Parvinder Singh Jhota Murder Case: ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਕੇਸ ਨਾਲ ਸਬੰਧਤ ਡੀਐਸਪੀ ਹਰਜਿੰਦਰ ਸਿੰਘ ਗਿੱਲ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਹਾਲਾਂਕਿ, ਦੋਵਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਅਧਿਕਾਰਤ ਹੁਕਮ ਮੁਅੱਤਲੀ ਦੇ ਵਿਸਤ੍ਰਿਤ ਕਾਰਨਾਂ ਅਤੇ ਵਿਭਾਗੀ ਜਾਂਚ ਸੰਬੰਧੀ ਜਾਣਕਾਰੀ ਜਾਰੀ ਹੋਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਇਸ ਦੌਰਾਨ, ਮਾਮਲੇ ਦੀ ਜਾਂਚ ਲਈ ਸੀਬੀਆਈ ਦੀ ਇੱਕ ਟੀਮ ਵੀ ਮਾਨਸਾ ਪਹੁੰਚ ਗਈ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਐਸਐਚਓ ਬੇਅੰਤ ਕੌਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਸੀਬੀਆਈ ਦੀ ਐਂਟਰੀ ਹੋ ਚੁੱਕੀ ਹੈ। ਦੇਰ ਰਾਤ ਸੀਬੀਆਈ ਦੀ ਟੀਮ ਮਾਨਸਾ ਪੁੱਜੀ। ਹੁਣ ਸੀਬੀਆਈ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਜਾਂਚ ਲਈ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ। ਸੀ.ਬੀ.ਆਈ. ਨੇ 21 ਅਕਤੂਬਰ ਨੂੰ ਇਸ ਮਾਮਲੇ ਵਿਚ ਰੈਗੂਲਰ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਟੀਮ ਝੋਟਾ ਦੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਮਿਲਣ ਗਈ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਫਿਰ ਟੀਮ ਮੰਡੀ ਬੋਰਡ ਦੇ ਰੈਸਟ ਹਾਊਸ ਵਾਪਸ ਆ ਗਈ।
ਸੀਬੀਆਈ ਦੀ ਐੱਫਆਈਆਰ ਵਿਚ ਅਸ਼ਵਨੀ ਕੁਮਾਰ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਂਅ ਦਰਜ ਹਨ। ਮਾਮਲੇ ਦੀ ਜਾਂਚ ਸੀਬੀਆਈ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਐੱਫਆਈਆਰ ਮੁਤਾਬਕ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103(1), 109, 118(1), 61(2) ਅਤੇ 3(5) ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਲਗਾਈਆਂ ਗਈਆਂ ਹਨ। ਇਨ੍ਹਾਂ ਤਹਿਤ ਹੱਤਿਆ, ਹਥਿਆਰਾਂ ਨਾਲ ਸੱਟ ਮਾਰਨ, ਅਪਰਾਧਿਕ ਸਾਜ਼ਿਸ਼ ਅਤੇ ਨਾਜਾਇਜ਼ ਹਥਿਆਰ ਰੱਖਣ ਵਰਗੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ।
ਇਸ ਸਮੇਂ ਦੌਰਾਨ ਝੋਟਾ ਦੇ ਪਰਿਵਾਰ ਨੇ ਕੋਈ ਵੀ ਜਨਤਕ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਸੀਬੀਆਈ ਟੀਮ ਮੰਗਲਵਾਰ ਅੱਧੀ ਰਾਤ ਨੂੰ ਮਾਨਸਾ ਪਹੁੰਚੀ। ਸੀਬੀਆਈ ਉਸੇ ਰਾਤ ਪੁਲਿਸ ਸਟੇਸ਼ਨ ਪਹੁੰਚੀ ਅਤੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਸਬੂਤ ਆਪਣੇ ਕਬਜ਼ੇ ਵਿੱਚ ਲੈ ਲਏ।
ਸੀਬੀਆਈ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇੱਕ ਸੀਨੀਅਰ ਡੀਆਈਜੀ ਦੀ ਅਗਵਾਈ ਵਿੱਚ ਜਾਂਚ ਜਾਰੀ ਹੈ। ਸੀਐਮ ਭਗਵੰਤ ਮਾਨ ਨੇ ਕੱਲ੍ਹ (20 ਅਕਤੂਬਰ) ਐਲਾਨ ਕੀਤਾ ਸੀ ਕਿ ਝੋਟਾ ਕਤਲ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਜਾਵੇਗਾ।