SOCIAL MEDIA

Newsletter

PARTNER SITES
भाषा चुनें राज्य चुनें

ਮਸ਼ਹੂਰ ਅਦਾਕਾਰਾ ਨੂੰ 89 ਕਰੋੜ ਰੁਪਏ ਦਾ ਲੱਗਿਆ ਜੁਰਮਾਨਾ

Harshavardhini Ranya Rao News: ਹਰਸ਼ਵਰਧਨੀ ਰਾਣਿਆ ਰਾਓ ਅਤੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਸੋਨਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਕਸਟਮ ਵਿਭਾਗ ਵੱਲੋਂ ਭਾਰੀ ਜੁਰਮਾਨੇ ਲਗਾਏ ਗਏ ਹਨ।

Written By Ravinder Singh
Published: Oct 02, 2026, 12:53 PM IST | Updated: Oct 02, 2026, 12:56 PM IST
Join

Harshavardhini Ranya Rao News: ਅਦਾਕਾਰਾ ਹਰਸ਼ਵਰਧਨੀ ਰਾਣਿਆ ਰਾਓ ਅਤੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਸੋਨਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਕਸਟਮ ਵਿਭਾਗ ਵੱਲੋਂ ਭਾਰੀ ਜੁਰਮਾਨੇ ਲਗਾਏ ਗਏ ਹਨ। ਇਹ ਮਾਮਲਾ ਮਾਰਚ 2024 ਤੋਂ ਮਾਰਚ 2025 ਦੇ ਵਿਚਕਾਰ ਕਥਿਤ ਤੌਰ 'ਤੇ 127 ਕਿਲੋਗ੍ਰਾਮ ਸੋਨੇ ਦੀ ਤਸਕਰੀ ਨਾਲ ਜੁੜਿਆ ਹੋਇਆ ਹੈ। ਇਸ ਸੋਨੇ ਦੀ ਕੁੱਲ ਕੀਮਤ ਲਗਭਗ 102.5 ਕਰੋੜ ਰੁਪਏ ਦੱਸੀ ਗਈ ਹੈ। ਹਰਸ਼ਵਰਧਨੀ ਰਾਣਿਆ ਰਾਓ ਨੂੰ 89 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ।

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 3 ਮਾਰਚ 2025 ਨੂੰ ਦੁਬਈ ਤੋਂ ਬੈਂਗਲੁਰੂ ਪਹੁੰਚੀ ਰਾਣਿਆ ਰਾਓ ਕੋਲੋਂ ਕਸਟਮ ਅਧਿਕਾਰੀਆਂ ਨੇ 14.2 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਸੀ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 12.6 ਕਰੋੜ ਰੁਪਏ ਦੱਸੀ ਗਈ। ਜਾਂਚ ਤੋਂ ਬਾਅਦ ਕਸਟਮ ਵਿਭਾਗ ਨੇ ਰਾਣਿਆ ਰਾਓ ਨੂੰ ਇਸ ਪੂਰੇ ਮਾਮਲੇ ਵਿੱਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ।

ਬੈਂਗਲੁਰੂ ਹਵਾਈ ਅੱਡੇ ਦੇ ਸੰਯੁਕਤ ਕਮਿਸ਼ਨਰ ਸੰਦੀਪ ਗੁੰਜਲ ਵੱਲੋਂ ਜਾਰੀ ਹੁਕਮ ਅਨੁਸਾਰ ਰਾਣਿਆ ਰਾਓ 'ਤੇ 102.5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਤਰੁਣ ਕੋਂਡੂਰੂ ਰਾਜੂ 'ਤੇ 62.1 ਕਰੋੜ ਰੁਪਏ ਅਤੇ ਸਾਹਿਲ ਸਾਕਾਰੀਆ ਜੈਨ ਤੇ ਭਰਤ ਕੁਮਾਰ ਜੈਨ 'ਤੇ 53.1-53.1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਕਸਟਮ ਵਿਭਾਗ ਦੇ ਅਨੁਸਾਰ, ਮੁਲਜ਼ਮਾਂ ਨੇ ਸੋਨੇ ਨੂੰ ਲੁਕਾਉਣ ਲਈ ਵੱਖ-ਵੱਖ ਤਰੀਕੇ ਵਰਤੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੋਨਾ ਸਰੀਰ ਦੇ ਆਲੇ-ਦੁਆਲੇ, ਕੱਪੜਿਆਂ ਦੀਆਂ ਜੇਬਾਂ ਅਤੇ ਜੁੱਤੀਆਂ ਦੇ ਅੰਦਰ ਲੁਕਾ ਕੇ ਲਿਆਂਦਾ ਜਾਂਦਾ ਸੀ। ਵਿਭਾਗ ਨੇ ਦੋਸ਼ ਲਗਾਇਆ ਹੈ ਕਿ ਰਾਜੂ ਦੁਬਈ ਤੋਂ ਸੋਨੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਇਸ ਦੀ ਡਿਲੀਵਰੀ ਵਿੱਚ ਸ਼ਾਮਲ ਸੀ। ਇਸੇ ਤਰ੍ਹਾਂ ਸਾਹਿਲ ਅਤੇ ਭਰਤ 'ਤੇ ਭਾਰਤ ਵਿੱਚ ਸੋਨੇ ਦੀ ਖਪਤ ਜਾਂ ਨਿਪਟਾਰੇ ਅਤੇ ਕਥਿਤ ਹਵਾਲਾ ਲੈਣ-ਦੇਣ ਰਾਹੀਂ ਭੁਗਤਾਨ ਦੇ ਪ੍ਰਬੰਧ ਵਿੱਚ ਭੂਮਿਕਾ ਨਿਭਾਉਣ ਦੇ ਦੋਸ਼ ਹਨ।

ਜਾਂਚ ਦੌਰਾਨ ਰਾਣਿਆ ਰਾਓ ਦੇ ਲਵੇਲ ਰੋਡ ਸਥਿਤ ਘਰ ਦੀ ਵੀ ਤਲਾਸ਼ੀ ਲਈ ਗਈ। ਅਧਿਕਾਰੀਆਂ ਮੁਤਾਬਕ ਉਥੋਂ ਲਗਭਗ 2.7 ਕਰੋੜ ਰੁਪਏ ਦੀ ਨਕਦੀ ਅਤੇ ਕਰੀਬ 2.1 ਕਰੋੜ ਰੁਪਏ ਦੇ ਗਹਿਣੇ ਤੇ ਹੋਰ ਕੀਮਤੀ ਵਸਤੂਆਂ ਮਿਲੀਆਂ। ਕਸਟਮ ਵਿਭਾਗ ਨੇ ਇਨ੍ਹਾਂ ਨੂੰ ਵੀ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ ਅਤੇ ਦਾਅਵਾ ਕੀਤਾ ਹੈ ਕਿ ਇਹ ਸਮਾਨ ਤਸਕਰੀ ਕੀਤੇ ਸੋਨੇ ਦੀ ਵਿਕਰੀ ਤੋਂ ਪ੍ਰਾਪਤ ਰਕਮ ਨਾਲ ਜੁੜਿਆ ਹੋ ਸਕਦਾ ਹੈ।

ਇਸ ਮਾਮਲੇ ਦੀ ਜਾਂਚ ਵਿੱਚ ਸਿਰਫ਼ 3 ਮਾਰਚ ਦੀ ਖੇਪ ਹੀ ਨਹੀਂ, ਸਗੋਂ ਪਹਿਲਾਂ ਦੀਆਂ 14 ਖੇਪਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਅਨੁਸਾਰ ਇਨ੍ਹਾਂ ਖੇਪਾਂ ਵਿੱਚ ਕੁੱਲ 113 ਕਿਲੋਗ੍ਰਾਮ ਤੋਂ ਵੱਧ ਸੋਨਾ ਸ਼ਾਮਲ ਸੀ, ਹਾਲਾਂਕਿ ਇਸ ਨੂੰ ਮੌਕੇ 'ਤੇ ਭੌਤਿਕ ਤੌਰ 'ਤੇ ਜ਼ਬਤ ਨਹੀਂ ਕੀਤਾ ਜਾ ਸਕਿਆ।

ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਹਵਾਈ ਅੱਡੇ ਦੀ 16 ਘੰਟਿਆਂ ਤੋਂ ਵੱਧ ਦੀ ਸੀਸੀਟੀਵੀ ਫੁਟੇਜ, 152 ਦਸਤਾਵੇਜ਼ਾਂ ਤੋਂ ਇਲਾਵਾ ਡਿਜੀਟਲ ਅਤੇ ਵਿੱਤੀ ਸਬੂਤਾਂ ਦੀ ਜਾਂਚ ਕੀਤੀ ਗਈ। ਚਾਰੇ ਵਿਅਕਤੀਆਂ ਨੂੰ ਹੁਕਮ ਦੀ ਪ੍ਰਾਪਤੀ ਤੋਂ 60 ਦਿਨਾਂ ਦੇ ਅੰਦਰ ਕਸਟਮ ਕਮਿਸ਼ਨਰ (ਅਪੀਲ) ਕੋਲ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦਾ ਅਧਿਕਾਰ ਹੈ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES