Mad Sandhu Murder Case: ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਗਰੋਂ ਪੁਲਿਸ ਨੇ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਕੁਝ ਨੌਜਵਾਨਾਂ ਨੇ ਪਹਿਲਾਂ ਰੇਕੀ ਕੀਤੀ ਸੀ ਅਤੇ ਰੇਕੀ ਤੋਂ ਬਾਅਦ ਕਤਲ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਪਰਮਿੰਦਰ ਨੇ ਹੀ ਮੈਡ ਸੰਧੂ ’ਤੇ ਗੋਲੀ ਚਲਾਈ ਸੀ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਤਲ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ।
ਰਿਪੋਰਟਾਂ ਮੁਤਾਬਕ ਮੈਡ ਸੰਧੂ ਦੀ ਹੱਤਿਆ ਤੋਂ ਬਾਅਦ ਪਰਮਿੰਦਰ ਕਾਕਾ ਪੰਜਾਬ ਤੋਂ ਭੱਜ ਕੇ ਗੁਜਰਾਤ ਪਹੁੰਚ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਛਾਣ ਲੁਕਾ ਕੇ ਗੁਜਰਾਤ ਦੇ ਵੱਖ-ਵੱਖ ਹੋਟਲਾਂ ਵਿੱਚ ਠਹਿਰ ਰਿਹਾ ਸੀ। ਜਾਂਚ ਦੌਰਾਨ ਉਸ ਦੀ ਲੋਕੇਸ਼ਨ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਸੀ ਕਿ ਮ੍ਰਿਤਕ ਸੋਸ਼ਲ ਮੀਡੀਆ 'ਤੇ ਇਕ ਚਰਚਿਤ ਇਨਫਲੂਐਂਸਰ ਸੀ, ਜਿਸ ਕਰਕੇ ਸੋਸ਼ਲ ਮੀਡੀਆ 'ਤੇ ਉਸ ਖਿਲਾਫ ਕਈ ਤਰ੍ਹਾਂ ਦੇ ਵਿਵਾਦ ਵੀ ਚੱਲ ਰਹੇ ਸਨ। ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਕੁਝ ਗੈਰਸਮਾਜਿਕ ਤੱਤਾਂ ਅਤੇ ਬਦਮਾਸ਼ਾਂ ਨੂੰ ਸੁਪਾਰੀ ਦੇ ਕੇ ਇਸ ਵਾਦਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਇਸ ਗ੍ਰਿਫ਼ਤਾਰੀ ਵਿੱਚ ਗੁਜਰਾਤ ਪੁਲਿਸ ਅਤੇ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵਿਚਾਲੇ ਤਾਲਮੇਲ ਅਹਿਮ ਰਿਹਾ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਕਤਲ ਦੀ ਸਾਜ਼ਿਸ਼ ਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਸਨ। ਇਸ ਦੇ ਨਾਲ ਹੀ ਕਥਿਤ ਗੋਲਡੀ ਢਿੱਲੋਂ ਗੈਂਗ ਨਾਲ ਮੁਲਜ਼ਮ ਦੇ ਸਬੰਧਾਂ, ਕਤਲ ਲਈ ਫੰਡਿੰਗ ਅਤੇ ਪੂਰੇ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਚਸ਼ਮਦੀਦਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਮੈਡ ਸੰਧੂ ਨੇ ਆਪਣੀ ਕਾਰ ਇੱਕ ਵਾਸ਼ ਸਟੇਸ਼ਨ ’ਤੇ ਖੜ੍ਹੀ ਕੀਤੀ ਸੀ। ਕੁਝ ਸਮੇਂ ਬਾਅਦ ਦੋ ਕੁੜੀਆਂ ਉਸ ਨੂੰ ਉੱਥੋਂ ਛੱਡਣ ਲਈ ਪਹੁੰਚੀਆਂ। ਇਸ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਉੱਥੇ ਆਏ। ਇੱਕ ਨੌਜਵਾਨ ਮੋਟਰਸਾਈਕਲ ’ਤੇ ਹੀ ਰਿਹਾ, ਜਦਕਿ ਦੂਜਾ ਮੈਡ ਸੰਧੂ ਵੱਲ ਵਧਿਆ ਅਤੇ ਉਸ ’ਤੇ ਗੋਲੀਬਾਰੀ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਕਰੀਬ 4 ਤੋਂ 5 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਮੈਡ ਸੰਧੂ ਨੂੰ ਲੱਗੀਆਂ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਪੁਲਿਸ ਹੁਣ ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਕਤਲ ਦੀ ਪੂਰੀ ਕੜੀ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।