BSF Pathankot News: ਪਠਾਨਕੋਟ ਵਿੱਚ, ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸੁਰੱਖਿਆ ਬਲਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ, ਇਹ ਘਟਨਾ ਬੀਓਪੀ ਪਹਾੜੀਪੁਰ ਪੋਸਟ ਦੇ ਨੇੜੇ ਵਾਪਰੀ, ਜਿੱਥੇ ਘੁਸਪੈਠੀਏ ਭਾਰਤੀ ਸਰਹੱਦ ਦੇ ਅੰਦਰ ਲਗਭਗ 120 ਮੀਟਰ ਅੰਦਰ ਦਾਖਲ ਹੋ ਗਿਆ ਸੀ। ਸੁਰੱਖਿਆ ਬਲਾਂ ਨੇ ਕਾਰਵਾਈ ਕਰਦੇ ਹੋਏ ਉਸਨੂੰ ਮਾਰ ਦਿੱਤਾ।
ਇਹ ਘਟਨਾ ਅੱਜ ਸਵੇਰੇ ਕਰੀਬ 2:15 ਵਜੇ ਬੀ.ਐੱਸ.ਐੱਫ. ਦੀ ਬੀਓਪੀ ਪਹਾੜੀਪੁਰ ਦੇ ਇਲਾਕੇ ’ਚ ਵਾਪਰੀ। ਬੀਐੱਸਐੱਫ ਦੀ ਬੀਓਪੀ ਪਹਾੜੀਪੁਰ 'ਤੇ ਤਾਇਨਾਤ ਸਨ ਤਾਂ ਇਸ ਦੌਰਾਨ ਸਰਹੱਦ 'ਤੇ ਗਸ਼ਤ ਕਰ ਰਹੀ ਬੀਐੱਸਐੱਫ ਦੀ ਪਾਰਟੀ ਨੇ ਸੀਮਾ ਨੇੜੇ ਇੱਕ ਸ਼ੱਕੀ ਵਿਅਕਤੀ ਦੀ ਗਤੀਵਿਧੀ ਦੇਖੀ।
ਜਵਾਨਾਂ ਨੇ ਉਸਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਉਹ ਰੁਕਣ ਦੀ ਬਜਾਏ ਉੱਜ ਗੈਪ ਵੱਲ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਐਕਸ਼ਨ ਲੈਂਦੇ ਹੋਏ ਪੰਜ ਫਾਇਰ ਕੀਤੇ, ਜਿਸ ਨਾਲ ਘੁਸਪੈਠੀਏ ਦੀ ਮੌਤ ਹੋ ਗਈ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਘੁਸਪੈਠੀਆ ਇਕੱਲਾ ਸੀ ਜਾਂ ਉਸ ਦੇ ਨਾਲ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ। ਫਿਲਹਾਲ ਘਟਨਾ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਰਹੱਦੀ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਕਾਬਿਲੇਗੌਰ ਹੈ ਕਿ 2 ਅਕਤੂਬਰ ਨੂੰ, ਬੀਐਸਐਫ ਨੇ ਤਰਨਤਾਰਨ ਵਿੱਚ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤਾ ਸੀ। ਉਹ ਖਾਲੜਾ ਥਾਣਾ ਖੇਤਰ ਦੇ ਰਾਜੋਕੇ ਪਿੰਡ ਦੇ ਨੇੜੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਐਸਐਫ ਨੇ ਚਿਤਾਵਨੀਆਂ ਜਾਰੀ ਕੀਤੀਆਂ ਸਨ ਪਰ ਉਨ੍ਹਾਂ ਨੇ ਆਪਣੀ ਕੋਸ਼ਿਸ਼ ਨਹੀਂ ਰੋਕੀ। ਇਸ ਤੋਂ ਬਾਅਦ, ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋਵੇਂ ਮਾਰੇ ਗਏ।