Zirakpur News: ਜ਼ੀਰਕਪੁਰ ਪੁਲਿਸ ਨੇ ਹਨੀ ਟ੍ਰੈਪ ਦੇ ਜਾਲ ਵਿੱਚ ਫਸਾ ਕੇ ਲੁੱਟ-ਖੋਹ ਅਤੇ ਬਲੈਕਮੇਲਿੰਗ ਕਰਨ ਵਾਲੇ ਇੱਕ ਸ਼ਾਤਿਰ ਗਿਰੋਹ ਖ਼ਿਲਾਫ਼ ਕਾਰਵਾਈ ਕਰਦਿਆਂ ਗਿਰੋਹ ਦੇ ਮੁੱਖ ਸਰਗਨਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਹਨ।
ਪੁਲਿਸ ਮੁਤਾਬਕ ਬੀਤੇ ਦਿਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਗਿਰੋਹ ਦੇ ਮੁੱਖ ਸਰਗਨਾ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਅੱਜ ਉਸ ਨੂੰ ਵੀ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਇਰਬਨ ਪ੍ਰੀਤ, ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਲਿਫਟ ਦੇ ਬਹਾਨੇ ਬਣਾਉਂਦੇ ਸਨ ਸ਼ਿਕਾਰ
ਪੁਲਿਸ ਜਾਂਚ ਅਨੁਸਾਰ ਗਿਰੋਹ ਦੀਆਂ ਮਹਿਲਾ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਸੁੰਨਸਾਨ ਸੜਕਾਂ ’ਤੇ ਕਾਰ ਸਵਾਰਾਂ ਤੋਂ ਲਿਫਟ ਮੰਗੀ ਜਾਂਦੀ ਸੀ। ਕਾਰ ਵਿੱਚ ਬੈਠਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਸੁੰਨਸਾਨ ਜਗ੍ਹਾ ਵੱਲ ਲਿਜਾਇਆ ਜਾਂਦਾ ਸੀ, ਜਿੱਥੇ ਗਿਰੋਹ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਕਥਿਤ ਤੌਰ ’ਤੇ ਕਾਰ ਸਵਾਰ ਨਾਲ ਕੁੱਟਮਾਰ ਕਰਕੇ ਲੁੱਟ-ਖੋਹ ਕੀਤੀ ਜਾਂਦੀ ਸੀ।
ਇਸ ਤੋਂ ਬਾਅਦ ਲੁੱਟੀ ਗਈ ਕਾਰ ਜਾਂ ਹੋਰ ਸਾਮਾਨ ਵਾਪਸ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕਰਕੇ ਕਥਿਤ ਤੌਰ ’ਤੇ ਬਲੈਕਮੇਲ ਕੀਤਾ ਜਾਂਦਾ ਸੀ।
ਕਾਰ ਵੀ ਕੀਤੀ ਬਰਾਮਦ
ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ। ਹੁਣ ਪੁਲਿਸ ਵੱਲੋਂ ਗਿਰੋਹ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਜ਼ੀਰਕਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਗਿਰੋਹ ਵੱਲੋਂ ਕਥਿਤ ਤੌਰ ’ਤੇ ਕੀਤੀਆਂ ਗਈਆਂ ਹੋਰ ਵਾਰਦਾਤਾਂ ਬਾਰੇ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਫਿਲਹਾਲ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਗਿਰੋਹ ਨੇ ਕਿੰਨੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਇਸ ਦੇ ਹੋਰ ਕਿਹੜੇ ਮੈਂਬਰ ਇਸ ਨੈੱਟਵਰਕ ਨਾਲ ਜੁੜੇ ਹੋਏ ਹਨ। ਪੁਲਿਸ ਜਾਂਚ ਅਤੇ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਹੋਰ ਤੱਥ ਸਪਸ਼ਟ ਹੋ ਸਕਣਗੇ।