Raikot Accident(ਹੇਮ ਰਾਜ ਬੱਬਰ): ਰਾਏਕੋਟ ਦੇ ਸ. ਹਰੀ ਸਿੰਘ ਨਲਵਾ ਚੌਂਕ ਵਿਚ ਅੱਜ ਦੇਰ ਸ਼ਾਮ 6 ਵਜੇ ਦੇ ਕਰੀਬ ਇੱਕ ਤੇਜ ਰਫਤਾਰ ਟਰਾਲੇ ਵੱਲੋਂ ਸਾਈਡ ਤੇ ਲੰਘ ਰਹੇ ਸਾਈਕਲ ਸਵਾਰ ਇੱਕ ਨੌਜਵਾਨ ਪ੍ਰਵਾਸੀ ਮਜ਼ਦੂਰ ਨੂੰ ਕੁਚਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ. ਕੁੱਝ ਹੀ ਪਲਾ ਵਿੱਚ ਵਾਪਰੀ ਇਸ ਘਟਨਾ ਦੌਰਾਨ ਕੋਲ ਦੀ ਲੰਘ ਰਹੇ ਤੇਜ਼ ਰਫਤਾਰ ਟਰਾਲੇ ਨੇ ਸਾਈਕਲ ਸਵਾਰ ਨੌਜਵਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਸਾਈਕਲ ਸਮੇਤ ਸੜਕ ‘ਤੇ ਡਿੱਗ ਗਿਆ, ਐਨੇ ਨੂੰ ਟਰਾਲੇ ਦੇ ਪਿਛਲੇ ਟਾਇਰਾਂ ਨੇ ਉਸਦੇ ਸਿਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।
ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇਹ ਸਾਰੀ ਘਟਨਾ ਸੜਕ ਕਿਨਾਰੇ ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਉਥੇ ਹੀ ਇਸ ਹਾਦਸੇ ਨੂੰ ਅੰਜਾਮ ਦੇਣ ਉਪਰੰਤ ਉਕਤ ਟਰਾਲਾ ਚਾਲਕ ਮੁਲਾਂਪੁਰ ਦਾਖਾ ਵੱਲੋਂ ਨੂੰ ਭੱਜ ਗਿਆ, ਜਿਸ ਨੂੰ ਕਸਬਾ ਧਨੌਲਾ ਦੇ ਇੱਕ ਹਿੰਮਤੀ ਟੈਕਸੀ ਚਾਲਕ ਨੇ ਪਿੱਛਾ ਕਰਕੇ ਮੁੱਲਾਪੁਰ ਦਾਖਾ ਵਿਖੇ ਪੁਲਿਸ ਸਟੇਸ਼ਨ ਨਜ਼ਦੀਕ ਘੇਰ ਕੇ ਰੋਕ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ, ਉਧਰ ਮ੍ਰਿਤਕ ਦੀ ਪਹਿਚਾਣ 28 ਸਾਲਾ ਸ਼ਗਨ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਡੇਡਾਸ਼ਾਹੀ ਯੂਪੀ ਹਾਲ ਵਾਸੀ ਸੰਧੂ ਕਲੋਨੀ ਸੀਲੋਆਣੀ ਰੋਡ ਰਾਏਕੋਟ ਵਜੋ ਹੋਈ ਹੈ, ਜੋ ਰਾਏਕੋਟ ਸ਼ਹਿਰ ਦੇ ਬਾਲਾ ਜੀ ਹੋਟਲ ਵਿਖੇ ਹਲਵਾਈ ਵਜੋਂ ਕੰਮ ਕਰਦਾ ਸੀ ਪ੍ਰੰਤੂ ਅੱਜ ਦੇਰ ਸ਼ਾਮ ਉਹ ਤਾਜਪੁਰ ਚੌਂਕ ਵੱਲੋਂ ਸਰਦਾਰ ਹਰੀ ਸਿੰਘ ਨਲਵਾ ਚੌਂਕ ਵੱਲ ਨੂੰ ਸਾਈਕਲ ‘ਤੇ ਸਵਾਰ ਹੋ ਕੇ ਆ ਰਿਹਾ ਸੀ ਪਰ ਜਦੋਂ ਬਾਲਾ ਜੀ ਹੋਟਲ ਅੱਗੇ ਪੁੱਜਿਆ ਤਾਂ ਉਸਦੇ ਲਾਗਿਓ ਲੰਘ ਰਹੇ ਇੱਕ ਤੇਜ਼ ਰਫਤਾਰ ਟਰਾਲੇ ਨੇ ਉਸ ਨੂੰ ਫੇਟ ਮਾਰ ਕੇ ਟਾਇਰ ਪਿਛਲੇ ਟਾਇਰਾਂ ਥੱਲੇ ਕੁਚਲ ਦਿੱਤਾ ਅਤੇ ਉਸਦੀ ਮੌਕੇ ਤੇ ਮੌਤ ਹੋ ਗਈ।
ਇਸ ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਘਟਨਾ ਸਥਾਨ ਉੱਪਰ ਪੁੱਜੇ ਮ੍ਰਿਤਕ ਦੇ ਛੋਟੇ ਭਰਾ ਰਾਧੇ ਸ਼ਾਮ ਨੇ ਉਸਦੀ ਸ਼ਨਾਖਤ ਅਤੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਮੂਲ ਰੂਪ ਯੂਪੀ ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਰਾਏਕੋਟ ਵਿਖੇ ਕੰਮ ਕਰਕੇ ਆਪਣਾ ਟੱਬਰ ਪਾਲ ਰਹੇ ਹਨ ਜਦਕਿ ਮਿਰਤਕ ਦਾ ਵਿਆਹ ਹੋਇਆ ਹੋਇਆ ਹੈ ਅਤੇ ਉਸਦੇ ਇਕ ਦੋ ਸਾਲ ਦੀ ਬੱਚੀ ਹੈ, ਸਗੋਂ ਉਸ ਦੀ ਧਰਮ ਪਤਨੀ ਗਰਭਵਤੀ ਹੈ ਅਤੇ ਉਸ ਦੇ ਬੱਚਾ ਹੋਣ ਵਾਲਾ ਹੈ ਪਰ ਇਸ ਸੜਕ ਹਾਦਸੇ ਨੇ ਉਹਨਾਂ ਦਾ ਪੂਰਾ ਪਰਿਵਾਰ ਹੀ ਤਬਾਹ ਕਰਕੇ ਰੱਖ ਦਿੱਤਾ।
ਇਸ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਡਿਊਟੀ ਅਫਸਰ ਏਐਸਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਜਗਰਾਉਂ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਅਤੇ ਕਾਨੂੰਨ ਮੁਤਾਬਿਕ ਜੋ ਵੀ ਬਣਦੀ ਕਾਰਵਾਈ ਹੋਵੇਗੀ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਸ ਘਟਨਾ ਲਈ ਜਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।