Kharar News: ਸਿਵਲ ਹਸਪਤਾਲ ਖਰੜ ਵਿੱਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦਵਾਈ ਲੈਣ ਆਏ ਇੱਕ ਨੌਜਵਾਨ ਨੇ ਇਲਾਜ ਦੌਰਾਨ ਕਥਿਤ ਤੌਰ 'ਤੇ ਹਸਪਤਾਲ ਦੇ ਸਟਾਫ ਉਪਰ ਹਮਲਾ ਕਰ ਦਿੱਤਾ।
ਮੈਡੀਕਲ ਅਫਸਰ ਦੇ ਮੁਤਾਬਕ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਉਹ ਅਚਾਨਕ ਬਹੁਤ ਹਾਈਪਰ ਹੋ ਗਿਆ ਤੇ ਉਸ ਨੇ ਡਿਊਟੀ ਉਤੇ ਤਾਇਨਾਤ ਮੈਡੀਕਲ ਅਫਸਰ, ਸਟਾਫ ਨਰਸ ਤੇ ਐਂਬੂਲੈਂਸ ਡਰਾਈਵਰ ਨਾਲ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਮਓ ਡਾ. ਸਰੀਤਾ ਮੌਕੇ ਉਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਪਛਾਣ ਰਜਤ ਵਜੋਂ ਹੋਈ ਹੈ ਅਤੇ ਉਸ ਵੱਲੋਂ ਹਸਪਤਾਲ ਦੇ ਸਟਾਫ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹਸਪਤਾਲ ਵਿੱਚ ਸਥਾਈ ਪੁਲਿਸ ਚੌਂਕੀ ਸਥਾਪਤ ਕਰਨ ਦੀ ਮੰਗ ਪ੍ਰਸ਼ਾਸਨ ਕੋਲ ਕੀਤੀ ਗਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ, ਸਿਟੀ ਖਰੜ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਪੁਲਿਸ ਟੀਮ ਨਾਲ ਹਸਪਤਾਲ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਸੀਐਮਓ ਡਾ. ਸਰਿਤਾ ਅਤੇ ਡਾ. ਇਸ਼ਾਂਤ ਸ਼ਰਮਾ ਵੀ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਮਹਿਲਾ ਡਾਕਟਰ ਨੇ ਦੇਰ ਰਾਤ ਸਿਟੀ ਖਰੜ ਪੁਲਿਸ ਸਟੇਸ਼ਨ ਵਿੱਚ ਆਪਣਾ ਬਿਆਨ ਦਰਜ ਕਰਵਾਇਆ। ਪੁਲਿਸ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਸਰਕਾਰੀ ਡਿਊਟੀ 'ਤੇ ਡਾਕਟਰ ਨੂੰ ਰੋਕਣ ਅਤੇ ਹਮਲਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਮਓ ਡਾ. ਸਰਿਤਾ ਨੇ ਕਿਹਾ ਕਿ ਹਸਪਤਾਲ ਵਿੱਚ ਸੁਰੱਖਿਆ ਮਜ਼ਬੂਤ ਕਰਨ ਬਾਰੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਕਈ ਵਾਰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾ ਚੁੱਕਾ ਹੈ। ਉਹ ਹੁਣ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੁਲਾਕਾਤ ਕਰੇਗੀ ਅਤੇ ਡਾਕਟਰਾਂ ਅਤੇ ਹੋਰ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਸਪਤਾਲ ਦੇ ਅਹਾਤੇ ਵਿੱਚ ਇੱਕ ਪੁਲਿਸ ਚੌਕੀ ਸਥਾਪਤ ਕਰਨ ਦੀ ਬੇਨਤੀ ਕਰੇਗੀ।