2020 ਵਿੱਚ ਅਕਾਲੀ-ਭਾਜਪਾ ਵਿਚਾਲੇ 24 ਸਾਲ ਪੁਰਾਣਾ ਗਠਜੋੜ ਟੁੱਟਿਆ ਸੀ; ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਕਰ ਦਿੱਤਾ ਸੀ ਵਾਪਸ
Akali BJP Alliance 2020: ਅਕਾਲੀ-ਭਾਜਪਾ ਵਿਚਾਲੇ 24 ਸਾਲ ਤੱਕ ਚੱਲਿਆ ਨਹੁੰ-ਮਾਸ ਦਾ ਰਿਸ਼ਤਾ 2020 ਵਿੱਚ ਟੁੱਟ ਗਿਆ ਸੀ।
Akali BJP Alliance 2020: ਅਕਾਲੀ-ਭਾਜਪਾ ਵਿਚਾਲੇ 24 ਸਾਲ ਤੱਕ ਚੱਲਿਆ ਨਹੁੰ-ਮਾਸ ਦਾ ਰਿਸ਼ਤਾ 2020 ਵਿੱਚ ਟੁੱਟ ਗਿਆ ਸੀ। ਇਹ ਗਠਜੋੜ 1990 ਦੇ ਦਹਾਕੇ ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਦੋਵੇਂ ਰਸਮੀ ਤੌਰ 'ਤੇ ਭਾਈਵਾਲ ਬਣ ਗਏ ਸਨ। ਉਨ੍ਹਾਂ ਨੇ 1997 ਦੀਆਂ ਪੰਜਾਬ ਚੋਣਾਂ ਇਕੱਠੀਆਂ ਲੜੀਆਂ ਸਨ ਤੇ ਗਠਜੋੜ ਤੁਰੰਤ ਪ੍ਰਭਾਵਸ਼ਾਲੀ ਸਾਬਤ ਹੋਇਆ ਸੀ। ਸੂਬੇ ਦੀਆਂ 117 ਸੀਟਾਂ ਵਿੱਚੋਂ 93 ਜਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ 2020 ਵਿੱਚ ਗਠਜੋੜ ਟੁੱਟਣ ਤੱਕ ਹਰ ਵਿਧਾਨ ਸਭਾ ਚੋਣ ਇਕੱਠੀਆਂ ਲੜੀ। ਅਕਾਲੀ ਦਲ ਦੀ ਤਾਕਤ ਸਿੱਖਾਂ, ਕਿਸਾਨਾਂ ਅਤੇ ਪੇਂਡੂ ਵੋਟਰਾਂ ਵਿੱਚ ਸੀ। ਦੂਜੇ ਪਾਸੇ, ਭਾਜਪਾ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਮਜ਼ਬੂਤ ਸੀ। ਇਸਨੇ ਇੱਕ ਮਜ਼ਬੂਤ ਗਠਜੋੜ ਬਣਾਇਆ ਜੋ 2020 ਤੱਕ ਚੱਲਿਆ।
ਸੀਟਾਂ ਦੀ ਵੰਡ ਦਾ ਫਾਰਮੂਲਾ ਵੀ ਕਾਫ਼ੀ ਪੱਕਾ ਸੀ
ਸ਼੍ਰੋਮਣੀ ਅਕਾਲੀ ਦਲ 94 ਸੀਟਾਂ 'ਤੇ ਚੋਣ ਲੜੇਗਾ ਅਤੇ ਭਾਜਪਾ 23 ਸੀਟਾਂ ਉਤੇ ਚੋਣਾਂ ਲੜਦਾ ਰਿਹਾ। ਰਾਸ਼ਟਰੀ ਪੱਧਰ 'ਤੇ ਆਪਣਾ ਪ੍ਰਭਾਵ ਵਧਾਉਣ ਦੇ ਬਾਵਜੂਦ, ਭਾਜਪਾ ਪੰਜਾਬ ਵਿੱਚ "ਜੂਨੀਅਰ ਭਾਈਵਾਲ" ਬਣੇ ਰਹਿਣ ਲਈ ਤਿਆਰ ਸੀ। ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਦਹਾਕਿਆਂ ਪੁਰਾਣੇ ਸਿਆਸੀ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਸੀ। 26 ਸਤੰਬਰ 2020 ਨੂੰ ਅਕਾਲੀ ਦਲ ਨੇ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਤੋਂ ਵੱਖ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਸੀ।
ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਟੁੱਟਣ ਦੀ ਨੀਂਹ ਜੂਨ 2020 ਵਿੱਚ ਹੀ ਰੱਖੀ ਗਈ ਸੀ, ਜਦੋਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਤ ਤਿੰਨ ਆਰਡੀਨੈਂਸ ਲਿਆਂਦੇ ਗਏ ਸਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਸੀ। ਕਿਸਾਨਾਂ ਨੂੰ ਸਭ ਤੋਂ ਵੱਧ ਚਿੰਤਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਅਤੇ ਸਰਕਾਰੀ ਖ਼ਰੀਦ ਪ੍ਰਣਾਲੀ ਦੇ ਭਵਿੱਖ ਨੂੰ ਲੈ ਕੇ ਸੀ।
ਇਸ ਦੌਰਾਨ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਖੇਤੀ ਕਾਨੂੰਨਾਂ ਵਿੱਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਈ ਜਾਵੇ। ਕਿਸਾਨਾਂ ਦੇ ਵਧਦੇ ਵਿਰੋਧ ਵਿਚਾਲੇ 17 ਸਤੰਬਰ 2020 ਨੂੰ ਤਤਕਾਲੀ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਅਤੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦੇ ਅਸਤੀਫ਼ੇ ਦੇ ਬਾਵਜੂਦ ਸੰਸਦ ਵਿੱਚ ਤਿੰਨੋਂ ਖੇਤੀ ਬਿੱਲ ਪਾਸ ਹੋ ਗਏ। ਇਸ ਘਟਨਾਕ੍ਰਮ ਨੇ ਅਕਾਲੀ ਦਲ ਉੱਤੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਦਬਾਅ ਹੋਰ ਵਧਾ ਦਿੱਤਾ।
ਆਖ਼ਰਕਾਰ 26 ਸਤੰਬਰ 2020 ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਐੱਨ.ਡੀ.ਏ. ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਗਿਆ। ਉਸ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦੀ ਐੱਮਐੱਸਪੀ ਉੱਤੇ ਖ਼ਰੀਦ ਨੂੰ ਕਾਨੂੰਨੀ ਗਾਰੰਟੀ ਦੇਣ ਲਈ ਤਿਆਰ ਨਹੀਂ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਉੱਤੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਅਤੇ ਆੜ੍ਹਤੀਆਂ ਦੀਆਂ ਚਿੰਤਾਵਾਂ ਨੂੰ ਅਣਗੌਲਿਆ ਕਰਨ ਦੇ ਦੋਸ਼ ਵੀ ਲਗਾਏ ਸਨ। ਇਸ ਤੋਂ ਬਾਅਦ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਵੱਡਾ ਕਦਮ ਚੁੱਕਿਆ। ਦਸੰਬਰ 2020 ਵਿੱਚ ਉਨ੍ਹਾਂ ਨੇ ਆਪਣਾ ਪਦਮ ਵਿਭੂਸ਼ਣ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰ ਦਿੱਤਾ ਸੀ।
ਭਾਵੇਂ ਕੇਂਦਰ ਸਰਕਾਰ ਨੇ ਨਵੰਬਰ 2021 ਵਿੱਚ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਸਨ, ਪਰ ਇਸ ਦੇ ਬਾਵਜੂਦ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸਿਆਸੀ ਦੂਰੀ ਖ਼ਤਮ ਨਹੀਂ ਹੋਈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਨੇ ਵੱਖ-ਵੱਖ ਚੋਣ ਲੜੀ।
ਇਸ ਤਰ੍ਹਾਂ ਕਿਸਾਨ ਅੰਦੋਲਨ ਕਾਰਨ ਟੁੱਟਿਆ ਸਿਆਸੀ ਗਠਜੋੜ ਲੰਬੇ ਸਮੇਂ ਤੱਕ ਮੁੜ ਬਹਾਲ ਨਹੀਂ ਹੋ ਸਕਿਆ। ਹੁਣ 2026 ਵਿੱਚ, ਲਗਭਗ ਛੇ ਸਾਲ ਬਾਅਦ, ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਆਉਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਅਜਿਹੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਨਵਾਂ ਸਿਆਸੀ ਸਮੀਕਰਨ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਕਿਸਾਨ ਅੰਦੋਲਨ ਕਾਰਨ ਅਕਾਲੀ ਦਲ ਅਤੇ ਭਾਜਪਾ ਦਾ ਦਹਾਕਿਆਂ ਪੁਰਾਣਾ ਰਿਸ਼ਤਾ ਟੁੱਟਿਆ ਸੀ, ਹੁਣ ਉਸੇ ਗਠਜੋੜ ਨੂੰ ਮੁੜ ਜੋੜਨ ਦੀਆਂ ਕੋਸ਼ਿਸ਼ਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ; ਅਕਾਲੀ-ਭਾਜਪਾ ਵਿਚਾਲੇ ਗਠਜੋੜ ਦਾ ਅੱਜ ਹੋਵੇਗਾ ਰਸਮੀ ਐਲਾਨ