ਲਈ ਸਹੀ ਮਾਰਗਦਰਸ਼ਨ ਦੇਣ ਦੇ ਯੋਗ ਬਣਨਗੇ।

ਇਨ੍ਹਾਂ ਕਲੱਬਾਂ ਰਾਹੀਂ ਕਾਲਜ ਕੈਂਪਸਾਂ ਵਿੱਚ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ, ਭਾਵਨਾਤਮਕ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਨਿਰਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਸਾਥੀਆਂ ਦੀ ਅਗਵਾਈ ਹੇਠ ਹੋਣ ਵਾਲੀਆਂ ਗਤੀਵਿਧੀਆਂ ਅਤੇ ਪੇਸ਼ੇਵਰ ਸਹਾਇਤਾ ਨਾਲ ਜੁੜਾਅ ਰਾਹੀਂ ਇਸ ਪਹਿਲਕਦਮੀ ਦਾ ਉਦੇਸ਼ ਸਮੱਸਿਆਵਾਂ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਕਰਨਾ ਅਤੇ ਕਾਲਜ ਕੈਂਪਸਾਂ ਵਿੱਚ ਅਜਿਹਾ ਮਾਹੌਲ ਬਣਾਉਣਾ ਹੈ, ਜਿੱਥੇ ਮਦਦ ਮੰਗਣ ਲਈ ਉਤਸ਼ਾਹਿਤ ਕੀਤਾ ਜਾਵੇ, ਨਾ ਕਿ ਇਸ ਨੂੰ ਸਮਾਜਿਕ ਕਲੰਕ ਨਾਲ ਜੋੜਿਆ ਜਾਵੇ।

ਇਸ ਪ੍ਰੋਗਰਾਮ ਨੂੰ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੀ ਸਹਾਇਕ ਇਕਾਈ ਐਮਪਾਵਰ ਵੱਲੋਂ ਇਸ ਦੇ ਕੋਪ (COPE)(ਕਾਊਂਸਲਿੰਗ ਐਂਡ ਆਊਟਰੀਚ ਫਾਰ ਪੀਅਰ ਐਮਪਾਵਰਮੈਂਟ) ਢਾਂਚੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ।
ਸ਼ੁਰੂਆਤੀ ਸਮਾਗਮ ਵਿੱਚ ‘ਯੁਵਾ’ (Yuvaa) ਦੇ ਸਹਿ-ਸੰਸਥਾਪਕ ਅਤੇ ਮੁਖੀ ਨਿਖਿਲ ਤਨੇਜਾ ਅਤੇ ਬਾਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਉਨ੍ਹਾਂ ਲਈ ਅਜਿਹਾ ਮਾਹੌਲ ਸਿਰਜਣ ਦੀ ਮਹੱਤਤਾ ਬਾਰੇ ਚਰਚਾ ਕੀਤੀ, ਜਿੱਥੇ ਉਨ੍ਹਾਂ ਦੀ ਗੱਲ ਸੁਣੀ ਜਾਵੇ, ਉਨ੍ਹਾਂ ਨੂੰ ਸਮਝਿਆ ਜਾਵੇ ਅਤੇ ਸਹਿਯੋਗ ਦਿੱਤਾ ਜਾਵੇ। ਪੰਜਾਬੀ ਕਾਮੇਡੀਅਨ ਮਨਪ੍ਰੀਤ ਸਿੰਘ, ਜੋ ‘ਦ ਕਾਮਿਕ ਸਿੰਘ’ ਦੇ ਨਾਂ ਨਾਲ ਮਸ਼ਹੂਰ ਹਨ, ਨੇ ਵੀ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਦਿੱਤੀ।

ਇਸ ਪ੍ਰੋਗਰਾਮ ਵਿੱਚ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਭਾਗ ਲੈਣ ਵਾਲੇ ਕਾਲਜਾਂ ਦੇ ਨੋਡਲ ਪ੍ਰੋਫੈਸਰਾਂ, ‘ਸੰਗਤ’ ਦੇ ਵਿਦਿਆਰਥੀ ਮੈਂਬਰਾਂ ਅਤੇ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਮਾਨਸਿਕ ਸਿਹਤ ਨੂੰ ਨਸ਼ਿਆਂ ਦੀ ਰੋਕਥਾਮ ਦੀ ਰਣਨੀਤੀ ਦੇ ਕੇਂਦਰ ਵਿੱਚ ਰੱਖਦਿਆਂ ‘ਸੰਗਤ’ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਦੀ ਮਦਦ ਕਰਨ, ਸਮੇਂ ਸਿਰ ਦਖ਼ਲਅੰਦਾਜ਼ੀ ਨੂੰ ਉਤਸ਼ਾਹਿਤ ਕਰਨ ਅਤੇ ਕਾਲਜ ਕੈਂਪਸਾਂ ਵਿੱਚ ਵਧੇਰੇ ਖੁੱਲ੍ਹਾ ਤੇ ਸਹਿਯੋਗੀ ਮਾਹੌਲ ਸਿਰਜਣ ਲਈ ਸਸ਼ਕਤ ਬਣਾਉਣਾ ਹੈ। ਇਹ ਪਹਿਲਕਦਮੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਆਪਕ ਯਤਨਾਂ ਦਾ ਹਿੱਸਾ ਹੈ, ਜਿਸ ਵਿੱਚ ਰੋਕਥਾਮ, ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
 

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES