SOCIAL MEDIA

Newsletter

PARTNER SITES
भाषा चुनें राज्य चुनें

ਅਕਾਲੀ ਦਲ ਦੀ ਕਾਨੂੰਨੀ ਐਕਸ਼ਨ ਕਮੇਟੀ ਦੀ ਅੱਜ ਹੋਈ ਮੀਟਿੰਗ, ਫੇਕ ਨਿਊਜ਼ ਅਤੇ AI Content 'ਤੇ ਕਾਨੂੰਨੀ ਕਾਰਵਾਈ ਦੀ ਤਿਆਰੀ

ਲੀਗਲ ਐਕਸ਼ਨ ਕਮੇਟੀ ਦੀ ਪਹਿਲੀ ਮੀਟਿੰਗ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਨੇ ਜਾਅਲੀ ਖ਼ਬਰਾਂ, ਏਆਈ ਵੀਡੀਓਜ਼ ਅਤੇ ਬੇਬੁਨਿਆਦ ਦੋਸ਼ਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ।

Written By Raj Rani
Published: Oct 03, 2026, 03:29 PM IST | Updated: Oct 03, 2026, 03:54 PM IST
Join

Chandigarh News: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਲੀਗਲ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਕਮੇਟੀ ਦੀ ਪਹਿਲੀ ਮੀਟਿੰਗ ਪਾਰਟੀ ਦਫ਼ਤਰ ਵਿੱਚ ਹੋਈ। ਅਕਾਲੀ ਦਲ ਦੇ ਚੀਫ਼ ਸਪੋਕਸਪਰਸਨ ਅਰਸ਼ਦੀਪ ਸਿੰਘ ਕਲੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਬਾਰੇ ਜਾਣਕਾਰੀ ਸਾਂਝੀ ਕੀਤੀ।

ਕਲੇਰ ਮੁਤਾਬਕ ਐਡਵੋਕੇਟ ਅਮਰਦੀਪ ਧਾਰੀ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦਕਿ ਐਡਵੋਕੇਟ ਜਸਪ੍ਰੀਤ ਬਰਾੜ, ਐਡਵੋਕੇਟ ਸੌਰਵ ਭਾਟੀਆ ਅਤੇ ਐਡਵੋਕੇਟ ਰਵੀ ਰਾਣਾ ਸਮੇਤ ਹੋਰ ਵਕੀਲ ਇਸ ਦਾ ਹਿੱਸਾ ਹਨ। ਐਡਵੋਕੇਟ ਪਰਮਜੀਤ ਬਰਾੜ ਅਤੇ ਐਡਵੋਕੇਟ ਗੁਰਬੀਰ ਸਿੱਧੂ ਨੂੰ ਸਪੈਸ਼ਲ ਇਨਵਾਇਟੀ ਵਜੋਂ ਸ਼ਾਮਲ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ।

ਕਲੇਰ ਨੇ ਕਿਹਾ ਕਿ ਪਾਰਟੀ ਦਾ ਉਦੇਸ਼ ਸਿਆਸੀ ਮੁੱਦਿਆਂ ’ਤੇ ਹੋਣ ਵਾਲੀ ਸਕਾਰਾਤਮਕ ਆਲੋਚਨਾ ਨੂੰ ਰੋਕਣਾ ਨਹੀਂ, ਸਗੋਂ ਉਨ੍ਹਾਂ ਦੇ ਮੁਤਾਬਕ ਝੂਠੇ ਨੈਰੇਟਿਵ, ਬੇਬੁਨਿਆਦ ਇਲਜ਼ਾਮਾਂ ਅਤੇ ਕਿਰਦਾਰਕੁਸ਼ੀ ਵਾਲੀ ਸਮੱਗਰੀ ਖ਼ਿਲਾਫ਼ ਕਾਨੂੰਨੀ ਰਾਹ ਅਪਣਾਉਣਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਿਆਸੀ ਪਾਰਟੀ ਜਾਂ ਆਗੂ ਦੀ ਕੋਈ ਗਲਤੀ ਤੱਥਾਂ ਦੇ ਆਧਾਰ ’ਤੇ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਆਲੋਚਨਾ ਹੋਣੀ ਚਾਹੀਦੀ ਹੈ। ਪਰ ਉਨ੍ਹਾਂ ਦੇ ਮੁਤਾਬਕ ਬਿਨਾਂ ਤੱਥਾਂ ਦੇ ਕਿਸੇ ਵਿਅਕਤੀ ਜਾਂ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਖ਼ਿਲਾਫ਼ ਅਕਾਲੀ ਦਲ ਕਾਨੂੰਨੀ ਕਾਰਵਾਈ ਕਰੇਗਾ।

ਸੋਸ਼ਲ ਮੀਡੀਆ ਅਤੇ AI ਵੀਡੀਓਜ਼ ’ਤੇ ਸਖ਼ਤ ਰੁਖ
ਕਲੇਰ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ AI ਰਾਹੀਂ ਤਿਆਰ ਕੀਤੀਆਂ ਵੀਡੀਓਜ਼ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਵੀ ਕਮੇਟੀ ਸਰਗਰਮ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਡੈਫੇਮੇਟਰੀ ਜਾਂ ਡੈਰੋਗੇਟਰੀ ਸਮੱਗਰੀ ਪਾਈ ਜਾਂਦੀ ਹੈ ਤਾਂ ਕਾਨੂੰਨੀ ਨੋਟਿਸ ਅਤੇ ਲੋੜ ਪੈਣ ’ਤੇ ਡੈਫੇਮੇਸ਼ਨ ਅਤੇ ਡੈਮੇਜ ਸੂਟ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਤੱਥਾਂ ਅਤੇ ਸਬੂਤਾਂ ਨਾਲ ਕੀਤੀ ਗਈ ਆਲੋਚਨਾ ਲੋਕਤੰਤਰ ਦਾ ਹਿੱਸਾ ਹੈ।

ਜ਼ਿਲ੍ਹਾ ਪੱਧਰ ’ਤੇ ਵੀ ਬਣਨਗੀਆਂ ਕਮੇਟੀਆਂ
ਅਰਸ਼ਦੀਪ ਕਲੇਰ ਨੇ ਦੱਸਿਆ ਕਿ ਇਹ ਕਮੇਟੀ ਸਿਰਫ਼ ਸੂਬਾ ਪੱਧਰ ਤੱਕ ਸੀਮਿਤ ਨਹੀਂ ਰਹੇਗੀ। ਆਉਣ ਵਾਲੇ ਸਮੇਂ ਵਿੱਚ ਹਰ ਜ਼ਿਲ੍ਹੇ ਵਿੱਚ ਵੀ ਲੀਗਲ ਐਕਸ਼ਨ ਕਮੇਟੀਆਂ ਬਣਾਉਣ ਦੀ ਤਿਆਰੀ ਹੈ। ਪਾਰਟੀ ਦੇ IT ਵਿੰਗ ਅਤੇ RTI ਵਿੰਗ ਨੂੰ ਵੀ ਇਸ ਪ੍ਰਕਿਰਿਆ ਨਾਲ ਜੋੜਨ ਦੀ ਗੱਲ ਕਹੀ ਗਈ।

ਮੀਡੀਆ ਨੂੰ ਵੀ ਕੀਤੀ ਅਪੀਲ
ਕਲੇਰ ਨੇ ਮੀਡੀਆ ਅਦਾਰਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਸਰਕਾਰੀ ਜਾਂ ਸਿਆਸੀ ਸਰੋਤ ਵੱਲੋਂ ਕੋਈ ਖ਼ਬਰ ਜਾਰੀ ਕਰਵਾਈ ਜਾਂਦੀ ਹੈ ਤਾਂ ਉਸ ਦੀ ਅਧਿਕਾਰਤ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਨਾਮ ਅਤੇ ਬਿਨਾਂ ਕਿਸੇ ਅਧਿਕਾਰਤ ਸਰੋਤ ਦੇ ਸਿਰਫ਼ ਕੁਝ ਲਾਈਨਾਂ ਭੇਜ ਕੇ ਖ਼ਬਰਾਂ ਚਲਾਉਣ ਦੀ ਪ੍ਰਥਾ ’ਤੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ।

ਰੂਪ ਕੌਰ ਸੰਧੂ ਨਾਲ ਗੱਲਬਾਤ ’ਤੇ ਸਪਸ਼ਟੀਕਰਨ
ਬਹਿਰੀਨ ਨਾਲ ਸਬੰਧਤ ਮਾਮਲੇ ਬਾਰੇ ਪੁੱਛੇ ਸਵਾਲ ’ਤੇ ਕਲੇਰ ਨੇ ਕਿਹਾ ਕਿ ਉਨ੍ਹਾਂ ਦੀ ਰੂਪ ਕੌਰ ਸੰਧੂ ਨਾਲ ਨਿੱਜੀ ਤੌਰ ’ਤੇ ਕੋਈ ਵਿਸ਼ੇਸ਼ ਗੱਲਬਾਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸਤੰਬਰ ਵਿੱਚ ਰੂਪ ਕੌਰ ਸੰਧੂ ਨੇ ਪਾਰਟੀ ਨਾਲ ਸਬੰਧਤ ਕੁਝ ਮਸਲਿਆਂ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸੀ। ਕਲੇਰ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਹੋਰ ਗੱਲਬਾਤ ਨਹੀਂ ਹੋਈ।

ਪੰਜਾਬ ਦੇ ਮੁੱਦਿਆਂ ’ਤੇ ਰਾਜਨੀਤੀ ਦੀ ਅਪੀਲ
ਕਲੇਰ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਨੂੰ ਕਿਰਦਾਰਕੁਸ਼ੀ ਦੀ ਬਜਾਏ ਮੁੱਦਿਆਂ ’ਤੇ ਕੇਂਦਰਿਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਕਾਰਾਤਮਕ ਆਲੋਚਨਾ ਅਤੇ ਪੰਜਾਬ ਦੇ ਮੁੱਦਿਆਂ ’ਤੇ ਸਿਆਸਤ ਕਰਨ ਦੀ ਅਪੀਲ ਕੀਤੀ।

ਕਲੇਰ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਬਣਾਈ ਗਈ ਲੀਗਲ ਐਕਸ਼ਨ ਕਮੇਟੀ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੇਗੀ ਅਤੇ ਜਿੱਥੇ ਪਾਰਟੀ ਨੂੰ ਕਾਨੂੰਨੀ ਕਾਰਵਾਈ ਦੀ ਲੋੜ ਮਹਿਸੂਸ ਹੋਵੇਗੀ, ਉੱਥੇ ਮਾਮਲਾ ਕਾਨੂੰਨੀ ਤੌਰ ’ਤੇ ਅੱਗੇ ਵਧਾਇਆ ਜਾਵੇਗਾ।
 

Add Zee News as a Preferred Source
TAGS:

About the Author

ਰਾਜ ਰਾਣੀ ਜ਼ੀ ਪੰਜਾਬ ਹਰਿਆਣਾ ਹਿਮਾਚਲ (Zee Punjabi) ਵਿੱਚ ਇੱਕ ਸਬ-ਐਡੀਟਰ ਹੈ ਅਤੇ ਉਸਨੂੰ ਨਿਊਜ਼ ਐਡੀਟਿੰਗ, ਕੰਟੈਂਟ ਰਾਈਟਿੰਗ ਅਤੇ ਡਿਜੀਟਲ ਜਰਨਾਲਿਜ਼ਮ ਵਿੱਚ ਕਈ ਸਾਲਾਂ ਦਾ ਤਜਰਬਾ ਹੈ। ਉਹ ਰਾਜਨੀਤੀ, ਕਰੰਟ ਅਫੇਅਰਸ, ਸਥਾਨਕ ਖ਼ਬਰਾਂ, ਸਿਹਤ ਅਤੇ ਲਾਈਫਸਟਾਇਲ ਵਰਗੇ ਵਿਸ਼ਿਆਂ 'ਤੇ ਸਹੀ, ਭਰੋਸੇਯੋਗ ਅਤੇ ਪਾਠਕ-ਕੇਂਦ੍ਰਿਤ ਕੰਟੈਂਟ ਤਿਆਰ ਕਰਦੀ ਹੈ। 

ZEENEWS TRENDING STORIES