100 ਤੋਂ ਵੱਧ ਮੁਕਾਬਲੇ ਜਿੱਤਣ ਵਾਲਾ ‘ਰਾਜਾ ਝੋਟਾ’ ਗਾਇਬ; ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ
Raja Jhota Missing News: ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲਾ, 100 ਤੋਂ ਵੱਧ ਮੁਕਾਬਲੇ ਜਿੱਤਣ ਵਾਲਾ ਮਸ਼ਹੂਰ ‘ਰਾਜਾ ਝੋਟਾ’ ਪਿਛਲੇ ਕਰੀਬ 20 ਦਿਨਾਂ ਤੋਂ ਗਾਇਬ ਹੈ।
Raja Jhota Missing News: ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲਾ, 100 ਤੋਂ ਵੱਧ ਮੁਕਾਬਲੇ ਜਿੱਤਣ ਵਾਲਾ ਮਸ਼ਹੂਰ ‘ਰਾਜਾ ਝੋਟਾ’ ਪਿਛਲੇ ਕਰੀਬ 20 ਦਿਨਾਂ ਤੋਂ ਗਾਇਬ ਹੈ। ਰਾਜੇ ਦੇ ਗਾਇਬ ਹੋਣ ਤੋਂ ਬਾਅਦ ਮਾਲਕ ਪਰਿਵਾਰ ਉਸ ਦੀ ਭਾਲ ਵਿੱਚ ਜੁਟਿਆ ਹੋਇਆ ਹੈ। ਪਰਿਵਾਰ ਵੱਲੋਂ ਰਾਜੇ ਬਾਰੇ ਸਹੀ ਜਾਣਕਾਰੀ ਦੇਣ ਅਤੇ ਉਸ ਨੂੰ ਲੱਭਣ ਵਿੱਚ ਮਦਦ ਕਰਨ ਵਾਲੇ ਲਈ ਇੱਕ ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਰਾਜਾ ਕੋਈ ਆਮ ਝੋਟਾ ਨਹੀਂ, ਸਗੋਂ ਪੇਂਡੂ ਖੇਡ ਮੇਲਿਆਂ ਦਾ ਚਰਚਿਤ ਚੈਂਪੀਅਨ ਰਿਹਾ ਹੈ। ਉਸ ਨੇ ਹਲਟ ਦੌੜਾਂ, ਨੱਤਾਂ ਦੀਆਂ ਦੌੜਾਂ ਅਤੇ ਝੋਟਿਆਂ ਦੇ ਮੁਕਾਬਲਿਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਦੱਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਖੇਡ ਜੀਵਨ ਦੌਰਾਨ ਇੱਕ ਟਰੈਕਟਰ, ਇੱਕ ਕਾਰ, 87 ਮੋਟਰਸਾਈਕਲਾਂ ਅਤੇ ਹੋਰ ਨਕਦ ਇਨਾਮ ਜਿੱਤੇ ਸਨ।
ਕਰੀਬ 20 ਸਾਲਾ ਰਾਜੇ ਦਾ ਮਾਲਕ ਜਸਕਰਨ ਸਿੰਘ ਆਪਣੇ ਇਸ ਪਸ਼ੂ ਨਾਲ ਡੂੰਘਾ ਮੋਹ ਰੱਖਦਾ ਹੈ। ਪਰਿਵਾਰ ਲਈ ਰਾਜਾ ਸਿਰਫ਼ ਇੱਕ ਪਸ਼ੂ ਨਹੀਂ, ਸਗੋਂ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਖ਼ੁਸ਼ੀਆਂ ਅਤੇ ਮਾਣ ਦਾ ਹਿੱਸਾ ਰਿਹਾ ਹੈ। ਜਾਣਕਾਰੀ ਅਨੁਸਾਰ, ਰਾਜੇ ਨੂੰ ਖੇਤ ਵਿੱਚ ਬਣੀ ਮੋਟਰ ਕੋਲ ਬੰਨ੍ਹਿਆ ਹੋਇਆ ਸੀ, ਪਰ ਸਵੇਰੇ ਜਦੋਂ ਦੇਖਿਆ ਗਿਆ ਤਾਂ ਉਹ ਉੱਥੇ ਨਹੀਂ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਉਸ ਨੂੰ ਚੋਰੀ ਕੀਤਾ ਗਿਆ ਹੈ, ਹਾਲਾਂਕਿ ਇਸ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।
ਪੁਲਿਸ ਵੱਲੋਂ ਜਾਂਚ ਤੇਜ਼, ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ
ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਿੱਧਵਾਂ ਬੇਟ ਨੇੜੇ ਇੱਕ ਗੱਡੀ ਜ਼ਰੂਰ ਮਿਲੀ ਹੈ, ਪਰ ਉਸ ਵਿੱਚੋਂ ਕੋਈ ਪਸ਼ੂ ਬਰਾਮਦ ਨਹੀਂ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਦਸੰਬਰ ਵਿੱਚ ਲੈਣਾ ਸੀ ਮੁਕਾਬਲਿਆਂ ਤੋਂ ਸੰਨਿਆਸ
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਸੰਬਰ ਮਹੀਨੇ ਵਿੱਚ ਰਾਜੇ ਨੂੰ ਮੁਕਾਬਲਿਆਂ ਤੋਂ ਸੰਨਿਆਸ ਦਿਵਾਉਣ ਬਾਰੇ ਵਿਚਾਰ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦੇ ਗਾਇਬ ਹੋਣ ਦੀ ਘਟਨਾ ਵਾਪਰ ਗਈ। ਜਿਸ ਚੈਂਪੀਅਨ ਨੇ ਸਾਲਾਂ ਤੱਕ ਆਪਣੇ ਮਾਲਕ ਨੂੰ ਜਿੱਤਾਂ ਦੀਆਂ ਖ਼ੁਸ਼ੀਆਂ ਦਿੱਤੀਆਂ, ਅੱਜ ਉਸ ਦੀ ਵਾਪਸੀ ਦੀ ਉਡੀਕ ਕੀਤੀ ਜਾ ਰਹੀ ਹੈ।
ਪਰਿਵਾਰ ਦੀ ਅਪੀਲ
ਜੇਕਰ ਕਿਸੇ ਵਿਅਕਤੀ ਨੂੰ ‘ਰਾਜਾ ਝੋਟੇ’ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪਰਿਵਾਰ ਨਾਲ ਸੰਪਰਕ ਕਰੇ। ਰਾਜੇ ਨੂੰ ਲੱਭਣ ਵਿੱਚ ਮਦਦ ਕਰਨ ਵਾਲੇ ਲਈ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸਵਾਲ ਇਹ ਹੈ ਕਿ ਪੇਂਡੂ ਖੇਡ ਮੇਲਿਆਂ ਦਾ ਇਹ ਮਸ਼ਹੂਰ ਚੈਂਪੀਅਨ ਆਖ਼ਰ ਕਿੱਥੇ ਗਿਆ? ਕੀ ਸੀਸੀਟੀਵੀ ਫੁਟੇਜ ਅਤੇ ਸਦਵਾਂ ਬੇਟ ਨੇੜੇ ਮਿਲੀ ਗੱਡੀ ਦੀ ਜਾਂਚ ਨਾਲ ਇਸ ਮਾਮਲੇ ਵਿੱਚ ਕੋਈ ਅਹਿਮ ਸੁਰਾਗ ਮਿਲੇਗਾ? ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਪਰਿਵਾਰ ਨੂੰ ਆਪਣੇ ਲਾਡਲੇ ਰਾਜੇ ਦੀ ਵਾਪਸੀ ਦੀ ਉਡੀਕ ਹੈ।