Dhoot Kalan Murder Case: ਪਿੰਡ ਧੂਤ ਕਲਾਂ ਵਿੱਚ ਆਪਣੀ 16 ਸਾਲਾ ਧੀ ਇੰਦਰਪ੍ਰੀਤ ਕੌਰ ਉਰਫ ਇੰਦਰ ਦਾ ਕਿਰਪਾਨ ਨਾਲ ਬੇਰਹਿਮੀ ਨਾਲ ਕਤਲ ਕਰਨ ਵਾਲੇ ਪਿਤਾ ਅਮਰਜੀਤ ਸਿੰਘ (42) ਦੀ ਲਾਸ਼ ਦੇਰ ਸ਼ਾਮ ਹੁਸ਼ਿਆਰਪੁਰ ਦੇ ਭੰਗੀ ਚੋਅ ਨੇੜੇ ਸੁੰਨਸਾਨ ਥਾਂ ਤੋਂ ਭੇਦ-ਭਰੀ ਹਾਲਤ 'ਚ ਬਰਾਮਦ ਹੋਈ ਹੈ।
ਲਾਸ਼ ਨੂੰ ਪੋਸਟਮਾਰਟਮ ਲਈ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮੁਲਜ਼ਮ ਅਮਰਜੀਤ ਸਿੰਘ ਨੇ ਆਪਣੀ ਧੀ ਦਾ ਕਤਲ ਕਰਕੇ ਘਰੋਂ ਫਰਾਰ ਹੋ ਗਿਆ ਸੀ। ਥਾਣਾ ਹਰਿਆਣਾ ਦੇ ਐਸਆਈ ਅਜਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਸੀ ਅਤੇ ਪਿਤਾ ਅਮਰਜੀਤ ਸਿੰਘ ਤੇ ਉਸਦੀ ਭੈਣ ਕੁਲਵੰਤ ਕੌਰ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਕਿ ਭੰਗੀ ਚੋਅ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੈ।
ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲਈ ਗਈ ਤਾਂ ਪਿੰਡ ਦੀ ਪੰਚਾਇਤ ਅਤੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਪਹਿਚਾਣ ਕੀਤੀ ਕਿ ਇਹ ਉਸਦਾ ਪਤੀ ਅਮਰਜੀਤ ਸਿੰਘ ਹੀ ਹੈ ਜੋ ਬੇਟੀ ਦਾ ਕਤਲ ਕਰਕੇ ਫਰਾਰ ਸੀ। ਪੁਲਿਸ ਨੂੰ ਛਕ ਹੈ ਕਿ ਅਮਰਜੀਤ ਨੇ ਧੀ ਦੇ ਕਤਲ ਤੋਂ ਬਾਅਦ ਨਮੋਸ਼ੀ ਵਿੱਚ ਖ਼ੁਦਕਸ਼ੀ ਕਰ ਲਈ ਹੋਵੇਗੀ।
ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਮੌਤ ਦਾ ਕਾਰਨ ਪਤਾ ਲੱਗ ਜਾਵੇਗਾ। ਅਮਰਜੀਤ ਸਿੰਘ ਨੇ ਆਪਣੀ ਭੈਣ ਕੁਲਵੰਤ ਕੌਰ ਦੇ ਬਹਿਕਾਵੇ ਵਿੱਚ ਆਕੇ ਕਿ ਘਰ ਵਿੱਚ ਵੰਸ਼ ਵਧਾਉਣ ਲਈ ਲੜਕਾ ਹੋਣਾ ਚਾਹੀਦਾ ਸੀ, ਜੋ ਨਹੀਂ ਹੋਇਆ, ਆਪਣੀ ਇਕਲੌਤੀ ਧੀ ਇੰਦਰ ਦਾ ਕਿਰਪਾਨ ਨਾਲ ਕਤਲ ਕਰ ਦਿੱਤਾ ਸੀ ਤੇ ਫ਼ਰਾਰ ਹੋ ਗਿਆ ਸੀ। ਅੱਜ ਉਸਦੀ ਹਸ਼ਿਆਰਪੁਰ ਦੇ ਭੰਗੀ ਵਿਚੋਂ ਨਜ਼ਦੀਕ ਦੁਸਹਿਰਾ ਮੈਦਾਨ ਵਿਚੋਂ ਲਾਸ਼ ਮਿਲੀ ਹੈ।