Dominos Compensation (ਅਮਰਜੀਤ ਸਿੰਘ ਪੰਨੂ): ਰਾਜਪੁਰਾ ਦੇ ਸ਼ਾਮ ਨਗਰ ਵਾਸੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਮਾਨਵ ਸੋਨੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਖਪਤਕਾਰ ਕਮਿਸ਼ਨ ਨੇ ਹੋਮ ਡਿਲੀਵਰੀ 'ਤੇ ਨਾਜਾਇਜ਼ ਪੈਕਿੰਗ ਫੀਸ ਵਸੂਲਣ ਦੇ ਮਾਮਲੇ ਵਿੱਚ ਡੋਮੀਨੋਜ਼ (Domino’s) ਨੂੰ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਐਡਵੋਕੇਟ ਮਾਨਵ ਸੋਨੀ ਨੇ ਰਾਜਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ।
ਕੀ ਹੈ ਪੂਰਾ ਮਾਮਲਾ?
ਖਪਤਕਾਰ ਕਮਿਸ਼ਨ ਦਾ ਫ਼ੈਸਲਾ: ਚੰਡੀਗੜ੍ਹ ਦੇ ਜ਼ਿਲ੍ਹਾ ਖਪਤਕਾਰ ਕਮਿਸ਼ਨ (Consumer Commission) ਨੇ 28 ਜੁਲਾਈ ਦੇ ਆਪਣੇ ਹੁਕਮ ਵਿੱਚ ਡੋਮੀਨੋਜ਼ ਪੀਜ਼ਾ ਨੂੰ ਗੈਰ-ਕਾਨੂੰਨੀ ਵਪਾਰਕ ਤਰੀਕੇ (Unfair Trade Practice) ਦਾ ਦੋਸ਼ੀ ਪਾਇਆ ਹੈ। ਡੋਮੀਨੋਜ਼ ਵੱਲੋਂ ਗਾਹਕ ਤੋਂ ਸਿਰਫ਼ ਹੋਮ ਡਿਲੀਵਰੀ ਆਰਡਰ ''ਤੇ ਪੈਕੇਜਿੰਗ ਫੀਸ ਵਸੂਲੀ ਗਈ ਸੀ, ਜਦਕਿ ਟੇਕਅਵੇਅ (Takeaway) ਅਤੇ ਡਾਇਨ-ਇਨ (Dine-in) ਆਰਡਰਾਂ 'ਤੇ ਕੋਈ ਚਾਰਜ ਨਹੀਂ ਲਗਾਇਆ ਗਿਆ।
ਕਿਵੇਂ ਸ਼ੁਰੂ ਹੋਇਆ ਵਿਵਾਦ: ਸ਼ਿਕਾਇਤਕਰਤਾ ਨੇ 8 ਜਨਵਰੀ 2025 ਨੂੰ ਡੋਮੀਨੋਜ਼ ਦੀ ਮੋਬਾਈਲ ਐਪ ਰਾਹੀਂ ਹੋਮ ਡਿਲੀਵਰੀ ਦਾ ਆਰਡਰ ਦਿੱਤਾ ਅਤੇ 185.90 ਰੁਪਏ ਦਾ ਭੁਗਤਾਨ ਕੀਤਾ। ਬਿੱਲ ਚੈੱਕ ਕਰਨ ''ਤੇ ਪਤਾ ਲੱਗਾ ਕਿ ਪੈਕੇਜਿੰਗ ਫੀਸ ਵਜੋਂ 20 ਰੁਪਏ ਵੱਖਰੇ ਵਸੂਲੇ ਗਏ ਹਨ। ਕੁਝ ਦਿਨਾਂ ਬਾਅਦ ਉਸੇ ਆਊਟਲੈੱਟ ਤੋਂ ਟੇਕਅਵੇਅ ਅਤੇ ਡਾਇਨ-ਇਨ ਆਰਡਰ ਕਰਨ ''ਤੇ ਕੋਈ ਪੈਕੇਜਿੰਗ ਚਾਰਜ ਨਹੀਂ ਲਿਆ ਗਿਆ, ਹਾਲਾਂਕਿ ਪੀਜ਼ਾ ਇੱਕੋ ਜਿਹੇ ਡੱਬਿਆਂ ਵਿੱਚ ਹੀ ਦਿੱਤਾ ਗਿਆ ਸੀ।
ਕੰਪਨੀ ਦੀਆਂ ਦਲੀਲਾਂ ਰੱਦ: ਡੋਮੀਨੋਜ਼ ਨੇ ਦਲੀਲ ਦਿੱਤੀ ਕਿ ਬਿੱਲ 'ਤੇ ਚਾਰਜ ਪਹਿਲਾਂ ਹੀ ਦਿਖਾਇਆ ਗਿਆ ਸੀ ਤੇ ਖਾਣੇ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਪੈਕੇਜਿੰਗ ਜ਼ਰੂਰੀ ਸੀ। ਪਰ ਪ੍ਰਧਾਨ ਪਵਨਜੀਤ ਸਿੰਘ ਅਤੇ ਮੈਂਬਰ ਬੀਐਮ ਸ਼ਰਮਾ ਦੇ ਬੈਂਚ ਨੇ ਤਸਵੀਰਾਂ ਅਤੇ ਸਬੂਤਾਂ ਦੇ ਆਧਾਰ 'ਤੇ ਕਿਹਾ ਕਿ ਜਦੋਂ ਸਾਰਿਆਂ ਲਈ ਇੱਕੋ ਜਿਹੇ ਡੱਬੇ ਵਰਤੇ ਜਾਂਦੇ ਹਨ ਤਾਂ ਸਿਰਫ਼ ਹੋਮ ਡਿਲੀਵਰੀ 'ਤੇ ਵਾਧੂ ਫੀਸ ਵਸੂਲਣਾ ਵਿਤਕਰੇ ਭਰਿਆ ਅਤੇ ਗੈਰ-ਵਾਜਬ ਹੈ।
ਫ਼ੈਸਲਾ ਤੇ ਜੁਰਮਾਨਾ:
ਕਮਿਸ਼ਨ ਨੇ ਇਸ ਨੂੰ ਸੇਵਾ ਵਿੱਚ ਕਮੀ ਮੰਨਦਿਆਂ ਡੋਮੀਨੋਜ਼ ਨੂੰ 45 ਦਿਨਾਂ ਦੇ ਅੰਦਰ ਹੇਠ ਲਿਖੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ:
1. 8 ਜਨਵਰੀ 2025 ਤੋਂ 9% ਸਾਲਾਨਾ ਵਿਆਜ ਸਮੇਤ 20 ਰੁਪਏ ਪੈਕੇਜਿੰਗ ਚਾਰਜ ਵਾਪਸ ਕੀਤੇ ਜਾਣ।
2. ਸ਼ਿਕਾਇਤਕਰਤਾ ਨੂੰ ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇ ਦੇ ਖ਼ਰਚੇ ਵਜੋਂ 2,000 ਰੁਪਏ ਮੁਆਵਜ਼ਾ ਦਿੱਤਾ ਜਾਵੇ।
3. ਪੀ.ਜੀ.ਆਈ. (PGIMER) ਚੰਡੀਗੜ੍ਹ ਦੇ ''ਪੂਅਰ ਪੇਸ਼ੈਂਟ ਵੈਲਫੇਅਰ ਫੰਡ'' ਵਿੱਚ 20,000 ਰੁਪਏ ਜਮ੍ਹਾਂ ਕਰਵਾਏ ਜਾਣ।
(ਨੋਟ: ਨਿਰਧਾਰਤ ਸਮੇਂ ਵਿੱਚ ਭੁਗਤਾਨ ਨਾ ਕਰਨ ''ਤੇ 12% ਸਾਲਾਨਾ ਵਿਆਜ ਲੱਗੇਗਾ।)
"ਹੋਮ ਡਿਲੀਵਰੀ 'ਤੇ ਨਾਜਾਇਜ਼ ਪੈਕਿੰਗ ਫੀਸ ਵਸੂਲਣ ਦੇ ਮਾਮਲੇ ਵਿੱਚ ਖਪਤਕਾਰ ਕਮਿਸ਼ਨ ਵੱਲੋਂ ਡੋਮੀਨੋਜ਼ ਨੂੰ ਮੁਆਵਜ਼ਾ ਦੇਣ ਦੇ ਹੁਕਮ ਕੀਤੇ ਗਏ ਹਨ। ਹਾਲਾਂਕਿ, ਅਜੇ ਮੈਨੂੰ ਮੁਆਵਜ਼ੇ ਦੀ ਰਕਮ ਨਹੀਂ ਮਿਲੀ ਹੈ, ਕਿਉਂਕਿ ਕੰਪਨੀ ਵੱਲੋਂ ਇਸ ਫ਼ੈਸਲੇ ਖ਼ਿਲਾਫ਼ ਅੱਗੇ ਅਪੀਲ ਦਾਇਰ ਕੀਤੀ ਗਈ ਹੈ।"