SOCIAL MEDIA

Newsletter

PARTNER SITES
भाषा चुनें राज्य चुनें

ਸੁਲਤਾਨਪੁਰ ਲੋਧੀ ’ਚ ਗੁੰਡਾਗਰਦੀ ਦਾ ਨੰਗਾ ਨਾਚ! ਦਿਨ-ਦਿਹਾੜੇ ਪੈਟਰੋਲ ਪੰਪ ’ਤੇ ਹਥਿਆਰਾਂ ਨਾਲ ਹਮਲਾ

Sultanpur Lodhi News : ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੜ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

Written By Ravinder Singh
Published: Oct 19, 2026, 04:14 PM IST | Updated: Oct 19, 2026, 04:16 PM IST
Join

Sultanpur Lodhi News(ਵਰੁਣ ਸ਼ਰਮਾ): ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੜ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਦਾਣਾ ਮੰਡੀ ਨੇੜੇ ਸਥਿਤ ਮਾਲਵਾ ਫਿਲਿੰਗ ਸਟੇਸ਼ਨ ’ਤੇ ਦਿਨ-ਦਿਹਾੜੇ ਹੰਗਾਮਾ ਅਤੇ ਹਥਿਆਰਾਂ ਨਾਲ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੰਪ ਮਾਲਕ ਦੇ ਦੋਸ਼ਾਂ ਅਨੁਸਾਰ, ਤੇਲ ਦੇ ਪੈਸੇ ਮੰਗਣ ਤੋਂ ਸ਼ੁਰੂ ਹੋਇਆ ਵਿਵਾਦ ਕੁਝ ਹੀ ਸਮੇਂ ਵਿੱਚ ਹਿੰਸਕ ਰੂਪ ਧਾਰ ਗਿਆ ਅਤੇ ਕਈ ਨੌਜਵਾਨਾਂ ਨੇ ਪੰਪ ਦੇ ਕਰਿੰਦਿਆਂ ਨਾਲ ਕੁੱਟਮਾਰ ਕੀਤੀ।

ਤੇਲ ਦੇ ਪੈਸੇ ਮੰਗੇ ਤਾਂ ਦਿੱਤੀਆਂ ਧਮਕੀਆਂ ਦੇਣ ਦੇ ਦੋਸ਼
ਪੰਪ ਮਾਲਕ ਸੁਰਿੰਦਰ ਸਿੰਘ ਅਤੇ ਮੈਨੇਜਰ ਸੰਨੀ ਨੇ ਦੱਸਿਆ ਕਿ ਦੋ ਵਿਅਕਤੀ ਪੈਟਰੋਲ ਪੰਪ ’ਤੇ ਤੇਲ ਪਵਾਉਣ ਲਈ ਆਏ ਸਨ। ਤੇਲ ਪਾਉਣ ਤੋਂ ਬਾਅਦ ਜਦੋਂ ਕਰਿੰਦਿਆਂ ਨੇ ਪੈਸੇ ਮੰਗੇ ਤਾਂ ਕਥਿਤ ਤੌਰ ’ਤੇ ਉਨ੍ਹਾਂ ਨੇ ਰੋਹਬ ਦਿਖਾਉਂਦਿਆਂ ਕਿਹਾ ਕਿ ਉਹ ਜਾਣਦੇ ਨਹੀਂ ਕਿ ਉਹ ਕੌਣ ਹਨ। 

ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਪੰਪ ਮਾਲਕਾਂ ਦਾ ਦੋਸ਼ ਹੈ ਕਿ ਕੁਝ ਹੀ ਦੇਰ ਬਾਅਦ ਇੱਕ ਗੱਡੀ ਵਿੱਚ ਸਵਾਰ ਹੋ ਕੇ ਪੰਜ ਤੋਂ ਸੱਤ ਨੌਜਵਾਨ ਮੌਕੇ ’ਤੇ ਪਹੁੰਚੇ, ਜਿਨ੍ਹਾਂ ਕੋਲ ਕਿਰਪਾਨਾਂ, ਤਲਵਾਰਾਂ ਅਤੇ ਟਕੂਏ ਵਰਗੇ ਹਥਿਆਰ ਸਨ। ਉਨ੍ਹਾਂ ਨੇ ਪੰਪ ਦੇ ਕਰਿੰਦਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੰਪ ਮਾਲਕਾਂ ਨੇ ਦੋਸ਼ ਲਾਇਆ ਕਿ ਹਮਲਾਵਰਾਂ ਵਿੱਚ ਰੋਬਲ ਲਹੌਰੀਆ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ ਅਤੇ ਉਨ੍ਹਾਂ ਵੱਲੋਂ ਮੁਫ਼ਤ ਤੇਲ ਪਾਉਣ ਲਈ ਕਥਿਤ ਦਬਾਅ ਬਣਾਇਆ ਗਿਆ ਸੀ।

ਕਰਿੰਦੇ ਦੇ ਸਿਰ ’ਤੇ ਗੰਭੀਰ ਸੱਟ, ਹਸਪਤਾਲ ਦਾਖ਼ਲ
ਇਸ ਹਮਲੇ ਦੌਰਾਨ ਪੰਪ ਦੇ ਕਰਿੰਦੇ ਰਣਜੀਤ ਬਾਬੂ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਦੀ ਜਾਣਕਾਰੀ ਮਿਲੀ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੰਪ ਮਾਲਕਾਂ ਅਨੁਸਾਰ, ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸ਼ਹਿਰ ਵਿੱਚ ਵਧ ਰਹੀ ਗੁੰਡਾਗਰਦੀ, ਪੁਲਿਸ ਦੀ ਕਾਰਵਾਈ ’ਤੇ ਸਵਾਲ
ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਮੌਜੂਦਗੀ ਕਾਰਨ ਇਲਾਕੇ ਵਿੱਚ ਪਹਿਲਾਂ ਹੀ ਕਾਫ਼ੀ ਭੀੜ-ਭੜੱਕਾ ਸੀ। ਅਜਿਹੇ ਹਾਲਾਤ ਵਿੱਚ ਪੈਟਰੋਲ ਪੰਪ ’ਤੇ ਹਥਿਆਰਾਂ ਨਾਲ ਪਹੁੰਚ ਕੇ ਹਮਲਾ ਕਰਨ ਦੇ ਦੋਸ਼ ਸ਼ਹਿਰ ਦੀ ਸੁਰੱਖਿਆ ਵਿਵਸਥਾ ਬਾਰੇ ਚਿੰਤਾ ਵਧਾਉਂਦੇ ਹਨ। 

ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਜੇਕਰ ਆਮ ਕਾਰੋਬਾਰੀ ਆਪਣੇ ਪੈਸੇ ਮੰਗਣ ’ਤੇ ਵੀ ਸੁਰੱਖਿਅਤ ਨਹੀਂ ਹਨ ਤਾਂ ਕਾਨੂੰਨ ਦਾ ਡਰ ਕਿੱਥੇ ਹੈ? ਜੇਕਰ ਅਜਿਹੀਆਂ ਘਟਨਾਵਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਦਾ ਅਸਰ ਵਪਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ’ਤੇ ਪੈ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਸੀਸੀਟੀਵੀ ਫੁਟੇਜ ਅਤੇ ਸ਼ਿਕਾਇਤ ਦੇ ਆਧਾਰ ’ਤੇ ਕੀ ਕਾਰਵਾਈ ਕਰਦੀ ਹੈ ਅਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ਾਂ ਦੀ ਜਾਂਚ ਕਿੰਨੀ ਤੇਜ਼ੀ ਨਾਲ ਅੱਗੇ ਵਧਦੀ ਹੈ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES