ਚੇਤਨ ਸਿੰਘ ਜੋੜੇਮਾਜਰਾ ਤੇ ਹਰਮੀਤ ਪਠਾਣਮਾਜਰਾ ਦੇ ਅਸਤੀਫ਼ੇ ਉਤੇ 'ਆਪ' ਦਾ ਵੱਡਾ ਬਿਆਨ
Punjab AAP News: ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਤੇ ਹਰਮੀਤ ਸਿੰਘ ਪਠਾਣਮਾਜਰਾ ਦੇ ਅਸਤੀਫ਼ੇ ਮਗਰੋਂ 'ਆਪ' ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Punjab AAP News: ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਤੇ ਹਰਮੀਤ ਸਿੰਘ ਪਠਾਣਮਾਜਰਾ ਦੇ ਅਸਤੀਫ਼ੇ ਮਗਰੋਂ 'ਆਪ' ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। 'ਆਪ' ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਇਨ੍ਹਾਂ ਦੀਆਂ ਹਰਕਤਾਂ ਕਾਰਨ ਪਾਰਟੀ ਵਿਚੋਂ ਪਹਿਲਾਂ ਹੀ ਲਾਂਭੇ ਕਰ ਦਿੱਤਾ ਗਿਆ ਸੀ।
ਹੁਣ ਇਹ ਦੋਵੇਂ ਉਸ ਭਾਜਪਾ ਵਿਚ ਜਾਣਗੇ ਜਿਸ ਨੂੰ ਪੰਜਾਬ ਵਿਚ ਉਮੀਦਵਾਰ ਨਹੀਂ ਲੱਭ ਰਹੇ, ਭਾਜਪਾ ਰਹਿੰਦ ਖੂੰਹਦ ਵਾਲੀ ਪਾਰਟੀ ਹੀ ਹੈ ਜਿਸ ਕੋਲ ਪਾਰਟੀਆਂ ਦੇ ਕੱਢੇ ਲੋਕ ਹੀ ਜਾਂਦੇ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਬੋਲਿਆ ਵੱਡਾ ਹਮਲਾ
ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੋਂ ਜਦੋਂ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਹਰਮੀਤ ਸਿੰਘ ਪਠਾਨਮਾਜਰਾ ਅਤੇ ਜੌੜਾਮਾਜਰਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਸਬੰਧੀ ਸਵਾਲ ਪੁੱਛਿਆ ਤਾਂ ਧਾਲੀਵਾਲ ਨੇ ਬੇਹੱਦ ਤਿੱਖੇ ਅੰਦਾਜ਼ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਆਪਣਾ ਕੋਈ ਜਨ ਆਧਾਰ ਨਹੀਂ ਬਚਿਆ। ਧਾਲੀਵਾਲ ਨੇ ਕਿਹਾ, “ਭਾਜਪਾ ਹੁਣ ਕੋਈ ਸਿਆਸੀ ਪਾਰਟੀ ਨਹੀਂ ਰਹੀ, ਸਗੋਂ ਦੂਜੀਆਂ ਪਾਰਟੀਆਂ ਵਿੱਚੋਂ ਕੱਢੇ ਗਏ ਅਤੇ ਦਾਗ਼ੀ ਆਗੂਆਂ ਨੂੰ ਇਕੱਠਾ ਕਰਨ ਵਾਲੀ ਕਬਾੜ ਦੀ ਦੁਕਾਨ ਬਣ ਗਈ ਹੈ।
ਭਾਵੇਂ ਕੋਈ ਕਾਂਗਰਸ ਛੱਡ ਕੇ ਆਇਆ ਹੋਵੇ, ਅਕਾਲੀ ਦਲ ਵਿੱਚੋਂ ਨਿਕਲਿਆ ਹੋਵੇ ਜਾਂ ਕਿਸੇ ਹੋਰ ਪਾਰਟੀ ਤੋਂ, ਭਾਜਪਾ ਸਾਰਿਆਂ ਨੂੰ ਆਪਣੇ ਵਿੱਚ ਸ਼ਾਮਲ ਕਰਨ ਵਿੱਚ ਲੱਗੀ ਹੋਈ ਹੈ। ਜਿਸ ਪਾਰਟੀ ਦਾ ਪੰਜਾਬ ਵਿੱਚ ਆਪਣਾ ਕੋਈ ਵਜੂਦ ਨਹੀਂ, ਉਹ ਦੂਜੀਆਂ ਪਾਰਟੀਆਂ ਦੇ ਬਚੇ-ਖੁਚੇ ਆਗੂਆਂ ਦੇ ਸਹਾਰੇ ਪੰਜਾਬ ਜਿੱਤਣ ਦੇ ਸੁਪਨੇ ਦੇਖ ਰਹੀ ਹੈ। ਇਸੇ ਕਾਰਨ ਜਲੰਧਰ ਵਿੱਚ ਅਮਿਤ ਸ਼ਾਹ ਦੀ ਰੈਲੀ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਅਤੇ ਉਨ੍ਹਾਂ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਵੀ ਕੋਈ ਅਸਰ ਦਿਖਾਈ ਨਹੀਂ ਦਿੱਤਾ।”
ਦਾਗ਼ੀ ਆਗੂਆਂ ਲਈ ‘ਆਪ’ ਵਿੱਚ ਕੋਈ ਥਾਂ ਨਹੀਂ
ਪਾਰਟੀ ਛੱਡਣ ਵਾਲੇ ਆਗੂਆਂ ਬਾਰੇ ਸਖ਼ਤ ਰੁਖ਼ ਅਪਣਾਉਂਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਿਸੇ ਅਹੁਦੇ ਜਾਂ ਕੁਰਸੀ ਦੀ ਲਾਲਸਾ ਲਈ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀ ਨੀਂਹ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਪੰਜਾਬ ਦੀ ਸੇਵਾ ਦੇ ਸੰਕਲਪ ਨਾਲ ਰੱਖੀ ਸੀ।
ਉਨ੍ਹਾਂ ਕਿਹਾ, “ਜਿਸ ਦਿਨ ਸਾਡੀ ਸਰਕਾਰ ਬਣੀ ਸੀ, ਉਸੇ ਦਿਨ ਪਹਿਲੀ ਮੀਟਿੰਗ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਸਨ ਕਿ ਪਾਰਟੀ ਵਿੱਚ ਭ੍ਰਿਸ਼ਟਾਚਾਰ ਜਾਂ ਕਿਸੇ ਵੀ ਤਰ੍ਹਾਂ ਦੀ ਗ਼ਲਤ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਡੀ ਸਰਕਾਰ ਨੇ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ’ਤੇ ਦੋਸ਼ ਲੱਗਣ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਮੁਅੱਤਲ ਕਰਨ ਵਿੱਚ ਦੇਰੀ ਨਹੀਂ ਕੀਤੀ। ਜਿਨ੍ਹਾਂ ਆਗੂਆਂ ਖ਼ਿਲਾਫ਼ ਪੁਲਿਸ ’ਤੇ ਗੋਲੀਆਂ ਚਲਾਉਣ ਜਾਂ ਜਬਰ-ਜਨਾਹ ਵਰਗੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਉਨ੍ਹਾਂ ਨੂੰ ਪਾਰਟੀ ਪਹਿਲਾਂ ਹੀ ਮੁਅੱਤਲ ਕਰਕੇ ਬਾਹਰ ਦਾ ਰਸਤਾ ਦਿਖਾ ਚੁੱਕੀ ਹੈ।
ਅਜਿਹੇ ਲੋਕਾਂ ਲਈ ਨਾ ਕੱਲ੍ਹ ਪਾਰਟੀ ਵਿੱਚ ਕੋਈ ਥਾਂ ਸੀ, ਨਾ ਅੱਜ ਹੈ ਅਤੇ ਨਾ ਹੀ ਕਦੇ ਹੋਵੇਗੀ। ਜਿਹੜੇ ਲੋਕ ਸਿਰਫ਼ ਸੱਤਾ ਅਤੇ ਅਹੁਦਿਆਂ ਦੇ ਭੁੱਖੇ ਹਨ, ਉਹ ਪਾਰਟੀ ਛੱਡ ਕੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ।”