SOCIAL MEDIA

Newsletter

PARTNER SITES
भाषा चुनें राज्य चुनें

ਪਵਿੱਤਰ ਬੇਰੀ ਦਾ ਇਤਿਹਾਸਕ ਰੁੱਖ; ਬਾਬਾ ਨਾਨਕ ਨਾਲ ਜੁੜੀ ਅਨੋਖੀ ਯਾਦ, ਨਾਲ ਹੀ ਸੁਸ਼ੋਭਿਤ ਹੈ ਭੌਰਾ ਸਾਹਿਬ

Sultanpur Lodhi Historic Beri Tree: 557ਵੇਂ ਗੁਰਪੁਰਬ ਮੌਕੇ ਜਿੱਥੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਸੈਲਾਬ ਉਮੜਿਆ ਹੋਇਆ ਹੈ।

Written By Ravinder Singh
Published: Nov 24, 2026, 10:59 IST | Updated: Nov 24, 2026, 11:02 IST
Join

Sultanpur Lodhi Historic Beri Tree: ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਜਿੱਥੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਸੈਲਾਬ ਉਮੜਿਆ ਹੋਇਆ ਹੈ, ਉੱਥੇ ਹੀ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਦੇ ਦਰਸ਼ਨ ਕਰਨ ਲਈ ਵੀ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 

ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੁਸ਼ੋਭਿਤ ਪਵਿੱਤਰ ਬੇਰੀ ਦਾ ਰੁੱਖ ਅਤੇ ਇਸ ਦੇ ਨਾਲ ਸਥਿਤ ਭੌਰਾ ਸਾਹਿਬ ਅਜਿਹੇ ਇਤਿਹਾਸਕ ਅਸਥਾਨ ਹਨ, ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਨੇਕ ਪਾਵਨ ਯਾਦਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਅਸਥਾਨਾਂ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਵਿੱਤਰ ਬੇਰੀ ਦਾ ਇਤਿਹਾਸ ਭਾਈ ਭਗੀਰਥ ਜੀ ਦੀ ਸੇਵਾ ਭਾਵਨਾ ਨਾਲ ਜੁੜਿਆ ਹੋਇਆ ਹੈ। ਭਾਈ ਭਗੀਰਥ ਜੀ ਰੋਜ਼ਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਈ ਦਾਤਣ ਦੀ ਸੇਵਾ ਕਰਿਆ ਕਰਦੇ ਸਨ। ਇੱਕ ਦਿਨ ਉਨ੍ਹਾਂ ਵੱਲੋਂ ਗੁਰੂ ਸਾਹਿਬ ਨੂੰ ਦਾਤਣ ਭੇਟ ਕੀਤੀ ਗਈ, ਜਿਸ ਨੂੰ ਵਰਤਣ ਉਪਰੰਤ ਗੁਰੂ ਸਾਹਿਬ ਨੇ ਉਸ ਨੂੰ ਉੱਥੇ ਹੀ ਧਰਤੀ ਵਿੱਚ ਗੱਡ ਦਿੱਤਾ। ਮਾਨਤਾ ਅਨੁਸਾਰ ਕੁਝ ਸਮੇਂ ਬਾਅਦ ਇਹ ਦਾਤਣ ਇੱਕ ਵਿਸ਼ਾਲ ਬੇਰੀ ਦੇ ਰੁੱਖ ਦਾ ਰੂਪ ਧਾਰਨ ਕਰ ਗਈ।

ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਉਹੀ ਪਵਿੱਤਰ ਬੇਰੀ ਹੈ, ਜੋ ਅੱਜ ਵੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੁਸ਼ੋਭਿਤ ਹੈ ਅਤੇ ਇਸ ਨੂੰ ਬੇਰ ਲੱਗਦੇ ਹਨ। ਸਦੀਆਂ ਬੀਤ ਜਾਣ ਦੇ ਬਾਵਜੂਦ ਇਹ ਰੁੱਖ ਗੁਰੂ ਸਾਹਿਬ ਦੀ ਯਾਦ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਇਸ ਪਵਿੱਤਰ ਬੇਰੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੀਆਂ ਹਨ। ਇਸ ਪਵਿੱਤਰ ਬੇਰੀ ਦੇ ਬਿਲਕੁਲ ਨਾਲ ਹੀ ਭੌਰਾ ਸਾਹਿਬ ਸੁਸ਼ੋਭਿਤ ਹੈ। ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 14 ਸਾਲ, 9 ਮਹੀਨੇ ਅਤੇ 13 ਦਿਨ ਅਕਾਲ ਪੁਰਖ ਦੀ ਬੰਦਗੀ ਕੀਤੀ। 

ਭਾਈ ਸਤਨਾਮ ਸਿੰਘ ਅਨੁਸਾਰ ਇਸੇ ਧਰਤੀ ਨੂੰ ਗੁਰੂ ਸਾਹਿਬ ਨੇ ਆਪਣੀ ਚਰਨ ਛੋਹ ਨਾਲ ਭਾਗ ਲਾਏ ਅਤੇ ਇੱਥੇ ਰਹਿੰਦਿਆਂ ਮਨੁੱਖਤਾ ਨੂੰ ਅਧਿਆਤਮਿਕਤਾ, ਸੱਚ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੀ ਇਹ ਪਾਵਨ ਧਰਤੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਇੱਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਜਲੰਦੇ ਨੂੰ ਤਾਰਨ ਅਤੇ ਸਮੁੱਚੀ ਮਨੁੱਖਤਾ ਨੂੰ ਸੱਚ ਦਾ ਮਾਰਗ ਦਿਖਾਉਣ ਲਈ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਕੀਤੀ। 

ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਅੱਜ ਵੀ ਸਮੁੱਚੀ ਲੋਕਾਈ ਦਾ ਮਾਰਗਦਰਸ਼ਨ ਕਰ ਰਿਹਾ ਹੈ। 557ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਰਹੀਆਂ ਸੰਗਤਾਂ ਲਈ ਪਵਿੱਤਰ ਬੇਰੀ ਅਤੇ ਭੌਰਾ ਸਾਹਿਬ ਦੇ ਦਰਸ਼ਨ ਕਰਨਾ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਨੂੰ ਨੇੜਿਓਂ ਮਹਿਸੂਸ ਕਰਨ ਦਾ ਅਨਮੋਲ ਅਨੁਭਵ ਬਣਿਆ ਹੋਇਆ ਹੈ। ਇਹ ਅਸਥਾਨ ਅੱਜ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਾਵਨ ਯਾਦਾਂ ਅਤੇ ਉਨ੍ਹਾਂ ਦੀ ਮਹਾਨ ਵਿਚਾਰਧਾਰਾ ਦੀ ਗਵਾਹੀ ਭਰ ਰਹੇ ਹਨ।

ਰਿਪੋਰਟ-ਵਰੁਣ ਸ਼ਰਮਾ
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 557ਵੇਂ ਗੁਰਪੁਰਬ ਮੌਕੇ ਲੱਗੀਆਂ ਰੌਣਕਾਂ

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

ZEENEWS TRENDING STORIES