ਅੰਮ੍ਰਿਤਸਰ ਵਿੱਚ ਕੁਲਦੀਪ ਸਿੰਘ ਧਾਲੀਵਾਲ ਦੀ ਗਰਜ; ਭਾਜਪਾ ਨੂੰ ਦੱਸਿਆ ‘ਕਬਾੜਖਾਨਾ’, ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ
MLA Kuldeep Singh Dhaliwal News: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਪਾਰਟੀਆਂ ’ਤੇ ਤਿੱਖੇ ਸਿਆਸੀ ਹਮਲੇ ਕੀਤੇ।
MLA Kuldeep Singh Dhaliwal News: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਪਾਰਟੀਆਂ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ ਅਤੇ ਖ਼ਾਸ ਕਰਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਨਿਸ਼ਾਨੇ ’ਤੇ ਲੈਂਦਿਆਂ ਕਈ ਤਿੱਖੇ ਬਿਆਨ ਦਿੱਤੇ। ਧਾਲੀਵਾਲ ਨੇ ਪਾਰਟੀ ਛੱਡ ਕੇ ਜਾ ਰਹੇ ਵਿਧਾਇਕਾਂ, 1984 ਦੇ ਸਿੱਖ ਕਤਲੇਆਮ, ਦਿੱਲੀ ਵਿੱਚ ਕਾਂਗਰਸ ਦੀ ਰੈਲੀ ਅਤੇ ਆਮ ਆਦਮੀ ਪਾਰਟੀ ਦੀਆਂ ਭਵਿੱਖੀ ਚੋਣ ਰਣਨੀਤੀਆਂ ਬਾਰੇ ਵੀ ਆਪਣਾ ਪੱਖ ਰੱਖਿਆ।
“ਭਾਜਪਾ ਹੁਣ ਸਿਆਸੀ ਪਾਰਟੀ ਨਹੀਂ, ਕਬਾੜਖਾਨਾ ਬਣ ਚੁੱਕੀ ਹੈ”
ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਹਰਮੀਤ ਸਿੰਘ ਪਠਾਨਮਾਜਰਾ ਅਤੇ ਜੌੜਾਮਾਜਰਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਸਬੰਧੀ ਸਵਾਲ ਪੁੱਛਿਆ ਤਾਂ ਧਾਲੀਵਾਲ ਨੇ ਬੇਹੱਦ ਤਿੱਖੇ ਅੰਦਾਜ਼ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਆਪਣਾ ਕੋਈ ਜਨ ਆਧਾਰ ਨਹੀਂ ਬਚਿਆ। ਧਾਲੀਵਾਲ ਨੇ ਕਿਹਾ, “ਭਾਜਪਾ ਹੁਣ ਕੋਈ ਸਿਆਸੀ ਪਾਰਟੀ ਨਹੀਂ ਰਹੀ, ਸਗੋਂ ਦੂਜੀਆਂ ਪਾਰਟੀਆਂ ਵਿੱਚੋਂ ਕੱਢੇ ਗਏ ਅਤੇ ਦਾਗ਼ੀ ਆਗੂਆਂ ਨੂੰ ਇਕੱਠਾ ਕਰਨ ਵਾਲੀ ਕਬਾੜ ਦੀ ਦੁਕਾਨ ਬਣ ਗਈ ਹੈ।
ਭਾਵੇਂ ਕੋਈ ਕਾਂਗਰਸ ਛੱਡ ਕੇ ਆਇਆ ਹੋਵੇ, ਅਕਾਲੀ ਦਲ ਵਿੱਚੋਂ ਨਿਕਲਿਆ ਹੋਵੇ ਜਾਂ ਕਿਸੇ ਹੋਰ ਪਾਰਟੀ ਤੋਂ, ਭਾਜਪਾ ਸਾਰਿਆਂ ਨੂੰ ਆਪਣੇ ਵਿੱਚ ਸ਼ਾਮਲ ਕਰਨ ਵਿੱਚ ਲੱਗੀ ਹੋਈ ਹੈ। ਜਿਸ ਪਾਰਟੀ ਦਾ ਪੰਜਾਬ ਵਿੱਚ ਆਪਣਾ ਕੋਈ ਵਜੂਦ ਨਹੀਂ, ਉਹ ਦੂਜੀਆਂ ਪਾਰਟੀਆਂ ਦੇ ਬਚੇ-ਖੁਚੇ ਆਗੂਆਂ ਦੇ ਸਹਾਰੇ ਪੰਜਾਬ ਜਿੱਤਣ ਦੇ ਸੁਪਨੇ ਦੇਖ ਰਹੀ ਹੈ। ਇਸੇ ਕਾਰਨ ਜਲੰਧਰ ਵਿੱਚ ਅਮਿਤ ਸ਼ਾਹ ਦੀ ਰੈਲੀ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਅਤੇ ਉਨ੍ਹਾਂ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਵੀ ਕੋਈ ਅਸਰ ਦਿਖਾਈ ਨਹੀਂ ਦਿੱਤਾ।”
ਦਾਗ਼ੀ ਆਗੂਆਂ ਲਈ ‘ਆਪ’ ਵਿੱਚ ਕੋਈ ਥਾਂ ਨਹੀਂ
ਪਾਰਟੀ ਛੱਡਣ ਵਾਲੇ ਆਗੂਆਂ ਬਾਰੇ ਸਖ਼ਤ ਰੁਖ਼ ਅਪਣਾਉਂਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਿਸੇ ਅਹੁਦੇ ਜਾਂ ਕੁਰਸੀ ਦੀ ਲਾਲਸਾ ਲਈ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀ ਨੀਂਹ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਪੰਜਾਬ ਦੀ ਸੇਵਾ ਦੇ ਸੰਕਲਪ ਨਾਲ ਰੱਖੀ ਸੀ।
ਉਨ੍ਹਾਂ ਕਿਹਾ, “ਜਿਸ ਦਿਨ ਸਾਡੀ ਸਰਕਾਰ ਬਣੀ ਸੀ, ਉਸੇ ਦਿਨ ਪਹਿਲੀ ਮੀਟਿੰਗ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਸਨ ਕਿ ਪਾਰਟੀ ਵਿੱਚ ਭ੍ਰਿਸ਼ਟਾਚਾਰ ਜਾਂ ਕਿਸੇ ਵੀ ਤਰ੍ਹਾਂ ਦੀ ਗ਼ਲਤ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਡੀ ਸਰਕਾਰ ਨੇ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ’ਤੇ ਦੋਸ਼ ਲੱਗਣ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਮੁਅੱਤਲ ਕਰਨ ਵਿੱਚ ਦੇਰੀ ਨਹੀਂ ਕੀਤੀ।
ਜਿਨ੍ਹਾਂ ਆਗੂਆਂ ਖ਼ਿਲਾਫ਼ ਪੁਲਿਸ ’ਤੇ ਗੋਲੀਆਂ ਚਲਾਉਣ ਜਾਂ ਜਬਰ-ਜਨਾਹ ਵਰਗੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਉਨ੍ਹਾਂ ਨੂੰ ਪਾਰਟੀ ਪਹਿਲਾਂ ਹੀ ਮੁਅੱਤਲ ਕਰਕੇ ਬਾਹਰ ਦਾ ਰਸਤਾ ਦਿਖਾ ਚੁੱਕੀ ਹੈ। ਅਜਿਹੇ ਲੋਕਾਂ ਲਈ ਨਾ ਕੱਲ੍ਹ ਪਾਰਟੀ ਵਿੱਚ ਕੋਈ ਥਾਂ ਸੀ, ਨਾ ਅੱਜ ਹੈ ਅਤੇ ਨਾ ਹੀ ਕਦੇ ਹੋਵੇਗੀ। ਜਿਹੜੇ ਲੋਕ ਸਿਰਫ਼ ਸੱਤਾ ਅਤੇ ਅਹੁਦਿਆਂ ਦੇ ਭੁੱਖੇ ਹਨ, ਉਹ ਪਾਰਟੀ ਛੱਡ ਕੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ।”
1984 ਸਿੱਖ ਕਤਲੇਆਮ ਅਤੇ ਪੰਜਾਬ ਦਿਵਸ ਨੂੰ ਲੈ ਕੇ ਕਾਂਗਰਸ ’ਤੇ ਹਮਲਾ
ਧਾਲੀਵਾਲ ਨੇ 1 ਨਵੰਬਰ ਦੀ ਇਤਿਹਾਸਕ ਤਾਰੀਖ਼ ਦਾ ਜ਼ਿਕਰ ਕਰਦਿਆਂ ਕਾਂਗਰਸ ਪਾਰਟੀ ਨੂੰ ਘੇਰਿਆ। ਉਨ੍ਹਾਂ ਕਿਹਾ ਕਿ 1 ਨਵੰਬਰ ਦਾ ਦਿਨ ਪੰਜਾਬੀਆਂ ਅਤੇ ਸਿੱਖਾਂ ਲਈ ਦੋਹਰੇ ਦੁੱਖ ਦਾ ਦਿਨ ਹੈ। ਪਹਿਲੀ ਗੱਲ ਇਹ ਹੈ ਕਿ ਇਸੇ ਦਿਨ ਪੰਜਾਬ ਅਤੇ ਹਰਿਆਣਾ ਨੂੰ ਵੱਖ ਕਰਕੇ ਪੰਜਾਬ ਦੇ ਟੁਕੜੇ ਕੀਤੇ ਗਏ ਅਤੇ ਦੂਜੀ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ 1 ਨਵੰਬਰ 1984 ਨੂੰ ਦਿੱਲੀ ਵਿੱਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕੀਤਾ ਗਿਆ।
ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ, “ਅੱਜ ਉਸੇ ਦਿੱਲੀ ਵਿੱਚ ਰਾਹੁਲ ਗਾਂਧੀ ਰੈਲੀ ਕਰ ਰਹੇ ਹਨ, ਜਿੱਥੇ ਬੇਕਸੂਰ ਸਿੱਖਾਂ ਦੇ ਗਲਾਂ ਵਿੱਚ ਬਲਦੇ ਹੋਏ ਟਾਇਰ ਪਾਏ ਗਏ ਸਨ ਅਤੇ ਸਾਡੀਆਂ ਮਾਵਾਂ-ਭੈਣਾਂ ਦੀ ਇੱਜ਼ਤ ਲੁੱਟੀ ਗਈ ਸੀ। ਦੇਸ਼ ਦੇ ਕਈ ਸੂਝਵਾਨ ਲੋਕਾਂ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ਘੱਟੋ-ਘੱਟ 1 ਨਵੰਬਰ ਨੂੰ ਦਿੱਲੀ ਵਿੱਚ ਇਹ ਰੈਲੀ ਨਾ ਕੀਤੀ ਜਾਵੇ ਅਤੇ ਇਸ ਨੂੰ ਦੋ-ਚਾਰ ਦਿਨ ਅੱਗੇ-ਪਿੱਛੇ ਕਰ ਲਿਆ ਜਾਵੇ, ਪਰ ਹੰਕਾਰ ਵਿੱਚ ਡੁੱਬੇ ਕਾਂਗਰਸੀਆਂ ਨੇ ਕਿਸੇ ਦੀ ਗੱਲ ਨਹੀਂ ਸੁਣੀ।
ਪੰਜਾਬ ਦੇ ਕਾਂਗਰਸੀ ਆਗੂਆਂ ਦੀ ਰੀੜ੍ਹ ਦੀ ਹੱਡੀ ਇੰਨੀ ਕਮਜ਼ੋਰ ਹੈ ਕਿ ਉਨ੍ਹਾਂ ਵਿੱਚ ਆਪਣੇ ਆਗੂ ਨੂੰ ਇਹ ਕਹਿਣ ਦੀ ਹਿੰਮਤ ਵੀ ਨਹੀਂ ਹੋਈ ਕਿ ਇਸ ਕਾਲੇ ਦਿਨ ਦਿੱਲੀ ਵਿੱਚ ਰੈਲੀ ਨਾ ਕੀਤੀ ਜਾਵੇ। ਅਜਿਹੇ ਲੋਕ ਪੰਜਾਬ ਦੇ ਹੱਕਾਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਗੱਲ ਕੀ ਕਰਨਗੇ?”
“ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਸਭ ਤੋਂ ਵੱਡੇ ਪੜ੍ਹੇ-ਲਿਖੇ ਝੂਠੇ ਆਗੂ”
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਉਸ ਬਿਆਨ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਨੇ ਡਰ ਦੇ ਮਾਰੇ 40 ਉਮੀਦਵਾਰਾਂ ਦੀ ਸੂਚੀ ਜਲਦੀ ਜਾਰੀ ਕੀਤੀ ਹੈ, ’ਤੇ ਧਾਲੀਵਾਲ ਨੇ ਤਿੱਖਾ ਪਲਟਵਾਰ ਕੀਤਾ। ਧਾਲੀਵਾਲ ਨੇ ਕਿਹਾ, “ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਝੂਠਾ ਚਿਹਰਾ ਹਨ।
ਜਿੰਨਾ ਝੂਠ ਪੂਰੀ ਪੰਜਾਬ ਕਾਂਗਰਸ ਮਿਲ ਕੇ ਨਹੀਂ ਬੋਲਦੀ, ਉਸ ਤੋਂ ਵੱਧ ਝੂਠ ਇਕੱਲੇ ਬਾਜਵਾ ਬੋਲ ਦਿੰਦੇ ਹਨ। ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਉਹ ਬੇਬੁਨਿਆਦ ਗੱਲਾਂ ਕਰਦੇ ਹਨ। ਉਹ ਪਿਛਲੇ ਪੰਜ ਸਾਲਾਂ ਤੋਂ ਵਿਰੋਧੀ ਧਿਰ ਦੇ ਨੇਤਾ ਬਣ ਕੇ ਬੈਠੇ ਹਨ ਪਰ ਅੱਜ ਤੱਕ ਵਿਧਾਨ ਸਭਾ ਵਿੱਚ ਪੰਜਾਬ ਦੇ ਹਿੱਤ ਦਾ ਕੋਈ ਇੱਕ ਵੀ ਜਨਤਕ ਮੁੱਦਾ ਨਹੀਂ ਉਠਾਇਆ। ਕਦੇ ਕਹਿੰਦੇ ਹਨ ਕਿ ‘ਆਪ’ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ, ਕਦੇ ਕਹਿੰਦੇ ਹਨ ਕਿ ਸਰਕਾਰ ਛੇ ਮਹੀਨਿਆਂ ਵਿੱਚ ਡਿੱਗ ਜਾਵੇਗੀ ਤੇ ਕਦੇ ਇੱਕ ਸਾਲ ਵਿੱਚ।”
ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਮਾਨਸਿਕ ਹਾਲਤ ਠੀਕ ਨਹੀਂ ਜਾਪਦੀ, ਇਸ ਲਈ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਜਾਂ ਦਿੱਲੀ ਦੇ ਕਿਸੇ ਵੱਡੇ ਹਸਪਤਾਲ ਵਿੱਚ ਲਿਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਧਾਲੀਵਾਲ ਨੇ ਬਾਜਵਾ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੇ 10 ਵਿਅਕਤੀਆਂ ਨੂੰ ਤਾਂ ਕੀ, ਆਪਣੇ ਸਕੇ ਭਰਾ ਨੂੰ ਵੀ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਨਹੀਂ ਹੋ ਸਕੇ।
2027 ਵਿੱਚ 100 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਉਣ ਦਾ ਦਾਅਵਾ
ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਜ਼ਮੀਨੀ ਸੰਗਠਨ ਅਤੇ ਵਰਕਰਾਂ ਦੀ ਮਜ਼ਬੂਤੀ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਪਾਰਟੀ ਨੇ ਲੋਕ ਸਭਾ, ਨਗਰ ਨਿਗਮ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਪੱਧਰ ਦੀਆਂ ਚੋਣਾਂ ਵਿੱਚ ਆਪਣੀ ਤਾਕਤ ਸਾਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਸਮੇਤ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਹੈ।
ਉਨ੍ਹਾਂ ਕਿਹਾ ਕਿ ਜਾਰੀ ਕੀਤੀ ਗਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਸਾਫ਼-ਸੁਥਰੀ ਛਵੀ ਵਾਲੇ, ਮਿਹਨਤੀ ਅਤੇ ਵਫ਼ਾਦਾਰ ਸਾਥੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਆਉਣ ਵਾਲੀਆਂ ਸੂਚੀਆਂ ਵਿੱਚ ਵੀ ਲੋਕਾਂ ਲਈ ਦਿਨ-ਰਾਤ ਕੰਮ ਕਰਨ ਵਾਲੇ ਬੇਦਾਗ਼ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਧਾਲੀਵਾਲ ਨੇ ਵਿਸ਼ਵਾਸ ਜਤਾਇਆ ਕਿ ਵਿਰੋਧੀ ਪਾਰਟੀਆਂ ਦੇ ਸਾਰੇ ਗੱਠਜੋੜ ਅਤੇ ਸਾਜ਼ਿਸ਼ਾਂ ਨਾਕਾਮ ਸਾਬਤ ਹੋਣਗੀਆਂ।
ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਸਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ 100 ਤੋਂ ਵੱਧ ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਕੇ ਮੁੜ ਸਰਕਾਰ ਬਣਾਏਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਮਿੱਟੀ ਅਤੇ ਇੱਥੋਂ ਦੇ ਆਮ ਲੋਕਾਂ ਦੇ ਹੱਕਾਂ ਲਈ ਆਪਣੀ ਲੜਾਈ ਜਾਰੀ ਰੱਖੇਗੀ।