PSEB Exam Schedule 2027: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਲਾਨਾ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਵਿੱਢ ਦਿੱਤੀ ਹੈ। 2026-27 ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੋਰਡ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਮੁੱਢਲਾ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਪ੍ਰੈਕਟੀਕਲ ਇਮਤਿਹਾਨ ਜਨਵਰੀ 2027 ਵਿੱਚ ਕਰਵਾਏ ਜਾਣਗੇ, ਜਦਕਿ ਲਿਖਤੀ ਪ੍ਰੀਖਿਆਵਾਂ ਮਾਰਚ ਮਹੀਨੇ ਤੋਂ ਸ਼ੁਰੂ ਹੋਣਗੀਆਂ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਮੁਤਾਬਕ ਚੋਣਾਂ ਦੌਰਾਨ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਵਾਧਾ ਹੋਣ ਕਾਰਨ ਪ੍ਰੀਖਿਆ ਪ੍ਰਬੰਧਾਂ ਵਿੱਚ ਕੋਈ ਰੁਕਾਵਟ ਨਾ ਆਵੇ, ਇਸ ਲਈ ਪਹਿਲਾਂ ਹੀ ਸਮਾਂ-ਸਾਰਣੀ ਤਿਆਰ ਕੀਤੀ ਗਈ ਹੈ।
ਜਾਣੋ 8ਵੀਂ, 10ਵੀਂ ਅਤੇ 12ਵੀਂ ਦੇ ਪੇਪਰਾਂ ਦੀਆਂ ਤਰੀਕਾਂ
ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਤਿੰਨਾਂ ਜਮਾਤਾਂ ਦੇ ਪ੍ਰੈਕਟੀਕਲ ਪੇਪਰ 8 ਜਨਵਰੀ ਤੋਂ 20 ਜਨਵਰੀ 2027 ਤੱਕ ਕਰਵਾਏ ਜਾਣਗੇ। ਲਿਖਤੀ ਪ੍ਰੀਖਿਆਵਾਂ ਦੀ ਗੱਲ ਕਰੀਏ ਤਾਂ 8ਵੀਂ ਜਮਾਤ ਦੇ ਪੇਪਰ 5 ਮਾਰਚ ਤੋਂ ਸ਼ੁਰੂ ਹੋ ਕੇ 18 ਮਾਰਚ ਤੱਕ ਚੱਲਣਗੇ। ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਲਿਖਤੀ ਪ੍ਰੀਖਿਆਵਾਂ 19 ਮਾਰਚ 2027 ਤੋਂ ਸ਼ੁਰੂ ਹੋਣਗੀਆਂ ਅਤੇ 20 ਅਪ੍ਰੈਲ ਤੱਕ ਜਾਰੀ ਰਹਿਣਗੀਆਂ। ਇਸੇ ਤਰ੍ਹਾਂ 12ਵੀਂ ਜਮਾਤ ਦੀ ਪ੍ਰੀਖਿਆ ਵੀ 5 ਮਾਰਚ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਦੀ ਸਮਾਪਤੀ 23 ਅਪ੍ਰੈਲ 2027 ਨੂੰ ਹੋਵੇਗੀ।
ਓਪਨ ਸਕੂਲ ਦੇ ਵਿਦਿਆਰਥੀਆਂ ਲਈ ਵੀ ਲਾਗੂ ਹੋਵੇਗਾ ਸ਼ਡਿਊਲ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 10ਵੀਂ ਤੇ 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ ਲਈ ਐਲਾਨੀਆਂ ਤਰੀਕਾਂ ਓਪਨ ਸਕੂਲ ਦੇ ਵਿਦਿਆਰਥੀਆਂ 'ਤੇ ਵੀ ਲਾਗੂ ਹੋਣਗੀਆਂ। ਹਾਲਾਂਕਿ, ਵਿਸ਼ਿਆਂ ਦੇ ਹਿਸਾਬ ਨਾਲ ਪੇਪਰਾਂ ਦੀਆਂ ਤਰੀਕਾਂ ਅਤੇ ਸਮੇਂ ਬਾਰੇ ਵਿਸਤ੍ਰਿਤ ਡੇਟਸ਼ੀਟ ਅਜੇ ਜਾਰੀ ਕੀਤੀ ਜਾਣੀ ਬਾਕੀ ਹੈ।
ਵਿਦਿਆਰਥੀ ਵਿਸ਼ਾ-ਵਾਰ ਡੇਟਸ਼ੀਟ ਜਾਰੀ ਹੋਣ ਤੋਂ ਬਾਅਦ ਇਸ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ਤੋਂ ਡਾਊਨਲੋਡ ਕਰ ਸਕਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਬੋਰਡ ਵੱਲੋਂ ਇਮਤਿਹਾਨਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾਣਗੇ।
PSEB ਪ੍ਰੀਖਿਆਵਾਂ 2027 ਦਾ ਸ਼ਡਿਊਲ
ਜਮਾਤ ਪ੍ਰੈਕਟੀਕਲ ਪ੍ਰੀਖਿਆਵਾਂ ਲਿਖਤੀ ਪ੍ਰੀਖਿਆਵਾਂ
8ਵੀਂ 8 ਤੋਂ 20 ਜਨਵਰੀ 2027 5 ਤੋਂ 18 ਮਾਰਚ 2027
10ਵੀਂ 8 ਤੋਂ 20 ਜਨਵਰੀ 2027 19 ਮਾਰਚ ਤੋਂ 20 ਅਪ੍ਰੈਲ 2027
12ਵੀਂ 8 ਤੋਂ 20 ਜਨਵਰੀ 2027 5 ਮਾਰਚ ਤੋਂ 23 ਅਪ੍ਰੈਲ 2027