Pragyan Ojha BCCI Chief Selector News: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਚੋਣ ਕਮੇਟੀ ਵਿੱਚ ਵੱਡੇ ਬਦਲਾਅ ਕੀਤੇ ਹਨ। ਸਾਬਕਾ ਭਾਰਤੀ ਸਪਿਨਰ ਪ੍ਰਗਿਆਨ ਓਝਾ ਨੂੰ ਚੋਣ ਕਮੇਟੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਬਦਲਾਅ ਅਜੀਤ ਅਗਰਕਰ ਦੇ ਕਾਰਜਕਾਲ ਖਤਮ ਹੋਣ ਮਗਰੋਂ ਕੀਤੇ ਗਏ ਹਨ। ਉਹ ਅਜੀਤ ਅਗਰਕਰ ਦੀ ਜਗ੍ਹਾ ਇਹ ਜ਼ਿੰਮੇਵਾਰੀ ਸੰਭਾਲਣਗੇ। ਰਿਪੋਰਟਾਂ ਅਨੁਸਾਰ ਓਝਾ ਦੀ ਨਿਯੁਕਤੀ ਟੈਸਟ ਕ੍ਰਿਕਟ ਵਿੱਚ ਉਨ੍ਹਾਂ ਦੀ ਸੀਨੀਅਰਤਾ ਦੇ ਆਧਾਰ ’ਤੇ ਕੀਤੀ ਹੈ। ਬੋਰਡ ਨੇ ਸਾਬਕਾ ਪ੍ਰਧਾਨ ਅਜੀਤ ਅਗਰਕਰ ਦਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਯੋਗਦਾਨ ਲਈ ਧੰਨਵਾਦ ਵੀ ਕੀਤਾ।
ਇਸ ਦੇ ਨਾਲ ਹੀ ਸਾਬਕਾ ਭਾਰਤੀ ਸਪਿਨਰ ਰਮੇਸ਼ ਪੋਵਾਰ ਨੂੰ ਵੀ ਚੋਣ ਕਮੇਟੀ ਵਿੱਚ ਨਵਾਂ ਮੈਂਬਰ ਥਾਪਿਆ ਹੈ। ਨਵੀਂ ਚੋਣ ਕਮੇਟੀ ਵਿੱਚ ਪ੍ਰਗਿਆਨ ਓਝਾ (ਚੇਅਰਮੈਨ), ਆਰਪੀ ਸਿੰਘ, ਸ਼ਿਵ ਸੁੰਦਰ ਦਾਸ, ਅਜੈ ਰਾਤਰਾ ਅਤੇ ਰਮੇਸ਼ ਪੋਵਾਰ ਸ਼ਾਮਲ ਹਨ।
BCCI ਦੀ ਕ੍ਰਿਕਟ ਸਲਾਹਕਾਰ ਕਮੇਟੀ (CAC) ਦੇ ਮੈਂਬਰ ਅਸ਼ੋਕ ਮਲਹੋਤਰਾ ਅਤੇ ਜਤਿਨ ਪਰਾਂਜਪੇ ਨੇ ਨਵੇਂ ਮੈਂਬਰ ਦੀ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਕੀਤੀ। ਬੋਰਡ ਦੇ ਮੁੱਖ ਦਫ਼ਤਰ ਵਿੱਚ ਉਮੀਦਵਾਰਾਂ ਦੀ ਜਾਂਚ ਅਤੇ ਇੰਟਰਵਿਊ ਕਰਨ ਤੋਂ ਬਾਅਦ ਕਮੇਟੀ ਨੇ ਰਮੇਸ਼ ਪੋਵਾਰ ਦੇ ਨਾਮ ਦੀ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ।
ਇਸ ਮੌਕੇ BCCI ਨੇ ਸਾਬਕਾ ਚੇਅਰਮੈਨ ਅਜੀਤ ਅਗਰਕਰ ਦੇ ਕਾਰਜਕਾਲ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਤਿੰਨ ICC ਟਰਾਫੀਆਂ, ਦੋ ਏਸ਼ੀਆ ਕੱਪ ਖ਼ਿਤਾਬ ਅਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਹੁਣ ਪ੍ਰਗਿਆਨ ਓਝਾ ਨਵੀਂ ਚੋਣ ਕਮੇਟੀ ਦੀ ਅਗਵਾਈ ਕਰਨਗੇ।
ਰਮੇਸ਼ ਪੋਵਾਰ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਭਾਰਤ ਲਈ ਦੋ ਟੈਸਟ ਅਤੇ 31 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਮੁੰਬਈ ਦੀ ਟੀਮ ਅਤੇ ਮੁੰਬਈ ਇੰਡੀਅਨਜ਼ ਨਾਲ ਵੀ ਜੁੜੇ ਰਹੇ ਹਨ। ਇਸ ਤੋਂ ਇਲਾਵਾ, ਉਹ ਦੋ ਵੱਖ-ਵੱਖ ਕਾਰਜਕਾਲਾਂ ਦੌਰਾਨ ਭਾਰਤੀ ਸੀਨੀਅਰ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
BCCI ਅਨੁਸਾਰ, ਨਿਯੁਕਤੀ ਦੀ ਪ੍ਰਕਿਰਿਆ ਕ੍ਰਿਕਟ ਸਲਾਹਕਾਰ ਕਮੇਟੀ ਵੱਲੋਂ ਪੂਰੀ ਕੀਤੀ ਗਈ। ਉਮੀਦਵਾਰਾਂ ਦੇ ਇੰਟਰਵਿਊ ਅਤੇ ਮੁਲਾਂਕਣ ਤੋਂ ਬਾਅਦ ਰਮੇਸ਼ ਪੋਵਾਰ ਦੇ ਨਾਮ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਬਦਲਾਅ ਨਾਲ ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਚੋਣ ਕਮੇਟੀ ਨੂੰ ਨਵੀਂ ਅਗਵਾਈ ਮਿਲੀ ਹੈ।