Bagha Purana Municipal Council Election: ਨਗਰ ਕੌਂਸਲ ਬਾਘਾਪੁਰਾਣਾ ਚੋਣਾਂ ਦੌਰਾਨ ਇੱਕ ਅਜੀਬ ਮਾਮਲਾ ਸਾਹਮਣੇ ਆਇਆ, ਜਿੱਥੇ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੰਟ ਸਿੰਘ ਖੁਦ ਹੀ ਆਪਣੀ ਵੋਟ ਨਹੀਂ ਪਾ ਸਕੇ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਦੀ ਆਪਣੀ ਵੋਟ ਵਾਰਡ ਨੰਬਰ 1 ਵਿੱਚ ਬਣੀ ਹੋਈ ਸੀ।
ਉਹ ਆਪਣੀ ਵੋਟ ਪਾਉਣ ਲਈ ਸ਼ਾਮ 4 ਵੱਜ ਕੇ 1 ਮਿੰਟ ’ਤੇ ਪੋਲਿੰਗ ਸਟੇਸ਼ਨ ਪਹੁੰਚੇ, ਪਰ ਉਸ ਸਮੇਂ ਤੱਕ ਚੋਣ ਪ੍ਰਕਿਰਿਆ ਦਾ ਨਿਰਧਾਰਤ ਸਮਾਂ ਖ਼ਤਮ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਪੋਲਿੰਗ ਸਟੇਸ਼ਨ ਦਾ ਗੇਟ ਨਹੀਂ ਖੋਲ੍ਹਿਆ ਗਿਆ ਅਤੇ ਉਹ ਆਪਣੀ ਵੋਟ ਪਾਉਣ ਤੋਂ ਵਾਂਝੇ ਰਹਿ ਗਏ।
ਇਸ ਮੌਕੇ ਗੁਰਜੰਟ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਇੱਕ-ਇੱਕ ਵੋਟ ਦੀ ਬਹੁਤ ਅਹਿਮੀਅਤ ਹੁੰਦੀ ਹੈ। ਜਿੱਤ-ਹਾਰ ਦਾ ਫੈਸਲਾ ਵੀ ਕਈ ਵਾਰ ਸਿਰਫ਼ ਇੱਕ ਵੋਟ ਦੇ ਫ਼ਰਕ ਨਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਉਹ ਖੁਦ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਉਮੀਦਵਾਰ ਦਾ ਆਪਣੀ ਹੀ ਵੋਟ ਨਾ ਪਾ ਸਕਣਾ ਚੋਣਾਂ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ।