SOCIAL MEDIA

Newsletter

PARTNER SITES
भाषा चुनें राज्य चुनें

ਗਿਆਨੀ ਰਘਬੀਰ ਸਿੰਘ ਦਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਉਤੇ ਸ਼ਬਦੀ ਹਮਲਾ

Giani Raghbir Singh News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜ਼ੀ ਮੀਡੀਆ ਨਾਲ ਖ਼ਾਸ ਗੱਲਬਾਤ ਕਰਦਿਆਂ ਕਈ ਵੱਡੇ ਖੁਲਾਸੇ ਕੀਤੇ ਹਨ।

Written By Ravinder Singh
Published: Nov 06, 2026, 11:50 AM IST | Updated: Nov 06, 2026, 12:13 PM IST
Join

Giani Raghbir Singh News(ਪਰਮਬੀਰ ਔਲਖ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜ਼ੀ ਮੀਡੀਆ ਨਾਲ ਖ਼ਾਸ ਗੱਲਬਾਤ ਕਰਦਿਆਂ ਕਈ ਵੱਡੇ ਖੁਲਾਸੇ ਕੀਤੇ ਹਨ। ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਹੋਏ ਹੁਕਮਨਾਮਿਆਂ ਅਤੇ 7 ਮੈਂਬਰੀ ਕਮੇਟੀ ਦੇ ਗਠਨ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਪਿੱਛੇ ਕਿਸੇ ਨਾਲ ਨਫ਼ਰਤ ਜਾਂ ਕਿਸੇ ਸਿਆਸੀ ਧਿਰ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਈ ਭਾਵਨਾ ਨਹੀਂ ਸੀ, ਸਗੋਂ ਮਕਸਦ ਪੰਥ ਅਤੇ ਪੰਜਾਬ ਦੀ ਬਿਹਤਰੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੇ ਆਗੂ ਪਹਿਲਾਂ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਕਾਰਵਾਈ ਦੀ ਮੰਗ ਲੈ ਕੇ ਆਏ ਸਨ, ਅੱਜ ਉਹੀ ਮੁੜ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਉਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਚੰਦੂਮਾਜਰਾ ਉਸੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਦਾ ਪ੍ਰਧਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਲਤੀ ਮੰਨ ਕੇ ਮੁਕਰ ਗਏ। ਉਨ੍ਹਾਂ ਨੇ ਕਿਹਾ ਕਿ ਚੰਦੂਮਾਜਰਾ ਦਾ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਬੀਬੀ ਜਗੀਰ ਕੌਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ।

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਉਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਏ ਕਿ ਸੱਤਾ ਦਾ ਲਾਲਚ ਅਤੇ ਕੁਰਸੀ ਦੀ ਭੁੱਖ ਲਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਕਰ ਗਏ। ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬਡੂੰਗਰ ਪਹਿਲਾਂ ਹੀ ਸੱਤ ਮੈਂਬਰੀ ਕਮੇਟੀ ਵਿਚੋਂ ਭੱਜ ਗਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਜਿਸ ਤੋਂ ਬਾਅਦ ਸਿਰਫ ਪੰਜ ਮੈਂਬਰੀ ਕਮੇਟੀ ਹੀ ਰਹਿ ਗਈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਮੇਰੀ ਜਬਰੀ ਰਿਟਾਇਰਮੈਂਟ ਕੀਤੀ ਗਈ। ਸੱਤਾ ਅਤੇ ਕੁਰਸੀ ਦੇ ਲਾਲਚ ਵਿੱਚ ਕੁਝ ਆਗੂ ਪੰਥਕ ਸਿਧਾਂਤਾਂ ਤੋਂ ਮੁਕਰ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ 7 ਮੈਂਬਰੀ ਕਮੇਟੀ ਦੇ ਗਠਨ ਦਾ ਮਕਸਦ ਪੰਜਾਬ ਅਤੇ ਪੰਥ ਦੀ ਬਿਹਤਰੀ ਸੀ। 26 ਫਰਵਰੀ 2026 ਨੂੰ ਮੈਨੂੰ ਜਬਰੀ ਰਿਟਾਇਰ ਕੀਤਾ ਗਿਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ 8-9 ਮਹੀਨੇ ਬੀਤਣ ਦੇ ਬਾਵਜੂਦ ਮੇਰੇ ਬਣਦੇ ਫੰਡ ਨਹੀਂ ਦਿੱਤੇ ਗਏ। ਜਿਨ੍ਹਾਂ ਨੇ ਸੁਖਬੀਰ ਬਾਦਲ ਖ਼ਿਲਾਫ਼ ਅਕਾਲ ਤਖ਼ਤ ਸਾਹਿਬ 'ਤੇ ਕਾਰਵਾਈ ਦੀ ਮੰਗ ਕੀਤੀ, ਉਹੀ ਮੁੜ ਉਨ੍ਹਾਂ ਨਾਲ ਜਾ ਮਿਲੇ। ਉਨ੍ਹਾਂ ਨੇ ਕਿਹਾ ਕਿ ਮੇਰੀ ਲੜਾਈ ਕਿਸੇ ਪਾਰਟੀ ਖ਼ਿਲਾਫ਼ ਨਹੀਂ, ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਹੈ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 7 ਮੈਂਬਰੀ ਕਮੇਟੀ ਬਣਾਉਣ ਦਾ ਮਕਸਦ ਪੰਜਾਬ ਵਿੱਚ ਪੰਥਕ ਸੋਚ ਵਾਲਾ ਨਵਾਂ ਸਿਆਸੀ ਢਾਂਚਾ ਤਿਆਰ ਕਰਨਾ ਸੀ। ਇਸ ਕਮੇਟੀ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ ਸੀ, ਜਦਕਿ ਕਿਰਪਾਲ ਸਿੰਘ ਬਡੂੰਗਰ ਸਮੇਤ ਹੋਰ ਪੰਥਕ ਆਗੂਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਉਨ੍ਹਾਂ ਮੁਤਾਬਕ ਕਮੇਟੀ ਦੇ ਕੁਝ ਮੈਂਬਰਾਂ ਨੇ ਬਾਅਦ ਵਿੱਚ ਆਪਣੇ ਰਸਤੇ ਬਦਲ ਲਏ ਅਤੇ ਕੁਝ ਹੋਰ ਸਿਆਸੀ ਪਾਰਟੀਆਂ ਵਿੱਚ ਚਲੇ ਗਏ। ਸਾਬਕਾ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਨ੍ਹਾਂ ਆਗੂਆਂ 'ਤੇ ਜ਼ਿਆਦਾ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਸੀ।

ਜਬਰੀ ਰਿਟਾਇਰਮੈਂਟ ਦਾ ਮਾਮਲਾ
ਗਿਆਨੀ ਰਘਬੀਰ ਸਿੰਘ ਨੇ ਆਪਣੀ ਜਥੇਦਾਰੀ ਤੋਂ ਹਟਾਏ ਜਾਣ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ 29 ਅਕਤੂਬਰ 2025 ਤੋਂ ਹੀ ਉਨ੍ਹਾਂ 'ਤੇ ਛੁੱਟੀ ਲੈਣ ਦਾ ਦਬਾਅ ਬਣਾਇਆ ਜਾਣ ਲੱਗਾ ਸੀ ਅਤੇ 13 ਨਵੰਬਰ ਨੂੰ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ 'ਤੇ ਅਸਤੀਫ਼ਾ ਦੇਣ ਲਈ ਵੀ ਦਬਾਅ ਪਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ 26 ਫਰਵਰੀ 2026 ਨੂੰ ਉਨ੍ਹਾਂ ਨੂੰ ਜਬਰੀ ਰਿਟਾਇਰ ਕੀਤਾ ਗਿਆ, ਜਦਕਿ ਉਨ੍ਹਾਂ ਦੀ ਸੇਵਾ ਦੇ ਕਾਰਜਕਾਲ ਦੇ ਦੋ ਸਾਲ ਤੋਂ ਵੱਧ ਸਮਾਂ ਬਾਕੀ ਸੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਹੱਥ ਧੋਣ ਦਾ ਕੋਈ ਅਫ਼ਸੋਸ ਨਹੀਂ, ਪਰ ਜਿਸ ਮਕਸਦ ਲਈ ਪੰਥਕ ਸਿਆਸਤ ਦਾ ਨਵਾਂ ਢਾਂਚਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਦੇ ਅਧੂਰਾ ਰਹਿ ਜਾਣ ਦਾ ਦੁੱਖ ਹੈ।

ਫੰਡ ਰੋਕਣ ਦਾ ਦੋਸ਼
ਇਸ ਤੋਂ ਇਲਾਵਾ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਉਨ੍ਹਾਂ ਦੇ ਬਣਦੇ ਫੰਡ ਰੋਕਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਹੱਕਾਂ ਅਤੇ ਫੰਡਾਂ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ। ਉਨ੍ਹਾਂ ਇਸ ਨੂੰ ਬੇਇਨਸਾਫ਼ੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸੇਵਾ ਦੌਰਾਨ ਜੋ ਹੱਕ ਬਣਾਏ ਹਨ, ਉਹ ਉਨ੍ਹਾਂ ਨੂੰ ਮਿਲਣੇ ਚਾਹੀਦੇ ਹਨ।

ਪੰਜਾਬ ਦੀ ਸਿਆਸਤ 'ਤੇ ਸਵਾਲ
ਪੰਜਾਬ ਦੀ ਮੌਜੂਦਾ ਪੰਥਕ ਸਿਆਸਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਰੀਆਂ ਪਾਰਟੀਆਂ ਵਿੱਚ ਕੁਝ ਅਜਿਹੇ ਲੋਕ ਮੌਜੂਦ ਹਨ ਜੋ ਪੰਜਾਬ ਅਤੇ ਪੰਥ ਬਾਰੇ ਸੋਚਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਇੱਕ ਸਿਆਸੀ ਪਾਰਟੀ ਦੇ ਹੱਕ ਵਿੱਚ ਨਹੀਂ ਹਨ। ਜਿਹੜੀ ਧਿਰ ਪੰਥ, ਪੰਜਾਬ ਅਤੇ ਸਿੱਖ ਕੌਮ ਦੀ ਬਿਹਤਰੀ ਦੀ ਗੱਲ ਕਰੇਗੀ, ਉਹ ਉਸ ਦੀ ਗੱਲ ਸੰਗਤ ਤੱਕ ਪਹੁੰਚਾਉਣਗੇ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਕਰਜ਼ੇ ਅਤੇ ਮਜ਼ਦੂਰ ਵਰਗ ਦੀ ਬਿਹਤਰੀ ਨੂੰ ਪੰਜਾਬ ਦੇ ਅਹਿਮ ਮੁੱਦੇ ਦੱਸਿਆ।

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES