23 ਸਾਲ ਬਾਅਦ ਮੁੜ ਮਿਲੇ ਆਲਮੀ ਹਾਕੀ ਦੇ ਸੁਪਰ ਸਟਾਰ ਫਲੋਰਿਸ ਜਾਨ ਬੋਵਲੈਂਡਰ
ਹਾਕੀ ਦੇ ਮਹਾਨ ਖਿਡਾਰੀ ਫਲੋਰਿਸ ਜਾਨ ਬੋਵੇਲੈਂਡਰ 23 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਦੁਬਾਰਾ ਮਿਲੇ। ਉਨ੍ਹਾਂ ਨੇ 2003 ਵਿੱਚ ਐਮਸਟਰਡਮ ਵਿੱਚ ਆਏ ਮੀਂਹ ਦੌਰਾਨ ਭਾਰਤੀ ਪੱਤਰਕਾਰਾਂ ਦੀ ਮਦਦ ਕਰਕੇ ਦਿਲ ਜਿੱਤ ਲਏ ਸਨ।
Asian Champions Trophy 2026: ਕਈ ਮੁਲਾਕਾਤਾਂ ਸਿਰਫ਼ ਤਸਵੀਰਾਂ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਬਣ ਜਾਂਦੀਆਂ ਹਨ। ਆਲਮੀ ਹਾਕੀ ਦੇ ਮਹਾਨ ਖਿਡਾਰੀ ਅਤੇ ਹਾਲੈਂਡ ਦੇ ਪੈਨਲਟੀ ਕਾਰਨਰ ਸਪੈਸ਼ਲਿਸਟ ਫਲੋਰਿਸ ਜਾਨ ਬੋਵਲੈਂਡਰ ਨਾਲ ਮੇਰੀ 23 ਸਾਲ ਬਾਅਦ ਹੋਈ ਮੁਲਾਕਾਤ ਵੀ ਅਜਿਹੀ ਹੀ ਇੱਕ ਯਾਦਗਾਰੀ ਘਟਨਾ ਹੈ।
ਗੱਲ 22 ਅਗਸਤ 2003 ਦੀ ਹੈ। ਹਾਲੈਂਡ ਦੇ ਸ਼ਹਿਰ ਐਮਸਟਰਡਮ ਦੇ ਵੇਖਨਰ ਹਾਕੀ ਸਟੇਡੀਅਮ ਵਿੱਚ 25ਵੀਂ ਸਿਲਵਰ ਜੁਬਲੀ ਚੈਂਪੀਅਨਜ਼ ਹਾਕੀ ਟਰਾਫ਼ੀ ਚੱਲ ਰਹੀ ਸੀ। ਭਾਰਤ ਨੇ ਉਸ ਦਿਨ ਪਾਕਿਸਤਾਨ ਨੂੰ 7-4 ਗੋਲਾਂ ਨਾਲ ਹਰਾ ਕੇ ਇੱਕ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਮੈਂ ਉਸ ਸਮੇਂ ਅਦਾਰਾ ਅਜੀਤ ਪੰਜਾਬੀ ਅਖ਼ਬਾਰ ਵੱਲੋਂ ਇਸ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟ ਦੀ ਕਵਰੇਜ ਕਰਨ ਲਈ ਹਾਲੈਂਡ ਗਿਆ ਹੋਇਆ ਸੀ।
ਭਾਰਤ ਦੀ ਪਾਕਿਸਤਾਨ ਉੱਤੇ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ। ਹਰ ਪਾਸੇ ਜਸ਼ਨ ਦਾ ਮਾਹੌਲ ਸੀ, ਭੰਗੜੇ ਪੈ ਰਹੇ ਸਨ ਅਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ।
ਮੈਚ ਤੋਂ ਬਾਅਦ ਜਦੋਂ ਅਸੀਂ ਮੀਡੀਆ ਸੈਂਟਰ ਤੋਂ ਬਾਹਰ ਨਿਕਲੇ ਤਾਂ ਮੀਂਹ ਪੂਰੇ ਜ਼ੋਰਾਂ ਨਾਲ ਪੈ ਰਿਹਾ ਸੀ। ਸਾਡੀ ਕਾਰ ਲਗਭਗ 2 ਕਿਲੋਮੀਟਰ ਦੂਰ ਪਾਰਕਿੰਗ ਵਿੱਚ ਖੜ੍ਹੀ ਸੀ। ਰਾਤ ਦੇ 11 ਵੱਜ ਚੁੱਕੇ ਸਨ ਅਤੇ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਭਾਰੀ ਬਾਰਿਸ਼ ਵਿੱਚ ਹਨ੍ਹੇਰੀ ਰਾਤ ਚ ਆਪਣੀ ਕਾਰ ਤੱਕ ਕਿਵੇਂ ਪਹੁੰਚਿਆ ਜਾਵੇ।
ਇਸੇ ਦੌਰਾਨ ਇੱਕ ਅਜਨਬੀ ਜਿਹਾ ਚਿਹਰਾ ਸਾਡੇ ਕੋਲ ਆਇਆ। ਉਸ ਨੇ ਸਾਡੀ ਸਮੱਸਿਆ ਸਮਝੀ ਅਤੇ ਬਿਨਾਂ ਕਿਸੇ ਝਿਜਕ ਦੇ ਸਾਨੂੰ ਆਪਣੀ ਕਾਰ ਵਿੱਚ ਬਿਠਾ ਕੇ ਸਾਡੀ ਪਾਰਕਿੰਗ ਵਾਲੀ ਕਾਰ ਤੱਕ ਛੱਡ ਆਇਆ। ਜਾਂਦੇ ਸਮੇਂ ਉਸ ਨੇ ਆਪਣੀ ਜਾਣ-ਪਛਾਣ ਕਰਵਾਈ ਕਿ ਉਹ ਹਾਲੈਂਡ ਦਾ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਹੈ। ਉਸ ਨੇ ਸਿਰਫ਼ ਇੰਨਾ ਕਿਹਾ ਕਿ ਅੱਜ ਭਾਰਤੀ ਹਾਕੀ ਟੀਮ ਨੇ ਬਹੁਤ ਵਧੀਆ ਖੇਡ ਦਿਖਾਈ ਹੈ ਅਤੇ ਫਿਰ ਉਹ ਵਾਪਸ ਚਲਾ ਗਿਆ।
ਇਹ ਜਾਣ ਕੇ ਸਾਨੂੰ ਬਹੁਤ ਹੈਰਾਨੀ ਹੋਈ ਕਿ ਇਹ ਕੋਈ ਆਮ ਵਿਅਕਤੀ ਨਹੀਂ, ਸਗੋਂ ਵਿਸ਼ਵ ਹਾਕੀ ਦਾ ਉਹ ਮਹਾਨ ਸੁਪਰ ਸਟਾਰ ਸੀ, ਜਿਸ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਨ ਦੀ ਕਲਾ ਨੂੰ ਇੱਕ ਨਵੀਂ ਪਛਾਣ ਦਿੱਤੀ। ਬੋਵਲੈਂਡਰ ਦੀ ਬਦੌਲਤ ਹਾਲੈਂਡ ਨੇ 1990 ਵਿੱਚ ਲਾਹੌਰ ਵਿਖੇ ਵਿਸ਼ਵ ਕੱਪ ਜਿੱਤਿਆ ਅਤੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਵੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। 1994 ਦੇ ਵਿਸ਼ਵ ਕੱਪ ਵਿੱਚ ਹਾਲੈਂਡ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਉਸ ਦੀਆਂ ਅਨੇਕਾਂ ਹੋਰ ਅੰਤਰਰਾਸ਼ਟਰੀ ਪ੍ਰਾਪਤੀਆਂ ਹਨ।
ਇੰਨੀਆਂ ਵੱਡੀਆਂ ਖੇਡ ਪ੍ਰਾਪਤੀਆਂ ਅਤੇ ਦੁਨੀਆ ਭਰ ਵਿੱਚ ਪ੍ਰਸਿੱਧੀ ਦੇ ਬਾਵਜੂਦ ਉਸ ਦੀ ਨਿਮਰਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਂ ਉਸ ਦੀ ਤੁਲਨਾ ਹਮੇਸ਼ਾ ਸਾਧੂਆਂ ਅਤੇ ਫ਼ਕੀਰਾਂ ਨਾਲ ਕਰਦਾ ਰਿਹਾ ਹਾਂ। 22 ਅਗਸਤ 2003 ਦਾ ਉਹ ਦਿਨ ਮੇਰੀ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਵਿੱਚ ਸ਼ਾਮਲ ਹੋ ਗਿਆ।
ਹੁਣ 23 ਸਾਲ ਬਾਅਦ 4 ਨਵੰਬਰ 2026 ਨੂੰ ਚੰਡੀਗੜ੍ਹ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ ਦੇ ਮੈਚ ਦੇਖਣ ਦਾ ਸਬੱਬ ਬਣਿਆ। ਸਾਡੇ ਪਰਮ ਮਿੱਤਰ, ਸਮਾਜ ਸੇਵੀ ਅਤੇ ਹਾਕੀ ਪ੍ਰੇਮੀ ਅਤੇ ਡੀਆਈਜੀ ਗੁਰਪ੍ਰੀਤ ਸਿੰਘ ਤੂਰ ਸਾਹਿਬ ਨਾਲ ਮੈਚ ਦੇਖਣ ਪਹੁੰਚੇ ਤਾਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਅਤੇ ਡਿਪਟੀ ਡਾਇਰੈਕਟਰ ਨਵਦੀਪ ਗਿੱਲ ਨੇ ਸਾਡਾ ਸਵਾਗਤ ਕੀਤਾ। ਨਵਦੀਪ ਗਿੱਲ ਨੂੰ ਅਸੀਂ ਆਪਣੀ ਖੇਡ ਪੱਤਰਕਾਰੀ ਦਾ ਵਾਰਸ ਵੀ ਮੰਨਦੇ ਹਾਂ। ਉਹ ਖ਼ੁਦ ਵੀ ਇੱਕ ਵਧੀਆ ਖੇਡ ਪ੍ਰੇਮੀ ਹੈ। ਉਸ ਨੇ ਸਾਨੂੰ ਪਾਸ ਮੁਹੱਈਆ ਕਰਵਾਏ ਅਤੇ ਬੜੇ ਪਿਆਰ ਨਾਲ ਸਾਡੀ ਆਓ-ਭਗਤ ਕੀਤੀ।
ਅੰਦਰ ਪਹੁੰਚਦਿਆਂ ਹੀ ਨਵਦੀਪ ਗਿੱਲ ਨੇ ਸਾਨੂੰ ਦੁਨੀਆ ਦੇ ਉਸ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮਿਲਾਇਆ। ਮੁਲਾਕਾਤ ਹੋਈ, ਤਸਵੀਰਾਂ ਖਿੱਚੀਆਂ ਗਈਆਂ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ।
ਜਦੋਂ ਮੈਂ ਬੋਵਲੈਂਡਰ ਸਾਹਿਬ ਨੂੰ ਦੱਸਿਆ ਕਿ ਅਸੀਂ ਤੁਹਾਨੂੰ 2003 ਦੀ ਚੈਂਪੀਅਨਜ਼ ਟਰਾਫ਼ੀ ਦੌਰਾਨ ਮਿਲੇ ਸੀ ਅਤੇ ਤੁਸੀਂ ਸਾਨੂੰ ਭਾਰੀ ਮੀਂਹ ਵਿੱਚ ਆਪਣੀ ਕਾਰ ਰਾਹੀਂ ਸਾਡੀ ਕਾਰ ਤੱਕ ਛੱਡ ਕੇ ਆਏ ਸੀ ਤਾਂ ਉਸ ਨੂੰ ਉਹ ਪੁਰਾਣਾ ਵਾਕਿਆ ਯਾਦ ਆ ਗਿਆ। ਉਸ ਨੇ ਮੁਸਕਰਾਉਂਦਿਆਂ ਕਿਹਾ, “Yes, I know, we met!”
ਇਹ ਸੁਣ ਕੇ 23 ਸਾਲ ਪੁਰਾਣੀ ਉਹ ਯਾਦ ਇੱਕ ਵਾਰ ਫਿਰ ਤਾਜ਼ਾ ਹੋ ਗਈ। ਵੇਖਨਰ ਐਮਸਟਲਵੀਨ ਹਾਕੀ ਸਟੇਡੀਅਮ, ਜਿੱਥੇ ਉਹ ਮੁਲਾਕਾਤ ਹੋਈ ਸੀ, ਵਿਸ਼ਵ ਹਾਕੀ ਦੇ ਇਤਿਹਾਸ ਵਿੱਚ ਵੀ ਵਿਸ਼ੇਸ਼ ਸਥਾਨ ਰੱਖਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਫਲੋਰਿਸ ਜਾਨ ਬੋਵਲੈਂਡਰ ਦੇ ਵੱਡੇ ਪ੍ਰਸ਼ੰਸਕ ਹਨ। ਦੂਜੇ ਪਾਸੇ ਬੋਵਲੈਂਡਰ ਵੀ ਪੰਜਾਬੀਆਂ ਅਤੇ ਪੰਜਾਬ ਦੀ ਹਾਕੀ ਦਾ ਬਹੁਤ ਵੱਡਾ ਮੁਰੀਦ ਹੈ।
ਕਈ ਵਾਰ ਖਿਡਾਰੀ ਆਪਣੀਆਂ ਪ੍ਰਾਪਤੀਆਂ ਨਾਲ ਦੁਨੀਆ ਜਿੱਤ ਲੈਂਦੇ ਹਨ, ਪਰ ਆਪਣੇ ਵਿਹਾਰ ਅਤੇ ਨਿਮਰਤਾ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੇ ਬਹੁਤ ਘੱਟ ਹੁੰਦੇ ਹਨ। ਫਲੋਰਿਸ ਜਾਨ ਬੋਵਲੈਂਡਰ ਅਜਿਹੀ ਹੀ ਸ਼ਖ਼ਸੀਅਤ ਹੈ।
23 ਸਾਲ ਪਹਿਲਾਂ ਮੀਂਹ ਵਿੱਚ ਸਾਡੀ ਮਦਦ ਕਰਨ ਵਾਲੇ ਉਸ ਮਹਾਨ ਹਾਕੀ ਖਿਡਾਰੀ ਨਾਲ 4 ਨਵੰਬਰ 2026 ਨੂੰ ਹੋਈ ਇਹ ਦੂਜੀ ਮੁਲਾਕਾਤ ਵੀ ਮੇਰੀ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਯਾਦ ਰਹੇਗੀ। ਗੁਰੂ ਭਲੀ ਕਰੇ ਰੱਬ ਰਾਖਾ!
ਖੇਡ ਲੇਖਕ-: ਜਗਰੂਪ ਸਿੰਘ ਜਰਖੜ
98143-00722