Tiger Shroff Firing Case: ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ’ਤੇ ਹੋਈ ਗੋਲੀਬਾਰੀ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਮੁਸਤੈਦੀ ਨਾਲ 24 ਘੰਟੇ ਤੋਂ ਪਹਿਲਾਂ ਹੀ ਮੁਲਜ਼ਮਾਂ ਨੂੰ ਦਬੋਚ ਲਿਆ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ ਤੇ ਰਾਜਸਥਾਨ ਪੁਲਿਸ ਨੇ ਐਕਸ਼ਨ ਲੈਂਦਿਆਂ ਰਾਜਸਥਾਨ ਦੇ ਕੋਟਾ ਰੇਲਵੇ ਸਟੇਸ਼ਨ ਤੋਂ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟਾਂ ਅਨੁਸਾਰ ਤਿੰਨਾਂ ਨੂੰ ਟ੍ਰੇਨ ਨੰਬਰ 12939 ਪੁਣੇ-ਜੈਪੁਰ ਸੁਪਰਫਾਸਟ ਐਕਸਪ੍ਰੈੱਸ ਵਿੱਚੋਂ ਦਬੋਚਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਉਹ ਵਾਰਦਾਤ ਤੋਂ ਬਾਅਦ ਨੇਪਾਲ ਭੱਜਣ ਦੀ ਫਿਰਾਕ ਵਿਚ ਸਨ।
ਪੜਤਾਲ ਵਿੱਚ ਰੇਹਾਨ ਨੂੰ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ, ਜਿਸ ਨੇ ਕਥਿਤ ਤੌਰ ’ਤੇ ਬਾਅਦ ਵਿੱਚ ਆਪਣੇ ਦੋ ਹੋਰ ਸਾਥੀਆਂ ਨਾਲ ਰਾਬਤਾ ਕਾਇਮ ਕੀਤਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿੰਨੇ ਅਨਿਲ ਪੰਡਿਤ ਦੇ ਸੰਪਰਕ ਵਿੱਚ ਸਨ, ਜਿਸ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਮੁਤਾਬਕ ਵਾਰਦਾਤ ਤੋਂ ਬਾਅਦ ਤਿੰਨੇ ਸ਼ੱਕੀ ਰੇਲਗੱਡੀ ਰਾਹੀਂ ਮੁੰਬਈ ਤੋਂ ਫਰਾਰ ਹੋ ਗਏ ਸਨ। ਮੁੰਬਈ ਪੁਲਿਸ ਵੱਲੋਂ ਅਲਰਟ ਜਾਰੀ ਕੀਤੇ ਜਾਣ ਮਗਰੋਂ ਕੋਟਾ ਸਿਟੀ ਪੁਲਿਸ ਹਰਕਤ ਵਿੱਚ ਆ ਗਈ। ਸਿਟੀ ਪੁਲਿਸ ਸੁਪਰਡੈਂਟ ਤੇਜਸਵਿਨੀ ਗੌਤਮ ਦੇ ਨਿਰਦੇਸ਼ਾਂ ਹੇਠ ਰੇਲਗੱਡੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਤੇ ਰੇਲਵੇ ਸੁਰੱਖਿਆ ਬਲ (RPF) ਦੀਆਂ ਟੀਮਾਂ ਰਾਮਗੰਜ ਮੰਡੀ ਸਟੇਸ਼ਨ ’ਤੇ ਟ੍ਰੇਨ ਵਿੱਚ ਸਵਾਰ ਹੋਈਆਂ ਤੇ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ। ਇਸ ਤੋਂ ਬਾਅਦ ਤਿੰਨਾਂ ਨੂੰ ਕੋਟਾ ਪਹੁੰਚਣ ’ਤੇ ਟ੍ਰੇਨ ਵਿੱਚੋਂ ਉਤਾਰ ਕੇ ਹਿਰਾਸਤ ਵਿੱਚ ਲੈ ਲਿਆ ਗਿਆ।
ਜਾਣਕਾਰੀ ਮੁਤਾਬਕ ਤਿੰਨੇ ਸ਼ੱਕੀ ਸਵੇਰੇ ਕਰੀਬ 10 ਵਜੇ ਕੋਟਾ ਪਹੁੰਚੀ ਪੁਣੇ-ਜੈਪੁਰ ਸੁਪਰਫਾਸਟ ਐਕਸਪ੍ਰੈੱਸ ਦੇ ਜਨਰਲ ਡੱਬੇ ਵਿੱਚ ਸਫ਼ਰ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਵਸਈ ਰੋਡ ਤੋਂ ਟ੍ਰੇਨ ਵਿੱਚ ਸਵਾਰ ਹੋਏ ਸਨ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਕੋਟਾ ਲਿਜਾਇਆ ਗਿਆ, ਜਿੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੋਟਾ ਪੁਲਿਸ ਮੁਤਾਬਕ ਫੜ੍ਹੇ ਗਏ ਤਿੰਨ ਸ਼ੱਕੀਆਂ ਵਿੱਚੋਂ ਦੋ ਹਰਿਆਣਾ ਨਾਲ ਸਬੰਧਤ ਹਨ, ਜਦਕਿ ਤੀਜਾ ਬਿਹਾਰ ਦਾ ਰਹਿਣ ਵਾਲਾ ਹੈ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਵੀ ਦੱਸਿਆ ਜਾ ਰਿਹਾ ਹੈ। ਸ਼ੱਕੀਆਂ ਨੂੰ ਕਾਬੂ ਕਰਨ ਲਈ ਬਣਾਈ ਗਈ ਪੁਲਿਸ ਟੀਮ ਵਿੱਚ 15 ਮੈਂਬਰ ਸ਼ਾਮਲ ਸਨ। ਇਸ ਕਾਰਵਾਈ ਵਿੱਚ ਸਰਕਾਰੀ ਰੇਲਵੇ ਪੁਲਿਸ (GRP) ਦੀ ਟੀਮ ਨੇ ਵੀ ਸਹਿਯੋਗ ਦਿੱਤਾ।
ਕਾਬਿਲੇਗੌਰ ਹੈ ਕਿ ਐਤਵਾਰ ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਟਾਈਗਰ ਸ਼ਰਾਫ ਦੀ ਕਾਰ ’ਤੇ ਗੋਲੀਬਾਰੀ ਹੋਈ ਸੀ। ਰਿਪੋਰਟਾਂ ਮੁਤਾਬਕ ਜਦੋਂ ਅਦਾਕਾਰ ਦੀ ਕਾਰ ਇੱਕ ਫੁੱਟਬਾਲ ਮੈਦਾਨ ਦੇ ਨੇੜਿਓਂ ਲੰਘ ਰਹੀ ਸੀ, ਤਾਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਨੇ ਉਸ ਦੀ ਗੱਡੀ ’ਤੇ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ। ਟਾਈਗਰ ਸ਼ਰਾਫ ਦਾ ਇਸ ਵਾਰਦਾਤ ਵਿੱਚ ਬਚਾਅ ਹੋ ਗਿਆ ਪਰ ਉਨ੍ਹਾਂ ਦਾ ਡਰਾਈਵਰ ਫਿਰਦੌਸ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।