SOCIAL MEDIA

Newsletter

PARTNER SITES
भाषा चुनें राज्य चुनें

ਦੁਸਹਿਰੇ ’ਤੇ ਰਾਵਣ ਦਾ ਦਹਿਨ ਨਹੀਂ, ਹੁੰਦੀ ਹੈ ਪੂਜਾ! ਪੰਜਾਬ ਦੇ ਇਸ ਪਿੰਡ ’ਚ 9 ਪੁਸ਼ਤਾਂ ਤੋਂ ਨਿਭਾਈ ਜਾ ਰਹੀ ਅਨੋਖੀ ਪਰੰਪਰਾ

Ravana Puja News: ਦੁਸਹਿਰੇ ਦੇ ਤਿਉਹਾਰ ’ਤੇ ਰਾਵਣ ਦੇ ਪੁਤਲੇ ਦਾ ਦਹਿਨ ਕਰਕੇ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਸੰਦੇਸ਼ ਦਿੱਤਾ ਜਾਂਦਾ ਹੈ

Written By Ravinder Singh
Published: Oct 19, 2026, 06:36 PM IST | Updated: Oct 19, 2026, 06:39 PM IST
Join

Ravana Puja News: ਦੇਸ਼ ਭਰ ਵਿੱਚ ਦੁਸਹਿਰੇ ਦੇ ਤਿਉਹਾਰ ’ਤੇ ਰਾਵਣ ਦੇ ਪੁਤਲੇ ਦਾ ਦਹਿਨ ਕਰਕੇ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਸੰਦੇਸ਼ ਦਿੱਤਾ ਜਾਂਦਾ ਹੈ ਪਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਸ਼ਹਿਰ ਵਿੱਚ ਇੱਕ ਅਜਿਹੀ ਪਰੰਪਰਾ ਹੈ, ਜੋ ਇਸ ਤਿਉਹਾਰ ਨੂੰ ਇੱਕ ਵੱਖਰੀ ਪਛਾਣ ਦਿੰਦੀ ਹੈ। ਇੱਥੇ ਰਾਵਣ ਦਾ ਪੁਤਲਾ ਸਾੜਿਆ ਨਹੀਂ ਜਾਂਦਾ, ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਦੁਬੇ ਪਰਿਵਾਰ ਦੀਆਂ ਪਿਛਲੀਆਂ ਕਈ ਪੀੜ੍ਹੀਆਂ ਇਸ ਪਰੰਪਰਾ ਨੂੰ ਨਿਭਾਉਂਦੀਆਂ ਆ ਰਹੀਆਂ ਹਨ। ਦਾਅਵਾ ਹੈ ਕਿ ਇਸ ਪਰਿਵਾਰ ਦੀ ਨੌਵੀਂ ਪੀੜ੍ਹੀ ਅੱਜ ਵੀ ਇਸ ਸੇਵਾ ਨੂੰ ਅੱਗੇ ਵਧਾ ਰਹੀ ਹੈ। ਰਾਵਣ ਦੀ ਪੂਜਾ, ਸ਼ਰਾਬ ਦੀ ਭੇਟ ਅਤੇ ਖੂਨ ਦਾ ਟਿੱਕਾ ਲਗਾਉਣ ਦੀ ਰਸਮ ਇੱਥੇ ਖਿੱਚ ਦਾ ਕੇਂਦਰ ਬਣਦੀ ਹੈ। ਆਖ਼ਰ ਕੀ ਹੈ ਇਸ ਪਰੰਪਰਾ ਦਾ ਇਤਿਹਾਸ ਅਤੇ ਕਿਉਂ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ?

ਦੇਖੋ ਇਹ ਖ਼ਾਸ ਰਿਪੋਰਟ
ਇਹ ਤਸਵੀਰਾਂ ਹਨ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਸ਼ਹਿਰ ਦੀਆਂ, ਜਿੱਥੇ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕੀਤੀ ਜਾਂਦੀ ਹੈ। ਜਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਵਣ ਦਹਿਨ ਦੀਆਂ ਤਿਆਰੀਆਂ ਹੁੰਦੀਆਂ ਹਨ, ਉਸੇ ਸਮੇਂ ਪਾਇਲ ਵਿੱਚ ਰਾਵਣ ਦੇ ਬੁੱਤ ਅੱਗੇ ਪੂਜਾ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ।

ਇੱਥੇ ਮੌਜੂਦ ਰਾਮ ਮੰਦਰ ਅਤੇ ਰਾਵਣ ਦਾ ਪੱਕਾ ਬੁੱਤ ਇਸ ਪਰੰਪਰਾ ਦੀ ਖ਼ਾਸ ਪਛਾਣ ਹਨ। ਮੰਦਰ ਵਿੱਚ ਭਗਵਾਨ ਰਾਮ ਦੀ ਪੂਜਾ ਵੀ ਹੁੰਦੀ ਹੈ ਅਤੇ ਦੁਸਹਿਰੇ ਵਾਲੇ ਦਿਨ ਰਾਵਣ ਦੀ ਵੀ। ਇਸ ਅਨੋਖੀ ਪਰੰਪਰਾ ਨਾਲ ਦੁਬੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਜੁੜੀਆਂ ਹੋਈਆਂ ਹਨ। ਪਰਿਵਾਰ ਦੇ ਮੈਂਬਰਾਂ ਅਨੁਸਾਰ, ਇਹ ਰੀਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਅੱਜ ਵੀ ਪੂਰੀ ਸ਼ਰਧਾ ਨਾਲ ਨਿਭਾਈ ਜਾਂਦੀ ਹੈ।

ਪੰਡਿਤ ਸਵਰ ਲਾਲ ਅਨੁਸਾਰ, ਇਸ ਪਰੰਪਰਾ ਪਿੱਛੇ ਦੁਬੇ ਪਰਿਵਾਰ ਦੇ ਪੁਰਖੇ ਬੀਰਬਲ ਦਾਸ ਨਾਲ ਜੁੜੀ ਇੱਕ ਕਹਾਣੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਘਰ ਸੰਤਾਨ ਨਹੀਂ ਸੀ। ਇਸ ਕਾਰਨ ਉਹ ਪਾਇਲ ਛੱਡ ਕੇ ਹਰਿਦੁਆਰ ਵੱਲ ਚੱਲ ਪਏ। ਰਸਤੇ ਵਿੱਚ ਇੱਕ ਸਾਧੂ ਨੇ ਉਨ੍ਹਾਂ ਨੂੰ ਰਾਮਲੀਲਾ ਕਰਵਾਉਣ ਅਤੇ ਦੁਸਹਿਰਾ ਮਨਾਉਣ ਦੀ ਸਲਾਹ ਦਿੱਤੀ।

ਪਰਿਵਾਰ ਅਨੁਸਾਰ, ਪਾਇਲ ਵਾਪਸ ਆ ਕੇ ਰਾਮਲੀਲਾ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਘਰ ਸੰਤਾਨ ਹੋਈ ਅਤੇ ਅੱਗੇ ਚੱਲ ਕੇ ਚਾਰ ਪੁੱਤਰ ਪੈਦਾ ਹੋਏ। ਪਰਿਵਾਰ ਇਸ ਘਟਨਾ ਨੂੰ ਆਪਣੀ ਰਵਾਇਤ ਦੀ ਸ਼ੁਰੂਆਤ ਨਾਲ ਜੋੜਦਾ ਹੈ। ਇਸ ਤੋਂ ਬਾਅਦ ਰਾਮਲੀਲਾ ਕਰਵਾਉਣ ਅਤੇ ਦੁਸਹਿਰੇ ਮੌਕੇ ਪੂਜਾ ਕਰਨ ਦੀ ਪਰੰਪਰਾ ਲਗਾਤਾਰ ਚੱਲਦੀ ਆ ਰਹੀ ਹੈ। ਮੰਦਰ ਵਿੱਚ ਲੱਗੀ ਸ਼ਿਲਾ ਮੁਤਾਬਕ, ਇਸ ਦੀ ਉਸਾਰੀ 1835 ਵਿੱਚ ਹੋਈ ਸੀ। ਪਰਿਵਾਰ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਵਣ ਦਾ ਬੁੱਤ ਵੀ ਇਸੇ ਸਮੇਂ ਨਾਲ ਜੁੜਿਆ ਹੋਇਆ ਹੈ।

ਹੁਣ ਗੱਲ ਕਰਦੇ ਹਾਂ ਉਸ ਰਸਮ ਦੀ, ਜੋ ਪਾਇਲ ਦੇ ਇਸ ਸਥਾਨ ਨੂੰ ਹੋਰ ਵੀ ਵੱਖਰਾ ਬਣਾਉਂਦੀ ਹੈ। ਦੁਸਹਿਰੇ ਵਾਲੇ ਦਿਨ ਸੂਰਜ ਡੁੱਬਣ ਸਮੇਂ ਤੱਕ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਰਾਵਣ ਦੇ ਬੁੱਤ ’ਤੇ ਸ਼ਰਾਬ ਭੇਟ ਕੀਤੀ ਜਾਂਦੀ ਹੈ ਅਤੇ ਖੂਨ ਦਾ ਟਿੱਕਾ ਲਗਾਉਣ ਦੀ ਰਵਾਇਤ ਵੀ ਨਿਭਾਈ ਜਾਂਦੀ ਹੈ। ਸਥਾਨਕ ਲੋਕਾਂ ਦੇ ਦੱਸਣ ਅਨੁਸਾਰ, ਇਸ ਰਸਮ ਵਿੱਚ ਬੱਕਰੇ ਦੇ ਕੰਨ ’ਤੇ ਕੱਟ ਲਗਾ ਕੇ ਖੂਨ ਚੜ੍ਹਾਇਆ ਜਾਂਦਾ ਹੈ। ਇਸ ਤੋਂ ਬਾਅਦ ਰਾਵਣ ਦੇ ਬੁੱਤ ਦੇ ਸਿਰ ’ਤੇ ਅੱਗ ਜਗਾਉਣ ਦੀ ਰਸਮ ਹੁੰਦੀ ਹੈ, ਜਿਸ ਨੂੰ ਸ਼ਗਨ ਵਜੋਂ ਦੇਖਿਆ ਜਾਂਦਾ ਹੈ।

 ਇਸ ਰਵਾਇਤ ਬਾਰੇ ਪਰਿਵਾਰ ਦਾ ਕਹਿਣਾ ਹੈ ਕਿ ਰਾਵਣ ਨੂੰ ਸਿਰਫ਼ ਉਸ ਦੇ ਇੱਕ ਪੱਖ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਹ ਰਾਖਸ਼ੀ ਸੁਭਾਅ ਨਾਲ ਜੋੜਿਆ ਜਾਂਦਾ ਹੈ, ਪਰ ਨਾਲ ਹੀ ਵੇਦਾਂ ਦਾ ਵੱਡਾ ਗਿਆਤਾ ਵੀ ਮੰਨਿਆ ਜਾਂਦਾ ਹੈ। ਇਸੇ ਵਿਸ਼ਵਾਸ ਕਾਰਨ ਇੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਪਾਇਲ ਦੀ ਇਸ ਪਰੰਪਰਾ ਨਾਲ ਸਿਰਫ਼ ਦੁਬੇ ਪਰਿਵਾਰ ਹੀ ਨਹੀਂ, ਸਗੋਂ ਸਥਾਨਕ ਲੋਕ ਅਤੇ ਰਾਮਲੀਲਾ ਨਾਲ ਜੁੜੇ ਕਲਾਕਾਰ ਵੀ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹਨ।

ਪਿਛਲੇ ਕਰੀਬ 20 ਸਾਲਾਂ ਤੋਂ ਰਾਮਲੀਲਾ ਵਿੱਚ ਰਾਵਣ ਦਾ ਕਿਰਦਾਰ ਨਿਭਾ ਰਹੇ ਰੁਪਿੰਦਰ ਸਿੰਘ ਦੱਸਦੇ ਹਨ ਕਿ ਉਹ ਬਚਪਨ ਤੋਂ ਹੀ ਇਸ ਮੰਦਰ ਨਾਲ ਜੁੜੇ ਹੋਏ ਹਨ। ਉਨ੍ਹਾਂ ਮੁਤਾਬਕ, ਉਨ੍ਹਾਂ ਦੇ ਬਜ਼ੁਰਗ ਵੀ ਇਸ ਸਥਾਨ ’ਤੇ ਰਾਵਣ ਦੀ ਪੂਜਾ ਹੁੰਦੀ ਦੇਖਦੇ ਆਏ ਹਨ। ਇੱਥੇ ਹਰ ਸਾਲ ਰਾਮਲੀਲਾ ਵੀ ਹੁੰਦੀ ਹੈ। ਬੱਚਿਆਂ ਵੱਲੋਂ ਦਿਨ ਸਮੇਂ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ, ਜਿਸ ਰਾਹੀਂ ਨਵੀਂ ਪੀੜ੍ਹੀ ਨੂੰ ਇਸ ਪਰੰਪਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਸ ਸਥਾਨ ਨਾਲ ਜੁੜੀ ਇੱਕ ਹੋਰ ਚਰਚਿਤ ਕਹਾਣੀ ਵੀ ਸਥਾਨਕ ਲੋਕ ਸੁਣਾਉਂਦੇ ਹਨ। ਯਸ਼ਪਾਲ ਅਤੇ ਗੁਰਦੀਪ ਸਿੰਘ ਅਨੁਸਾਰ, ਕਈ ਸਾਲ ਪਹਿਲਾਂ ਇੱਕ ਪਰਿਵਾਰ ਵੱਲੋਂ ਰਾਵਣ ਦੇ ਬੁੱਤ ਨੂੰ ਉਖਾੜ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਬੁੱਤ ਨੂੰ ਮੁੜ ਸਥਾਪਤ ਕੀਤਾ ਗਿਆ। ਸਥਾਨਕ ਲੋਕ ਇਸ ਘਟਨਾ ਨੂੰ ਉਸ ਸਮੇਂ ਦੀਆਂ ਵੱਡੀਆਂ ਚਰਚਾਵਾਂ ਨਾਲ ਵੀ ਜੋੜਦੇ ਹਨ। ਹਾਲਾਂਕਿ, ਇਸ ਕਹਾਣੀ ਨਾਲ ਜੁੜੇ ਇਤਿਹਾਸਕ ਦਾਅਵਿਆਂ ਦੀ ਵੱਖਰੇ ਤੌਰ ’ਤੇ ਪੁਸ਼ਟੀ ਹੋਣੀ ਅਜੇ ਜ਼ਰੂਰੀ ਹੈ। ਸਥਾਨਕ ਲੋਕਾਂ ਦੀ ਮਾਨਤਾ ਹੈ ਕਿ ਇਸ ਸਥਾਨ ’ਤੇ ਸੱਚੇ ਮਨ ਨਾਲ ਮੰਗੀ ਗਈ ਮਨੋਕਾਮਨਾ ਪੂਰੀ ਹੁੰਦੀ ਹੈ। 

ਇਹੀ ਕਾਰਨ ਹੈ ਕਿ ਦੁਸਹਿਰੇ ਮੌਕੇ ਇੱਥੇ ਦੂਰ-ਦੂਰ ਤੋਂ ਲੋਕ ਪਹੁੰਚਦੇ ਹਨ ਅਤੇ ਪੂਜਾ ਵਿੱਚ ਸ਼ਾਮਲ ਹੁੰਦੇ ਹਨ। ਪਾਇਲ ਦੀ ਇਹ ਪਰੰਪਰਾ ਦੁਸਹਿਰੇ ਦੇ ਤਿਉਹਾਰ ਨੂੰ ਦੇਖਣ ਦਾ ਇੱਕ ਵੱਖਰਾ ਨਜ਼ਰੀਆ ਪੇਸ਼ ਕਰਦੀ ਹੈ। ਇੱਕ ਪਾਸੇ ਦੇਸ਼ ਭਰ ਵਿੱਚ ਰਾਵਣ ਦਹਿਨ ਹੁੰਦਾ ਹੈ, ਦੂਜੇ ਪਾਸੇ ਇੱਥੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਵਿਸ਼ਵਾਸ, ਪੁਰਾਣੀਆਂ ਮਾਨਤਾਵਾਂ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਵਾਇਤਾਂ ਨਾਲ ਜੁੜਿਆ ਇਹ ਸਥਾਨ ਅੱਜ ਵੀ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਬਣਿਆ ਹੋਇਆ ਹੈ।
 

Add Zee News as a Preferred Source
TAGS:

About the Author

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।

ZEENEWS TRENDING STORIES