SOCIAL MEDIA

Newsletter

PARTNER SITES
भाषा चुनें राज्य चुनें

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

Punjab Asian Champions Trophy News: ਸਾਬਕਾ ਭਾਰਤੀ ਵਿਸ਼ਵ ਕੱਪ ਜੇਤੂਆਂ, ਓਲੰਪੀਅਨਾਂ ਅਤੇ ਵਿਦੇਸ਼ੀ ਹਾਕੀ ਸਿਤਾਰਿਆਂ ਦੀ ਮੌਜੂਦਗੀ ਵਿੱਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ- 2026’ ਦੀ ਮੇਜ਼ਬਾਨੀ ਅਤੇ ਭਾਰਤ ਦੀ ਸ਼ਾਨਦਾਰ ਜਿੱਤ ਨਾਲ ਇਹ ਟੂਰਨਾਮੈਂਟ ਪੰਜਾਬ ਦੇ ਖੇਡ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਇਆ।

Written By Ravinder Singh
Published: Nov 07, 2026, 08:09 AM IST | Updated: Nov 07, 2026, 08:13 AM IST
Join

Punjab Asian Champions Trophy News: ਸਾਬਕਾ ਭਾਰਤੀ ਵਿਸ਼ਵ ਕੱਪ ਜੇਤੂਆਂ, ਓਲੰਪੀਅਨਾਂ ਅਤੇ ਵਿਦੇਸ਼ੀ ਹਾਕੀ ਸਿਤਾਰਿਆਂ ਦੀ ਮੌਜੂਦਗੀ ਵਿੱਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ- 2026’ ਦੀ ਮੇਜ਼ਬਾਨੀ ਅਤੇ ਭਾਰਤ ਦੀ ਸ਼ਾਨਦਾਰ ਜਿੱਤ ਨਾਲ ਇਹ ਟੂਰਨਾਮੈਂਟ ਪੰਜਾਬ ਦੇ ਖੇਡ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਇਆ। ਭਾਰਤ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। 

ਇਸ ਦੌਰਾਨ ਪੰਜਾਬ ਦੇ ਦੋ ਇਤਿਹਾਸਕ ਸਟੇਡੀਅਮਾਂ - ਮੋਹਾਲੀ ਸਥਿਤ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ’ ਅਤੇ ਜਲੰਧਰ ਸਥਿਤ ‘ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ’ – ਇਸ ਵੱਕਾਰੀ ਟੂਰਨਾਮੈਂਟ ਦੇ ਗਵਾਹ ਬਣੇ । ਭਾਰਤ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਿਹਾ।

 ਟੀਮ ਨੇ ਆਪਣੇ ਸਾਰੇ 7 ਮੈਚ ਜਿੱਤੇ - ਜਿਸ ਵਿੱਚ ਜਲੰਧਰ ਵਿਖੇ 5 ਲੀਗ ਮੈਚ ਅਤੇ ਮੋਹਾਲੀ ਵਿਖੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਸ਼ਾਮਲ ਹਨ। ਇਸ ਜਿੱਤ ਨਾਲ ਭਾਰਤ ਨੇ ਰਿਕਾਰਡ ਕਾਇਮ ਕਰਦਿਆਂ 6ਵੀਂ ਵਾਰ ਖਿਤਾਬ ਜਿੱਤਿਆ। ਇਸਦੇ ਨਾਲ ਹੀ, 2023 ਅਤੇ 2024 ਦੀਆਂ ਜਿੱਤਾਂ ਤੋਂ ਬਾਅਦ ਭਾਰਤ ਨੇ ਲਗਾਤਾਰ ਖਿਤਾਬ ਜਿੱਤ ਕੇ ਆਪਣੀ ’ਹੈਟ੍ਰਿਕ’ ਵੀ ਪੂਰੀ ਕੀਤੀ ਹੈ।

ਇੱਕ ਯਾਦਗਾਰ ਫਾਈਨਲ
ਜਾਪਾਨ ਨੇ ਮੈਚ ਦੇ ਤੀਜੇ ਮਿੰਟ ਵਿੱਚ ਕਾਜ਼ੂਮਾਸਾ ਮਾਤਸੁਮੋਤੋ ਦੇ ਗੋਲ ਨਾਲ ਭਾਰਤ ’ਤੇ ਹਾਫ-ਟਾਈਮ ਤੱਕ 1-0 ਦੀ ਬੜ੍ਹਤ ਬਣਾਈ ਰੱਖੀ। ਪਰ ਚੈਂਪੀਅਨਾਂ ਨੇ ਚੈਂਪੀਅਨਾਂ ਵਾਂਗ ਹੀ ਜਵਾਬ ਦਿੱਤਾ।42ਵੇਂ ਮਿੰਟ ਵਿੱਚ ਸ਼ਿਲਾਨੰਦ ਲਾਕੜਾ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ, 47ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਇੱਕ ਹੋਰ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ 52ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਸਕੋਰ 3-1 ਕਰ ਦਿੱਤਾ ਅਤੇ 53ਵੇਂ ਮਿੰਟ ਵਿੱਚ ਵਿਵੇਕ ਸਾਗਰ ਪ੍ਰਸਾਦ ਨੇ 4-1 ਨਾਲ ਜਿੱਤ ਪੱਕੀ ਕਰ ਦਿੱਤੀ। ਆਖਰੀ 18 ਮਿੰਟਾਂ ਵਿੱਚ ਕੀਤੇ ਗਏ ਚਾਰ ਗੋਲਾਂ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ।ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਹਰਮਨਪ੍ਰੀਤ ਸਿੰਘ - ਟੂਰਨਾਮੈਂਟ ਦਾ ਹੀਰੋ ਤੇ ਸਰਵੋਤਮ ਸਕੋਰਰ
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਇਸ ਟੂਰਨਾਮੈਂਟ ਦਾ ਸਟਾਰ ਖਿਡਾਰੀ ਰਿਹਾ।ਉਸ ਨੂੰ ਟੂਰਨਾਮੈਂਟ ਦਾ ‘ਸਰਵੋਤਮ ਖਿਡਾਰੀ’ ਚੁਣਿਆ ਗਿਆ ਅਤੇ ਉਹ 10 ਗੋਲਾਂ ਨਾਲ ‘ਟਾਪ ਸਕੋਰਰ’ ਵੀ ਬਣਿਆ। ਟੂਰਨਾਮੈਂਟ ਵਿੱਚ ਹਰਮਨਪ੍ਰੀਤ ਸਿੰਘ ਵੱਲੋਂ ਕੀਤੇ 10ਵੇਂ ਗੋਲ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਉਸ ਦੇ ਗੋਲਾਂ ਦੀ ਕੁੱਲ ਗਿਣਤੀ 250 ਦੇ ਅਹਿਮ ਅੰਕੜੇ ਤੱਕ ਪਹੁੰਚ ਗਈ ਹੈ।ਭਾਵੇਂ , ਲੀਗ ਮੈਚ ਵਿੱਚ ਮਲੇਸ਼ੀਆ ਵਿਰੁੱਧ ਲਗਾਈ ਗਈ ’ਹੈਟ੍ਰਿਕ’ ਹੋਵੇ, ਦਬਾਅ ਹੇਠ ਮਾਰੇ ਸ਼ਾਨਦਾਰ ‘ਡਰੈਗ-ਫਲਿਕ’ ਹੋਣ ਜਾਂ ਫਿਰ ਫਾਈਨਲ ਵਿੱਚ ਉਨ੍ਹਾਂ ਦੀ ਸ਼ਾਂਤ ਅਗਵਾਈ ਹੋਵੇ ਹਰਮਨ ਨੇ ਹਰ ਮੈਚ ਵਿੱਚ ਟੀਮ ਨੂੰ ਮੂਹਰੇ ਰੱਖਿਆ।

ਕ੍ਰਿਸ਼ਨ ਬਹਾਦੁਰ ਪਾਠਕ - ਭਾਰਤ ਦੀ ਦੀਵਾਰ
ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਗੋਲਕੀਪਰ ਆਫ਼ ਟੂਰਨਾਮੈਂਟ ਐਲਾਨਿਆ ਗਿਆ। ਟੂਰਨਾਮੈਂਟ ਦੇ ਕੁਝ ਅਹਿਮ ਪਲਾਂ ਵਿੱਚ, ਖਾਸ ਕਰਕੇ ਮਲੇਸ਼ੀਆ ਅਤੇ ਦੱਖਣੀ ਕੋਰੀਆ ਵਿਰੁੱਧ ਲੀਗ ਮੈਚ ਦੌਰਾਨ ਪੈਨਲਟੀ ਕਾਰਨਰਾਂ ’ਤੇ ਉਸਦੇ ਸ਼ਾਨਦਾਰ ਬਚਾਅ ਨੇ ਭਾਰਤ ਨੂੰ ਪੂਰੇ ਸਮੇਂ ਦੌਰਾਨ ਅਜੇਤੂ ਰੱਖਿਆ।

ਮੋਹਾਲੀ ’ਚ ਵਿਸ਼ਵ ਪੱਧਰੀ ਸ਼ੁਰੂਆਤ
ਪਹਿਲੀ ਵਾਰ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ, ਮੋਹਾਲੀ ਨੇ ਜ਼ੋਰਦਾਰ ਢੰਗ ਨਾਲ ਵਿਸ਼ਵ ਪੱਧਰੀ ਖੇਡ ਮੰਚ ’ਤੇ ਆਪਣੀ ਸ਼ੁਰੂਆਤ ਕੀਤੀ।ਖਚਾਖਚ ਭਰਿਆ ਸਟੇਡੀਅਮ, ਜੋਸ਼ੀਲਾ ਮਾਹੌਲ, ਵਿਸ਼ਵ ਪੱਧਰੀ ਸਹੂਲਤਾਂ ਅਤੇ ਸੈਮੀਫਾਈਨਲ, ਕਾਂਸੀ ਦੇ ਤਗਮੇ ਦੇ ਮੈਚ ਅਤੇ ਫਾਈਨਲ ਲਈ ਪੁਖ਼ਤਾ ਪ੍ਰਬੰਧਾਂ ਲਈ ਮੋਹਾਲੀ ਨੇ ਏਸ਼ੀਆ ਭਰ ਦੀਆਂ ਟੀਮਾਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਤੋਂ ਵਾਹ-ਵਾਹ ਖੱਟੀ।

ਜਲੰਧਰ ਨੇ ਜਿੱਤੇ ਦਿਲ
ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ , ਜਿੱਥੇ ਲੀਗ ਮੁਕਾਬਲੇ ਖੇਡੇ ਗਏ, ਨੇ ਵੀ ਅੰਤਰਰਾਸ਼ਟਰੀ ਪੱਧਰ ’ਤੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਪ੍ਰਸ਼ੰਸਾ ਹਾਸਲ ਕੀਤੀ। ਬੰਗਲਾਦੇਸ਼ ਵਿਰੁੱਧ ਭਾਰਤ ਦੀ 13-0 ਦੀ ਸ਼ਾਨਦਾਰ ਸ਼ੁਰੂਆਤੀ ਜਿੱਤ ਤੋਂ ਲੈ ਕੇ ਮਲੇਸ਼ੀਆ ਵਿਰੁੱਧ 4-2 ਦੇ ਰੋਮਾਂਚਕ ਮੁਕਾਬਲੇ ਤੱਕ, ਜਲੰਧਰ ਵਿੱਚ ਹਰ ਸ਼ਾਮ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਰਿਹਾ ਅਤੇ ਭੀੜ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। 

ਜਲੰਧਰ ਅਤੇ ਮੋਹਾਲੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਨਾ ਸਿਰਫ਼ ਭਾਰਤੀ ਹਾਕੀ ਦੀ ’ਨਰਸਰੀ’ ਹੈ ਸਗੋਂ ਇਹ ਵਿਸ਼ਵ ਹਾਕੀ ਦੇ ਸਭ ਤੋਂ ਵੱਡੇ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਇਸ ਨਾਲ 2030 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਪੰਜਾਬ ਦੇ ਦਾਅਵੇ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਪੰਜਾਬ ਦੀ ਧਰਤੀ ’ਤੇ ਭਾਰਤ ਦੀ ਇਹ ਜਿੱਤ ਸਿਰਫ਼ ਇੱਕ ਖਿਤਾਬ ਨਹੀਂ ਹੈ। ਇਹ ਇੱਕ ਸੁਨੇਹਾ ਹੈ ਕਿ ਹਰਮਨਪ੍ਰੀਤ ਸਿੰਘ ਦੀ ਅਗਵਾਈ ਅਤੇ ਕ੍ਰਿਸ਼ਨ ਬਹਾਦਰ ਪਾਠਕ ਦੀ ਰਖਵਾਲੀ ਹੇਠ ਭਾਰਤੀ ਹਾਕੀ ਏਸ਼ੀਆ ਵਿੱਚ ਸ਼ਿਖਰ ’ਤੇ ਹੈ ਅਤੇ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਹੈ।

 ਇਸ ਟੂਰਨਾਮੈਂਟ ਵਿੱਚ 1966 ਦੀਆਂ ਏਸ਼ਿਆਈ ਖੇਡਾਂ, 1975 ਵਿਸ਼ਵ ਕੱਪ ਤੇ 1980 ਮਾਸਕੋ ਓਲੰਪਿਕਸ ਦੇ ਸੋਨ ਤਮਗ਼ਾ ਜੇਤੂ ਪੁਰਾਣੇ ਦਿੱਗਜ਼ ਖਿਡਾਰੀਆਂ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਖਿਡਾਰੀਆਂ ਤੱਕ ਵੱਡੀ ਗਿਣਤੀ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੇ ਹਾਜ਼ਰੀ ਲਗਾਈ।
 

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES