Sultanpur Lodhi News(ਵਰੁਣ ਸ਼ਰਮਾ): ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਉਸ ਸਮੇਂ ਨਵੀਂ ਚਰਚਾ ਛਿੜ ਗਈ ਜਦੋਂ ਅੰਤਰਰਾਸ਼ਟਰੀ ਕਬੱਡੀ ਸਟਾਰ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਯਾਦਵਿੰਦਰ ਸਿੰਘ ''ਯਾਦਾ ਸੁਰਖਪੁਰੀਆ'' ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਕਬੱਡੀ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਯਾਦਾ ਸੁਰਖਪੁਰੀਆ ਦੀ ਇਸ ਸਿਆਸੀ ਐਂਟਰੀ ਨੂੰ ਹਲਕੇ ਅੰਦਰ ਪਾਰਟੀ ਦੇ ਖੇਡ ਤੇ ਨੌਜਵਾਨ ਵਰਗ ਨਾਲ ਜੁੜਾਅ ਦੇ ਪੱਖੋਂ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਿਰਨਜੀਤ ਕੌਰ ਅਤੇ ਸੰਗਠਨ ਇੰਚਾਰਜ ਸੰਨੀ ਰੱਤੜਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਪਾਰਟੀ ਆਗੂਆਂ ਵੱਲੋਂ ਯਾਦਾ ਸੁਰਖਪੁਰੀਆ ਦਾ ਸਵਾਗਤ ਕੀਤਾ ਗਿਆ। ਇਸ ਜੁਆਇਨਿੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵਿਸ਼ੇਸ਼ ਅਹਿਮੀਅਤ ਦਿੰਦਿਆਂ ਆਪਣੇ ਸੰਦੇਸ਼ ਰਾਹੀਂ ਯਾਦਾ ਸੁਰਖਪੁਰੀਆ ਦਾ ਆਮ ਆਦਮੀ ਪਾਰਟੀ ਪਰਿਵਾਰ ਵਿੱਚ ਨਿੱਘਾ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਵਰਲਡ ਕੱਪ ਦੇ ਬੈਸਟ ਸਟੌਪਰ ਰਹੇ ਅਤੇ ਮੌਜੂਦਾ ਸਮੇਂ ਪਿੰਡ ਸੁਰਖਪੁਰ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਅ ਰਹੇ ਯਾਦਵਿੰਦਰ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਨਾਲ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਯਾਦਾ ਸੁਰਖਪੁਰੀਆ ਵਰਗੇ ਖੇਡ ਖੇਤਰ ਨਾਲ ਜੁੜੇ ਆਗੂਆਂ ਦੇ ਪਾਰਟੀ ਨਾਲ ਜੁੜਨ ਨਾਲ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਮੁਹਿੰਮ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਯਾਦਾ ਸੁਰਖਪੁਰੀਆ ਨੂੰ ਸਿਆਸੀ ਜੀਵਨ ਦੀ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ''ਰੰਗਲਾ ਪੰਜਾਬ'' ਸਿਰਜਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਯਾਦਾ ਸੁਰਖਪੁਰੀਆ ਸਿਰਫ਼ ਕਬੱਡੀ ਦੇ ਮੈਦਾਨ ਵਿੱਚ ਹੀ ਆਪਣੀ ਪਛਾਣ ਨਹੀਂ ਰੱਖਦੇ, ਸਗੋਂ ਪਿੰਡ ਸੁਰਖਪੁਰ ਦੇ ਸਰਪੰਚ ਵਜੋਂ ਵੀ ਸਥਾਨਕ ਪੱਧਰ ''ਤੇ ਸੇਵਾਵਾਂ ਨਿਭਾਅ ਰਹੇ ਹਨ। ਅੰਤਰਰਾਸ਼ਟਰੀ ਖੇਡ ਤਜਰਬੇ ਅਤੇ ਪਿੰਡ ਪੱਧਰ ਦੀ ਜ਼ਿੰਮੇਵਾਰੀ ਨਾਲ ਜੁੜੀ ਉਨ੍ਹਾਂ ਦੀ ਪਛਾਣ ਹੁਣ ਸਿਆਸੀ ਮੰਚ ''ਤੇ ਵੀ ਸਾਹਮਣੇ ਆਵੇਗੀ।
ਸਿਆਸੀ ਨਜ਼ਰੀਏ ਤੋਂ ਅਹਿਮ ਕਿਉਂ ਹੈ ਇਹ ਜੁਆਇਨਿੰਗ?
ਸੁਲਤਾਨਪੁਰ ਲੋਧੀ ਹਲਕੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਦੇ ਮਾਹੌਲ ਦਰਮਿਆਨ ਕਬੱਡੀ ਜਗਤ ਦੀ ਜਾਣੀ-ਪਛਾਣੀ ਸ਼ਖ਼ਸੀਅਤ ਦਾ ਆਮ ਆਦਮੀ ਪਾਰਟੀ ਨਾਲ ਜੁੜਨਾ ਸਥਾਨਕ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਖਾਸ ਕਰਕੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨਾਲ ਜੁੜੇ ਵਰਗ ਵਿੱਚ ਇਸ ਜੁਆਇਨਿੰਗ ਨੂੰ ਪਾਰਟੀ ਦੇ ਸੰਗਠਨਾਤਮਕ ਵਿਸਥਾਰ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਕਬੱਡੀ ਦੇ ਮੈਦਾਨ ਵਿੱਚ ਆਪਣੀ ਖੇਡ ਨਾਲ ਨਾਮਣਾ ਖੱਟਣ ਵਾਲੇ ਯਾਦਾ ਸੁਰਖਪੁਰੀਆ ਸਿਆਸੀ ਪਾਰੀ ਵਿੱਚ ਕਿਹੜੀ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਦੀ ਸ਼ਮੂਲੀਅਤ ਨਾਲ ਹਲਕੇ ਦੀ ਸਿਆਸਤ ਵਿੱਚ ਕਿਹੜੇ ਨਵੇਂ ਸਮੀਕਰਨ ਸਾਹਮਣੇ ਆਉਂਦੇ ਹਨ।