Gidderbaha Murder News (ਅਨਮੋਲ ਸਿੰਘ ਵੜਿੰਗ): ਗਿੱਦੜਬਾਹਾ ਵਿੱਚ ਦੇਰ ਰਾਤ ਇੱਕ ਪੁੱਤਰ ਵੱਲੋਂ ਆਪਣੇ ਪਿਤਾ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (75) ਵਾਸੀ ਰਾਮ ਸ਼ਰਨਮ ਵਾਲੀ ਗਲੀ, ਗਿੱਦੜਬਾਹਾ ਵਜੋਂ ਹੋਈ ਹੈ। ਘਟਨਾ ਸਮੇਂ ਉਹ ਆਪਣੇ ਘਰ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੌਜੂਦ ਸੀ। ਇਸ ਵਾਰਦਾਤ ਮਗਰੋਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਗਿੱਦੜਬਾਹਾ ਪੁਲਿਸ ਮੌਕੇ ’ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਬੇਟੇ ਤੇ ਕਿਰਪਾਨ ਨਾਲ ਹਮਲਾ ਕਰਕੇ ਪਿਤਾ ਦਾ ਕਤਲ ਕਰਨ ਦੇ ਦੋਸ਼ ਇਸ ਸਬੰਧੀ ਮ੍ਰਿਤਕ ਦੀ ਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਬਖ਼ਸ਼ੀਸ਼ ਸਿੰਘ ਤੇ ਪੁੱਤਰ ਵਿਚਕਾਰ ਘਰ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਪੁੱਤਰ ਨੇ ਕਿਰਪਾਨ ਨਾਲ ਹਮਲਾ ਕਰਕੇ ਆਪਣੇ ਪਿਤਾ ਦੀ ਜਾਨ ਲੈ ਲਈ।
ਉਸ ਨੇ ਦੱਸਿਆ ਕਿ ਉਸ ਦੀ ਨੂੰਹ ਕੁਝ ਦਿਨ ਪਹਿਲਾਂ ਆਪਣੀਆਂ ਤਿੰਨੋਂ ਧੀਆਂ ਨੂੰ ਘਰ ਛੱਡ ਕੇ ਪੇਕੇ ਚਲੀ ਗਈ ਸੀ। ਘਟਨਾ ਸਮੇਂ ਉਹ ਆਪਣੇ ਪਤੀ, ਪੁੱਤਰ ਅਤੇ ਤਿੰਨੋਂ ਪੋਤੀਆਂ ਸਮੇਤ ਘਰ ਵਿੱਚ ਮੌਜੂਦ ਸੀ।
ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ ਪੁਲਿਸ
ਦੂਜੇ ਪਾਸੇ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ 75 ਸਾਲਾ ਬਜ਼ੁਰਗ ਦੇ ਕਤਲ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਖ਼ਸ਼ੀਸ਼ ਸਿੰਘ ਦਾ ਕਤਲ ਉਸ ਦੇ ਪੁੱਤਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।