ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਤਿਹਾਸ ਵਿੱਚ ਇੱਕ ਅਜਿਹੀ ਯੁੱਗ ਪਲਟਾਊ ਘਟਨਾ ਸੀ, ਜਿਸ ਨੇ ਅਗਿਆਨਤਾ, ਵਹਿਮਾਂ-ਭਰਮਾਂ ਤੇ ਜ਼ੁਲਮ ਦੇ ਹਨੇਰੇ ਨੂੰ ਚੀਰ ਕੇ ਸੱਚ, ਪ੍ਰੇਮ ਤੇ ਬਰਾਬਰੀ ਦਾ ਚਾਨਣ ਫੈਲਾਇਆ। ਬਾਬਾ ਨਾਨਕ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਕਿਸੇ ਇੱਕ ਖ਼ਾਸ ਵਰਗ, ਜਾਤ, ਫ਼ਿਰਕੇ ਜਾਂ ਦੇਸ਼ ਤੱਕ ਸੀਮਿਤ ਨਹੀਂ ਹਨ ਸਗੋਂ ਸਮੁੱਚੀ ਮਾਨਵਤਾ ਲਈ ਸਾਂਝੀਆਂ ਹਨ। ਉਨ੍ਹਾਂ ਨੇ ਮਨੁੱਖਤਾ ਨੂੰ ਅਕਾਲ ਪੁਰਖ ਦੇ ਲੜ ਲਾਇਆ ਅਤੇ ਆਪਸੀ ਭਾਈਚਾਰੇ, ਕਿਰਤ ਕਰਨ ਤੇ ਵੰਡ ਛਕਣ ਦਾ ਸਿਧਾਂਤ ਦਿੱਤਾ, ਜੋ ਅੱਜ ਵੀ ਓਨਾ ਹੀ ਸਾਰਥਿਕ ਅਤੇ ਪ੍ਰੇਰਣਾਦਾਇਕ ਹੈ, ਜਿੰਨਾ ਪੰਜ ਸਦੀਆਂ ਪਹਿਲਾਂ ਸੀ।
ਗੁਰੂ ਸਾਹਿਬ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਤੇ ਕੀਤੀ ਚੋਟ
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਬਾਨੀ ਸਨ। ਗੁਰੂ ਸਾਹਿਬ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ, ਜਾਤ-ਪਾਤ, ਅੰਧਵਿਸ਼ਵਾਸ ਅਤੇ ਧਾਰਮਿਕ ਭੇਦਭਾਵ ਦਾ ਵਿਰੋਧ ਕੀਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਕਰੋੜਾਂ ਲੋਕਾਂ ਨੂੰ ਸਹੀ ਰਸਤੇ ਉਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਬਾਬਾ ਨਾਨਕ ਨੇ ਲੋਕਾਂ ਨੂੰ ਸਮਝਾਇਆ ਕਿ ਪਰਮਾਤਮਾ ਇੱਕ ਹੈ ਅਤੇ ਉਸ ਦੀ ਨਜ਼ਰ ਵਿੱਚ ਸਾਰੇ ਮਨੁੱਖ ਬਰਾਬਰ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਇਹ ਸਥਾਨ ਅੱਜ ਪਾਕਿਸਤਾਨ ਵਿੱਚ ਸਥਿਤ ਹੈ ਤੇ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਂ ਮਾਤਾ ਤ੍ਰਿਪਤਾ ਜੀ ਸੀ। ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸਨ। ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਆਮ ਬੱਚਿਆਂ ਨਾਲੋਂ ਵੱਖਰੇ ਸੁਭਾਅ ਦੇ ਸਨ। ਉਹ ਦੁਨਿਆਵੀ ਚੀਜ਼ਾਂ ਦੀ ਬਜਾਏ ਪਰਮਾਤਮਾ ਦੀ ਭਗਤੀ, ਮਨੁੱਖਤਾ ਅਤੇ ਜੀਵਨ ਦੇ ਅਸਲ ਮਕਸਦ ਬਾਰੇ ਸੋਚਦੇ ਰਹਿੰਦੇ ਸਨ।
ਬਾਬਾ ਨਾਨਕ ਨੇ ਜੀਵਨ ਜਿਉਣ ਦੇ ਸਿਧਾਂਤ ਦਿੱਤੇ
ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਚੰਗਾ ਜੀਵਨ ਜਿਊਣ ਲਈ ਤਿੰਨ ਮਹੱਤਵਪੂਰਨ ਸਿਧਾਂਤ ਦਿੱਤੇ, ਜਿਨ੍ਹਾਂ ਨੂੰ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਕਿਹਾ ਜਾਂਦਾ ਹੈ। ਨਾਮ ਜਪੋ ਦਾ ਅਰਥ ਹੈ ਪਰਮਾਤਮਾ ਦਾ ਸਿਮਰਨ ਕਰਨਾ ਅਤੇ ਉਸ ਦੀ ਰਜ਼ਾ ਵਿੱਚ ਰਹਿਣਾ। ਕਿਰਤ ਕਰੋ ਦਾ ਮਤਲਬ ਹੈ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣਾ। ਵੰਡ ਛਕੋ ਸਾਨੂੰ ਆਪਣੀ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਨ ਅਤੇ ਦੂਜਿਆਂ ਨਾਲ ਮਿਲ ਕੇ ਖਾਣ ਦੀ ਸਿੱਖਿਆ ਦਿੰਦਾ ਹੈ। ਗੁਰੂ ਸਾਹਿਬ ਨੇ ‘ਇਕ ਓਅੰਕਾਰ’ ਦਾ ਸੰਦੇਸ਼ ਦਿੱਤਾ। ਇਸ ਦਾ ਭਾਵ ਹੈ ਕਿ ਪਰਮਾਤਮਾ ਇੱਕ ਹੈ ਅਤੇ ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ।
ਜਾਤ-ਪਾਤ ਧਰਮ ਦੇ ਨਾਂ ਉਤੇ ਵਿਤਕਰਾ ਨਾ ਕਰਨ ਦਾ ਦਿੱਤਾ ਸੰਦੇਸ਼
ਉਨ੍ਹਾਂ ਨੇ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਇੱਕ-ਦੂਜੇ ਨਾਲ ਵਿਤਕਰਾ ਨਾ ਕਰਨ ਦੀ ਸਿੱਖਿਆ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਵੀ ਬਰਾਬਰ ਦਾ ਸਨਮਾਨ ਦੇਣ ਦੀ ਗੱਲ ਕਹੀ। ਗੁਰੂ ਨਾਨਕ ਦੇਵ ਜੀ ਨੇ ਆਪਣਾ ਸੰਦੇਸ਼ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਲਈ ਲੰਮੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਭਾਰਤ ਦੇ ਕਈ ਇਲਾਕਿਆਂ ਤੋਂ ਇਲਾਵਾ ਏਸ਼ੀਆ ਦੇ ਹੋਰ ਖੇਤਰਾਂ ਦੀ ਯਾਤਰਾ ਵੀ ਕੀਤੀ। ਇਨ੍ਹਾਂ ਯਾਤਰਾਵਾਂ ਵਿੱਚ ਭਾਈ ਮਰਦਾਨਾ ਜੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਅਤੇ ਗੁਰੂ ਸਾਹਿਬ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਸੱਚਾਈ ਅਤੇ ਪਰਮਾਤਮਾ ਦੀ ਭਗਤੀ ਦਾ ਰਸਤਾ ਦਿਖਾਉਂਦੇ ਸਨ।
ਪਰਮਾਤਮਾ ਨੂੰ ਪਾਉਣ ਲਈ ਮਨ ਦੀ ਪਵਿੱਤਰਤਾ ਜ਼ਰੂਰੀ
ਗੁਰੂ ਸਾਹਿਬ ਨੇ ਸਮਝਾਇਆ ਕਿ ਸਿਰਫ਼ ਬਾਹਰੀ ਰਸਮਾਂ ਨਿਭਾਉਣ ਨਾਲ ਮਨੁੱਖ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ, ਸਗੋਂ ਉਸ ਲਈ ਮਨ ਦੀ ਪਵਿੱਤਰਤਾ ਅਤੇ ਚੰਗੇ ਕਰਮ ਜ਼ਰੂਰੀ ਹਨ। ਆਪਣੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਸਾਹਿਬ ਵਿਖੇ ਆਪਣਾ ਟਿਕਾਣਾ ਬਣਾਇਆ। ਇੱਥੇ ਉਨ੍ਹਾਂ ਨੇ ਸੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਸੰਗਤ ਵਿੱਚ ਲੋਕ ਇਕੱਠੇ ਹੋ ਕੇ ਗੁਰਬਾਣੀ ਦਾ ਕੀਰਤਨ ਕਰਦੇ ਸਨ। 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ। ਉਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕਿਸੇ ਇੱਕ ਧਰਮ ਜਾਂ ਭਾਈਚਾਰੇ ਤੱਕ ਸੀਮਤ ਨਹੀਂ ਹਨ। ਉਨ੍ਹਾਂ ਦਾ ਸੰਦੇਸ਼ ਪੂਰੀ ਮਨੁੱਖਤਾ ਲਈ ਹੈ। ਅੱਜ ਵੀ ਜਦੋਂ ਸਮਾਜ ਵਿੱਚ ਜਾਤ-ਪਾਤ, ਧਾਰਮਿਕ ਭੇਦਭਾਵ ਅਤੇ ਨਫ਼ਰਤ ਵਰਗੀਆਂ ਸਮੱਸਿਆਵਾਂ ਮੌਜੂਦ ਹਨ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਪਿਆਰ, ਏਕਤਾ ਅਤੇ ਭਾਈਚਾਰੇ ਨਾਲ ਰਹਿਣ ਦੀ ਪ੍ਰੇਰਣਾ ਦਿੰਦੀਆਂ ਹਨ।