Tarn Taran Encounter: ਤਰਨਤਾਰਨ ਦੇ ਪਿੰਡ ਧੁੰਨ ਵਿੱਚ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ। ਜ਼ਖਮੀ ਗੈਂਗਸਟਰ ਨੂੰ ਕਾਬੂ ਕਰਕੇ ਹਸਪਤਾਲ ਲਿਜਾਇਆ ਗਿਆ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮੌਕੇ ਤੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਜ਼ਖਮੀ ਗੈਂਗਸਟਰ ਦੀ ਪਛਾਣ ਵਿਸ਼ਵਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਬੁਰਜਦੇਵਾ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਗੁਰਜਸ਼ਨ ਸਿੰਘ ਪਿੰਡ ਮਰਹਾਣਾ ਤਰਨਤਾਰਨ ਵਜੋਂ ਹੋਈ ਹੈ।
ਦੋਵਾਂ ਮੁਲਜ਼ਮਾਂ ਨੇ ਚਾਰ ਦਿਨ ਪਹਿਲਾਂ ਚੌਹਾਲਾ ਸਾਹਿਬ ਕਸਬੇ ਵਿੱਚ ਇੱਕ ਡਾਕਟਰ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਕਾਬਿਲੇਗੌਰ ਹੈ ਕਿ ਡਾਕਟਰ ਤੋਂ ₹50 ਲੱਖ ਦੀ ਫਿਰੌਤੀ ਮੰਗੀ ਗਈ ਸੀ।
ਗੁਰਦੁਆਰਾ ਸਾਹਿਬ ਉਤੇ ਫਾਇਰਿੰਗ; ਨਕਾਬਪੋਸ਼ ਨੇ ਪਹਿਲਾਂ ਧਮਕੀ ਭਰਿਆ ਪੱਤਰ ਸੁੱਟਿਆ
ਜਗਰਾਓਂ ਦੇ ਪਿੰਡ ਗਗੜਾ ਦੇ ਗੁਰਦੁਆਰਾ ਗੋਪਾਲਸਰ ਦੇ ਗੇਟ ਉਤੇ ਮੁਲਜ਼ਮ ਨੇ ਧਮਕੀ ਭਰੀ ਚਿੱਠੀ ਟੰਗੀ ਤੇ ਗੁਰਦੁਆਰਾ ਸਾਹਿਬ ਦੀ ਦੀਵਾਰ ਉਤੇ ਫਾਇਰਿੰਗ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੂਰੀ ਘਟਨਾ ਗੁਰਦੁਆਰਾ ਸਾਹਿਬ ਦੇ CCTV ਕੈਮਰੇ ਵਿੱਚ ਕੈਦ ਹੋ ਗਈ ਤੇ ਜਗਰਾਓਂ ਦੇ ਐਸਐਸਪੀ ਅੰਕੁਰ ਗੁਪਤਾ ਨੇ ਆਪਣੀ ਟੀਮ ਨਾਲ ਮੌਕੇ ਉਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਜਲਦੀ ਹੀ ਪੂਰੇ ਮਾਮਲੇ ਨੂੰ ਟ੍ਰੇਸ ਕਰਨ ਦਾ ਦਾਅਵਾ ਕੀਤਾ।
ਇਸ ਮੌਕੇ ਉਤੇ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਮਿਲੀ ਚਿੱਠੀ ਵਿੱਚ ਸ਼੍ਰੀ ਆਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਅਕਾਲੀ ਦਲ ਦੇ ਆਗੂਆਂ ਤੇ ਭਾਜਪਾ ਦੇ ਆਗੂਆਂ ਨੂੰ ਸ਼ਰੇਆਮ ਧਮਕੀਆਂ ਲਿਖੀਆਂ ਹੋਈਆਂ ਹਨ ਤੇ ਜਿਸ ਕਿਸੇ ਵੀ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੀ ਦੀਵਾਰ ਤੇ ਫਾਇਰ ਕੀਤੇ ਹਨ, ਉਹ ਫਾਇਰ ਸਿੱਖ ਸੰਗਤਾਂ ਦੇ ਦਿਲਾਂ ਉਤੇ ਹੋਏ ਹਨ ਤੇ ਉਹ ਮੰਗ ਕਰਦੇ ਹਨ ਕਿ ਪੁਲਿਸ ਜਲਦੀ ਇਸ ਵਿਅਕਤੀ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ।