ਸੀਬੀਆਈ ਵੱਲੋਂ ਓਐਸਡੀ ਰਾਜਬੀਰ ਘੁੰਮਣ ਤੋਂ ਪੁੱਛਗਿੱਛ; ਜਾਣੋ ਪੂਰਾ ਮਾਮਲਾ
OSD Rajbir Ghuman News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਕਥਿਤ ਭ੍ਰਿਸ਼ਟਾਚਾਰ ਤੇ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਜਾਰੀ ਹੈ।
OSD Rajbir Ghuman News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਕਥਿਤ ਭ੍ਰਿਸ਼ਟਾਚਾਰ ਤੇ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਬੰਧੀ ਸੀਬੀਆਈ ਵੱਲੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਸੋਮਵਾਰ ਨੂੰ ਓਐਸਡੀ ਰਾਜਬੀਰ ਸਿੰਘ ਘੁੰਮਣ ਮੁੜ ਸੀਬੀਆਈ ਦਫ਼ਤਰ ਪੁੱਜੇ। ਦਫ਼ਤਰ ਦੇ ਗੇਟ ’ਤੇ ਉਨ੍ਹਾਂ ਦੀ ਗੱਡੀ ਰੋਕ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਘੁੰਮਣ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸੀਬੀਆਈ ਸਾਹਮਣੇ ਪੇਸ਼ ਹੋਏ ਸਨ। ਉਸ ਸਮੇਂ ਉਨ੍ਹਾਂ ਤੋਂ ਕਰੀਬ ਛੇ ਘੰਟੇ ਪੁੱਛਗਿੱਛ ਕੀਤੀ ਗਈ ਸੀ। ਹੁਣ ਜਾਂਚ ਏਜੰਸੀ ਵੱਲੋਂ ਉਨ੍ਹਾਂ ਤੋਂ ਦੂਜੀ ਵਾਰ ਸਵਾਲ-ਜਵਾਬ ਕੀਤੇ ਜਾ ਰਹੇ ਹਨ।
ਪਿਛਲੀ ਪੁੱਛਗਿੱਛ ਤੋਂ ਬਾਅਦ ਰਾਜਬੀਰ ਸਿੰਘ ਘੁੰਮਣ ਨੇ ਦੱਸਿਆ ਸੀ ਕਿ ਸੀਬੀਆਈ ਅਧਿਕਾਰੀਆਂ ਨੇ ਉਨ੍ਹਾਂ ਤੋਂ ਲਗਭਗ 40 ਸਵਾਲ ਪੁੱਛੇ ਸਨ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਸ਼ਾਂਤੀ ਨਾਲ ਦਿੱਤੇ। ਉਨ੍ਹਾਂ ਨੇ ਜਾਂਚ ਦੀ ਪ੍ਰਕਿਰਿਆ ਨੂੰ ਸੁਚਾਰੂ ਦੱਸਦਿਆਂ ਕਿਹਾ ਸੀ ਕਿ ਪੁੱਛਗਿੱਛ ਦੌਰਾਨ ਮਾਹੌਲ ਠੀਕ ਸੀ।
ਉਨ੍ਹਾਂ ਮੁਤਾਬਕ ਸੀਬੀਆਈ ਦੀ ਆਪਣੀ ਜਾਂਚ ਪ੍ਰਣਾਲੀ ਹੋਣ ਕਾਰਨ ਉਨ੍ਹਾਂ ਦੇ ਵਕੀਲਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਘੁੰਮਣ ਨੇ ਆਪਣੇ ਸਾਥੀਆਂ ਨੂੰ ਘਬਰਾਉਣ ਦੀ ਬਜਾਏ ਸਬਰ ਰੱਖਣ ਲਈ ਕਿਹਾ ਅਤੇ ਉਮੀਦ ਜਤਾਈ ਕਿ ਉਨ੍ਹਾਂ ਨੂੰ ਜਲਦੀ ਹੀ ਕਲੀਨ ਚਿੱਟ ਮਿਲ ਜਾਵੇਗੀ।
ਇਸੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸਪਿੰਦਰਬੀਰ ਚਾਹਲ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਐਤਵਾਰ ਨੂੰ ਸੈਕਟਰ-30 ਸਥਿਤ ਸੀਬੀਆਈ ਦਫ਼ਤਰ ਪਹੁੰਚੇ ਪਰ ਕੁਝ ਸਮੇਂ ਬਾਅਦ ਵਾਪਸ ਚਲੇ ਗਏ। ਚਾਹਲ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਨ੍ਹਾਂ ਤੋਂ ਕਰੀਬ ਛੇ ਘੰਟੇ ਪੁੱਛਗਿੱਛ ਹੋਈ ਸੀ। ਉਨ੍ਹਾਂ ਨੂੰ ਮੁੜ ਬੁਲਾਏ ਜਾਣ ਦੀ ਉਮੀਦ ਸੀ, ਜਿਸ ਕਾਰਨ ਉਹ ਦਫ਼ਤਰ ਗਏ ਸਨ। ਉਨ੍ਹਾਂ ਮੰਨਿਆ ਕਿ ਹਥਿਆਰ ਲਾਇਸੈਂਸ ਦੀ ਸਿਫ਼ਾਰਸ਼ ਸਬੰਧੀ ਉਨ੍ਹਾਂ ਤੋਂ ਸਵਾਲ ਕੀਤੇ ਗਏ ਸਨ।
ਉਨ੍ਹਾਂ ਮੁਤਾਬਕ ਉਨ੍ਹਾਂ ਨੇ ਪਾਰਟੀ ਵਿੱਚ ਕੰਮ ਕਰਨ ਵਾਲੇ ਆਪਣੇ ਇੱਕ ਦੋਸਤ ਅਤੇ ਸਹਿਯੋਗੀ ਦੀ ਸਿਫ਼ਾਰਸ਼ ਕੀਤੀ ਸੀ। ਚਾਹਲ ਨੇ ਕਿਹਾ ਕਿ ਕਿਸੇ ਦੀ ਸਿਫ਼ਾਰਸ਼ ਕਰਨਾ ਅਪਰਾਧ ਨਹੀਂ ਪਰ ਇਸ ਦੇ ਬਦਲੇ ਗੈਰ-ਵਾਜਬ ਮੰਗਾਂ ਕਰਨਾ ਗਲਤ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣਾ ਬਿਆਨ ਦਰਜ ਕਰਵਾ ਚੁੱਕੇ ਹਨ ਤੇ ਲੋੜ ਪੈਣ ’ਤੇ ਜਾਂਚ ਵਿੱਚ ਸਹਿਯੋਗ ਕਰਨਗੇ।
ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸੀਬੀਆਈ ਨੂੰ ਉਨ੍ਹਾਂ ਵਿਰੁੱਧ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਰੋਕਿਆ ਹੋਇਆ ਹੈ। ਹਾਲਾਂਕਿ, ਅਦਾਲਤ ਨੇ ਮਾਮਲੇ ਦੀ ਜਾਂਚ ਅਤੇ ਦਰਜ ਐੱਫਆਈਆਰ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਨਾਲ ਹੀ, ਘੁੰਮਣ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।