SOCIAL MEDIA

Newsletter

PARTNER SITES
भाषा चुनें राज्य चुनें

ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੋਰਡ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਬਣਾਏਗਾ ਰਣਨੀਤੀ : ਰੀਨਾ ਗੁਪਤਾ

Sultanpur Lodhi News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਚੇਅਰਪਰਸਨ ਰੀਨਾ ਗੁਪਤਾ ਨੇ ਅੱਜ ਬਾਅਦ ਦੁਪਹਿਰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ।

Written By Ravinder Singh
Published: Oct 18, 2026, 07:31 PM IST | Updated: Oct 18, 2026, 07:34 PM IST
Join

Sultanpur Lodhi News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਚੇਅਰਪਰਸਨ ਰੀਨਾ ਗੁਪਤਾ ਨੇ ਅੱਜ ਬਾਅਦ ਦੁਪਹਿਰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। 

ਇਸ ਦੌਰਾਨ ਉਨ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਕੀਤੀ ਗਈ ਪਵਿੱਤਰ ਕਾਲੀ ਵੇਈਂ ਦਾ ਦੌਰਾ ਕੀਤਾ ਅਤੇ ਇਸ ਦੀ ਸਫ਼ਾਈ ਲਈ ਪਿਛਲੇ 25 ਸਾਲਾਂ ਦੌਰਾਨ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਅਤੇ ਪੁਨਰ ਸੁਰਜੀਤੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਰੀਨਾ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੋਰਡ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਠੋਸ ਰਣਨੀਤੀ ਤਿਆਰ ਕਰੇਗਾ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀਪੀਸੀਬੀ ਦੀ ਚੇਅਰਪਰਸਨ ਅਤੇ ਉਨ੍ਹਾਂ ਨਾਲ ਆਏ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਦੇ ਦਰਿਆਵਾਂ, ਡਰੇਨਾਂ ਅਤੇ ਹੋਰ ਕੁਦਰਤੀ ਜਲ ਸਰੋਤਾਂ ਵਿੱਚ ਫੈਲ ਰਹੇ ਪ੍ਰਦੂਸ਼ਣ ਦੇ ਗੰਭੀਰ ਮੁੱਦੇ ਉਠਾਏ ਗਏ। ਸੰਤ ਸੀਚੇਵਾਲ ਨੇ ਵੀਡੀਓਜ਼ ਰਾਹੀਂ ਕਾਲਾ ਸੰਘਿਆ ਡਰੇਨ ਅਤੇ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਠੋਸ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਕਾਲਾ ਸੰਘਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਲਈ 22 ਫਰਵਰੀ 2008 ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਡਰੇਨ ਦੇ ਸ਼ਹਿਰੀ ਖੇਤਰ ਵਿੱਚ ਪੱਕਾ ਨਿਰਮਾਣ ਹੋਣ ਦੇ ਬਾਵਜੂਦ ਇਸ ਵਿੱਚ ਗੰਦਾ ਪਾਣੀ ਪੈਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਜਵਾਬਦੇਹ ਬਣਾਉਣ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਦੀ ਲੋੜ ਉਜਾਗਰ ਕੀਤੀ।

ਮੀਟਿੰਗ ਦੌਰਾਨ ਚਿੱਟੀ ਵੇਈਂ ਅਤੇ ਪਵਿੱਤਰ ਕਾਲੀ ਵੇਈਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ। ਸੰਤ ਸੀਚੇਵਾਲ ਨੇ ਜਲੰਧਰ, ਲੁਧਿਆਣਾ ਅਤੇ ਕਪੂਰਥਲਾ ਖੇਤਰਾਂ ਵਿੱਚ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੁਚਾਰੂ ਸੰਚਾਲਨ, ਬਾਈਪਾਸ ਰਾਹੀਂ ਗੰਦੇ ਪਾਣੀ ਦੀ ਨਿਕਾਸੀ ਨੂੰ ਰੋਕਣ ਅਤੇ ਨਿਰਧਾਰਤ ਵਾਤਾਵਰਨ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ। ਇਸ ਦੌਰਾਨ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਾਲਾ ਸੰਘਿਆ ਡਰੇਨ ਅਤੇ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਰੀਨਾ ਗੁਪਤਾ ਨੇ ਸੰਤ ਸੀਚੇਵਾਲ ਵੱਲੋਂ ਵਾਤਾਵਰਨ ਦੀ ਸੰਭਾਲ, ਦਰਿਆਵਾਂ ਦੀ ਸਫ਼ਾਈ ਅਤੇ ਜਲ ਸਰੋਤਾਂ ਦੀ ਪੁਨਰ ਸੁਰਜੀਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਾਂ ਦੀ ਚਰਚਾ ਵਿਸ਼ਵ ਪੱਧਰ ’ਤੇ ਹੁੰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਾਤਾਵਰਨ ਦੀ ਸੰਭਾਲ ਅਤੇ ਜਲ ਸਰੋਤਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਨਾਲ ਜੁੜੇ ਕਾਰਜਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਇਸ ਉਪਰੰਤ ਸੰਤ ਸੀਚੇਵਾਲ ਨੇ ਚੇਅਰਪਰਸਨ ਅਤੇ ਅਧਿਕਾਰੀਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਕੀਤੀ ਗਈ ਪਵਿੱਤਰ ਕਾਲੀ ਵੇਈਂ ਦੇ ਪਾਣੀ ਦਾ ਟੀਡੀਐੱਸ ਪੱਧਰ ਚੈੱਕ ਕਰਵਾਇਆ ਅਤੇ ਕਿਸ਼ਤੀ ਰਾਹੀਂ ਵੇਈਂ ਦੇ ਦਰਸ਼ਨ ਕਰਵਾਏ। ਇਸ ਮੌਕੇ ਪੀਪੀਸੀਬੀ ਦੇ ਮੈਂਬਰ ਸਕੱਤਰ ਡਾ. ਲਵਨੀਤ ਕੁਮਾਰ ਦੂਬੇ, ਚੀਫ਼ ਇੰਜੀਨੀਅਰ ਆਰ. ਕੇ. ਰਤੜਾ ਸਮੇਤ ਬੋਰਡ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਤਲਵੰਡੀ ਮਾਧੋ ਅਤੇ ਡੱਲਾ ਸਾਹਿਬ ਦੇ ਸੀਚੇਵਾਲ ਮਾਡਲ ਦੇਖ ਕੇ ਪ੍ਰਭਾਵਿਤ ਹੋਏ ਪੀਪੀਸੀਬੀ ਦੇ ਅਧਿਕਾਰੀ

ਪਵਿੱਤਰ ਕਾਲੀ ਵੇਈਂ ਦੇ ਦਰਸ਼ਨਾਂ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਅਤੇ ਉਨ੍ਹਾਂ ਨਾਲ ਆਏ ਅਧਿਕਾਰੀਆਂ ਨੂੰ ਪਿੰਡ ਤਲਵੰਡੀ ਮਾਧੋ ਵਿਖੇ ਸਥਾਪਤ ਸੀਚੇਵਾਲ ਮਾਡਲ-2 ਅਤੇ ਪਿੰਡ ਡੱਲਾ ਸਾਹਿਬ ਵਿਖੇ ਵਿਕਸਤ ਸੀਚੇਵਾਲ ਮਾਡਲ-3 ਦਿਖਾਏ। ਇਨ੍ਹਾਂ ਮਾਡਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀਬਾੜੀ ਲਈ ਵਰਤਿਆ ਜਾ ਰਿਹਾ ਹੈ। 

ਇਸ ਨਾਲ ਨਾ ਸਿਰਫ਼ ਪਾਣੀ ਦੀ ਮੁੜ ਵਰਤੋਂ ਸੰਭਵ ਹੋ ਰਹੀ ਹੈ, ਸਗੋਂ ਛੱਪੜਾਂ ਅਤੇ ਹੋਰ ਕੁਦਰਤੀ ਜਲ ਸਰੋਤਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕਣ ਵਿੱਚ ਵੀ ਮਦਦ ਮਿਲ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਥਾਵਾਂ ’ਤੇ ਪਾਰਕ ਵੀ ਵਿਕਸਤ ਕੀਤੇ ਗਏ ਹਨ, ਜੋ ਪਿੰਡਾਂ ਦੇ ਵਾਤਾਵਰਨ ਨੂੰ ਸੁੰਦਰ ਬਣਾਉਣ ਅਤੇ ਲੋਕਾਂ ਨੂੰ ਸੈਰ-ਸਪਾਟੇ ਲਈ ਸਾਫ਼-ਸੁਥਰਾ ਸਥਾਨ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES