Sultanpur Lodhi News: ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ, ਉੱਥੇ ਹੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪ੍ਰਸ਼ਾਸਨ ਨੇ ਵਾਤਾਵਰਣ ਦੀ ਸੁਰੱਖਿਆ ਨੂੰ ਸਿੱਖਿਆ ਅਤੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਨਾਲ ਜੋੜਦਿਆਂ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ।
ਇਸ ਮੁਹਿੰਮ ਤਹਿਤ ਜਿਹੜੇ ਪਿੰਡਾਂ ਵਿੱਚ ਇਸ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਇੱਕ ਵੀ ਘਟਨਾ ਸਾਹਮਣੇ ਨਹੀਂ ਆਵੇਗੀ, ਉਨ੍ਹਾਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਾਸਟਰ ਕਲਾਸਿਜ਼ ਪਟਿਆਲਾ ਵੱਲੋਂ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਦਾਖ਼ਲਾ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਇਸ ਸਬੰਧੀ ਸੁਲਤਾਨਪੁਰ ਲੋਧੀ ਵਿੱਚ ਕਰਵਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਐਸਡੀਐਮ ਜਸਜੀਤ ਸਿੰਘ ਨੇ ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਫ਼ ਹਵਾ ਵਿੱਚ ਸਾਹ ਲੈਣਾ ਹਰ ਵਿਅਕਤੀ ਦਾ ਮੁੱਢਲਾ ਅਧਿਕਾਰ ਹੈ ਅਤੇ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਧੂੰਆਂ ਸਮੁੱਚੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਵਾਤਾਵਰਣ ਦੀ ਸੰਭਾਲ ਕਰਨਾ ਸਿਰਫ਼ ਕਿਸਾਨਾਂ ਜਾਂ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਖ਼ਤੀ ਦੇ ਨਾਲ-ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਵਰਗੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਇਹ ਸੋਚ ਵਿਕਸਿਤ ਕੀਤੀ ਗਈ ਕਿ ਵਾਤਾਵਰਣ ਦੀ ਰਾਖੀ ਕਰਨ ਵਾਲੇ ਪਿੰਡਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ।
ਐਸਡੀਐਮ ਨੇ ਕਿਹਾ ਕਿ ਮਾਸਟਰ ਕਲਾਸਿਜ਼ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾ ਰਹੀ ਇਹ ਮੁਹਿੰਮ ਸਿਰਫ਼ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਤੱਕ ਸੀਮਤ ਨਹੀਂ, ਬਲਕਿ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਅਤੇ ਸਰਕਾਰੀ ਨੌਕਰੀਆਂ ਲਈ ਤਿਆਰੀ ਕਰਨ ਦਾ ਮੌਕਾ ਦੇਣ ਵੱਲ ਵੀ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਉਪਰਾਲੇ ਨਾਲ ਕਿਸਾਨਾਂ, ਪੰਚਾਇਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।
IAS, PCS ਤੋਂ ਲੈ ਕੇ ਪਟਵਾਰੀ ਅਤੇ ਸਬ-ਇੰਸਪੈਕਟਰ ਦੀ ਤਿਆਰੀ ਤੱਕ ਮਿਲੇਗਾ ਮੌਕਾ
ਮਾਸਟਰ ਕਲਾਸਿਜ਼ ਪਟਿਆਲਾ ਦੇ ਨੁਮਾਇੰਦੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਸੁਲਤਾਨਪੁਰ ਲੋਧੀ ਪ੍ਰਸ਼ਾਸਨ ਨਾਲ ਮਿਲ ਕੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਬ ਡਿਵੀਜ਼ਨ ਦੇ ਉਹਨਾਂ ਪਿੰਡਾਂ ਦੇ ਸਾਰੇ ਯੋਗ ਵਿਦਿਆਰਥੀਆਂ ਨੂੰ ਸੰਸਥਾ ਦੇ ਕੋਰਸਾਂ ਵਿੱਚ ਮੁਫ਼ਤ ਦਾਖ਼ਲਾ ਦਿੱਤਾ ਜਾਵੇਗਾ, ਜਿੱਥੇ ਪਰਾਲੀ ਸਾੜਨ ਦੀ ਕੋਈ ਘਟਨਾ ਦਰਜ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ IAS, PCS, ਪਟਵਾਰੀ, ਪੁਲਿਸ ਸਬ-ਇੰਸਪੈਕਟਰ ਅਤੇ ਹੋਰ ਸਰਕਾਰੀ ਭਰਤੀਆਂ ਲਈ ਤਿਆਰੀ ਕਰਨਾ ਚਾਹੁੰਦੇ ਹਨ, ਉਹ ਇਸ ਸਹੂਲਤ ਦਾ ਲਾਭ ਲੈ ਸਕਣਗੇ। ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਪਟਿਆਲਾ ਵਿਖੇ ਸੰਸਥਾ ਵਿੱਚ ਆ ਕੇ ਆਫ਼ਲਾਈਨ ਪੜ੍ਹਾਈ ਕਰ ਸਕਣਗੇ ਜਾਂ ਆਨਲਾਈਨ ਮਾਧਿਅਮ ਰਾਹੀਂ ਵੀ ਤਿਆਰੀ ਕਰ ਸਕਣਗੇ।
ਗੁਰਸ਼ਰਨ ਸਿੰਘ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਕੋਈ ਸੀਮਤ ਟੀਚਾ ਨਹੀਂ ਰੱਖਿਆ ਗਿਆ। ਜੇਕਰ ਯੋਗ ਵਿਦਿਆਰਥੀਆਂ ਦੀ ਗਿਣਤੀ 200, 500 ਜਾਂ 1,000 ਵੀ ਹੁੰਦੀ ਹੈ ਤਾਂ ਸੰਸਥਾ ਵੱਲੋਂ ਸਾਰੇ ਯੋਗ ਵਿਦਿਆਰਥੀਆਂ ਨੂੰ ਮੁਫ਼ਤ ਦਾਖ਼ਲਾ ਦੇਣ ਦਾ ਉਪਰਾਲਾ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਸਬੰਧਤ ਪਿੰਡ ਨਾਲ ਜੁੜੇ ਹੋਣ ਅਤੇ ਯੋਗਤਾ ਦੀ ਪੁਸ਼ਟੀ ਸਬ ਡਿਵੀਜ਼ਨ ਪ੍ਰਸ਼ਾਸਨ ਰਾਹੀਂ ਕੀਤੀ ਜਾਵੇਗੀ।
10 ਨਵੰਬਰ ਨੂੰ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਉਣ ਦੀ ਤਜਵੀਜ਼
ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਦੂਜਾ ਅਹਿਮ ਕਦਮ ਕਰੀਅਰ ਗਾਈਡੈਂਸ ਪ੍ਰੋਗਰਾਮ ਹੈ। ਪ੍ਰਸ਼ਾਸਨ ਵੱਲੋਂ ਤਰੀਕ ਤੈਅ ਕੀਤੇ ਜਾਣ ਅਨੁਸਾਰ 10 ਨਵੰਬਰ ਨੂੰ ਜਾਂ ਨਿਰਧਾਰਤ ਕੀਤੀ ਜਾਣ ਵਾਲੀ ਕਿਸੇ ਹੋਰ ਤਰੀਕ ਨੂੰ ਸੁਲਤਾਨਪੁਰ ਲੋਧੀ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਅਤੇ ਬਾਰ੍ਹਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਬਾਰੇ ਮਾਰਗਦਰਸ਼ਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਸਹੀ ਜਾਣਕਾਰੀ ਦੀ ਘਾਟ ਕਾਰਨ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਦਾਖ਼ਲੇ ਲਈ ਲੋੜੀਂਦੀਆਂ ਪ੍ਰੀਖਿਆਵਾਂ ਦੀ ਤਿਆਰੀ ਨਹੀਂ ਕਰ ਪਾਉਂਦੇ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਸਮੇਂ ਸਿਰ ਦੱਸਣਾ ਹੈ ਕਿ ਉਨ੍ਹਾਂ ਨੂੰ ਕਿਹੜੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਅਤੇ ਉੱਚ ਸਿੱਖਿਆ ਦੇ ਬਿਹਤਰ ਮੌਕੇ ਕਿਵੇਂ ਹਾਸਲ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕਈ ਪਰਿਵਾਰਾਂ ਦੀ ਆਰਥਿਕ ਸਥਿਤੀ ਅਜਿਹੀ ਹੁੰਦੀ ਹੈ ਕਿ ਬੱਚਿਆਂ ਨੂੰ ਬਾਰ੍ਹਵੀਂ ਤੋਂ ਬਾਅਦ ਹੀ ਰੁਜ਼ਗਾਰ ਦੀ ਲੋੜ ਪੈ ਜਾਂਦੀ ਹੈ। ਇਸ ਲਈ ਕਰੀਅਰ ਗਾਈਡੈਂਸ ਦੌਰਾਨ ਉਨ੍ਹਾਂ ਨੂੰ ਇਹ ਜਾਣਕਾਰੀ ਵੀ ਦਿੱਤੀ ਜਾਵੇਗੀ ਕਿ ਪੜ੍ਹਾਈ ਦੇ ਨਾਲ-ਨਾਲ ਕਿਹੜੀਆਂ ਸਰਕਾਰੀ ਭਰਤੀਆਂ ਦੀ ਤਿਆਰੀ ਕੀਤੀ ਜਾ ਸਕਦੀ ਹੈ ਅਤੇ ਭਵਿੱਖ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹਾਸਲ ਕੀਤੇ ਜਾ ਸਕਦੇ ਹਨ।
ਸੀਪੀਸੀਬੀ ਅਧਿਕਾਰੀ ਨੇ ਵੀ ਪਹਿਲਕਦਮੀ ਦੀ ਕੀਤੀ ਸ਼ਲਾਘਾ
ਮੀਟਿੰਗ ਵਿੱਚ ਸ਼ਾਮਲ ਸੈਂਟਰਲ ਪਲੂਸ਼ਨ ਕੰਟਰੋਲ ਬੋਰਡ (CPCB) ਦੇ ਅਧਿਕਾਰੀ ਡਾ. ਬ੍ਰਜੇਸ਼ ਸ਼੍ਰੀਵਾਸਤਵ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਅਜਿਹੀ ਪਹਿਲਕਦਮੀ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ, ਜਿਸ ਵਿੱਚ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਪਿੰਡਾਂ ਦੇ ਨੌਜਵਾਨਾਂ ਦੇ ਭਵਿੱਖ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਤੋਂ ਬਚਣ ਵਾਲੇ ਪਿੰਡਾਂ ਦੇ ਬੱਚਿਆਂ ਨੂੰ ਮੁਫ਼ਤ ਕਰੀਅਰ ਗਾਈਡੈਂਸ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦਾ ਮੌਕਾ ਮਿਲਣ ਨਾਲ ਹੋਰ ਪਿੰਡਾਂ ਨੂੰ ਵੀ ਪ੍ਰੇਰਨਾ ਮਿਲੇਗੀ। ਇਸ ਨਾਲ ਪੰਚਾਇਤਾਂ, ਕਿਸਾਨਾਂ ਅਤੇ ਨੌਜਵਾਨਾਂ ਵਿੱਚ ਇਹ ਸੁਨੇਹਾ ਜਾਵੇਗਾ ਕਿ ਪਰਾਲੀ ਨਾ ਸਾੜ ਕੇ ਵਾਤਾਵਰਣ ਦੀ ਰਾਖੀ ਕਰਨਾ ਨਾ ਸਿਰਫ਼ ਸਮਾਜ ਲਈ ਲਾਹੇਵੰਦ ਹੈ, ਸਗੋਂ ਇਹ ਪਿੰਡ ਦੇ ਬੱਚਿਆਂ ਦੇ ਭਵਿੱਖ ਲਈ ਵੀ ਨਵੇਂ ਰਾਹ ਖੋਲ੍ਹ ਸਕਦਾ ਹੈ।
ਵਾਤਾਵਰਣ ਦੀ ਸੰਭਾਲ ਦੇ ਨਾਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ
ਸੁਲਤਾਨਪੁਰ ਲੋਧੀ ਪ੍ਰਸ਼ਾਸਨ ਅਤੇ ਮਾਸਟਰ ਕਲਾਸਿਜ਼ ਪਟਿਆਲਾ ਦੀ ਇਹ ਸਾਂਝੀ ਪਹਿਲਕਦਮੀ ਇਸ ਪੱਖੋਂ ਮਹੱਤਵਪੂਰਨ ਹੈ ਕਿ ਇਸ ਵਿੱਚ ਸਿਰਫ਼ ਪਾਬੰਦੀਆਂ ਅਤੇ ਕਾਰਵਾਈ ਦੀ ਥਾਂ ਸਕਾਰਾਤਮਕ ਪ੍ਰੇਰਨਾ ਨੂੰ ਵੀ ਆਧਾਰ ਬਣਾਇਆ ਗਿਆ ਹੈ। ਕਿਸੇ ਪਿੰਡ ਵਿੱਚ ਪਰਾਲੀ ਸਾੜਨ ਦੀ ਇੱਕ ਵੀ ਘਟਨਾ ਨਾ ਹੋਣ ਦਾ ਟੀਚਾ ਪਿੰਡ ਵਾਸੀਆਂ ਨੂੰ ਸਾਂਝੀ ਜ਼ਿੰਮੇਵਾਰੀ ਨਿਭਾਉਣ ਲਈ ਉਤਸ਼ਾਹਿਤ ਕਰ ਸਕਦਾ ਹੈ, ਜਦਕਿ ਮੁਫ਼ਤ ਕੋਚਿੰਗ ਅਤੇ ਕਰੀਅਰ ਗਾਈਡੈਂਸ ਪੇਂਡੂ ਵਿਦਿਆਰਥੀਆਂ ਲਈ ਅੱਗੇ ਵਧਣ ਦੇ ਨਵੇਂ ਮੌਕੇ ਪੈਦਾ ਕਰ ਸਕਦੇ ਹਨ।
ਇਸ ਪਹਿਲਕਦਮੀ ਦਾ ਸੁਨੇਹਾ ਸਪੱਸ਼ਟ ਹੈ ਕਿ ਸਾਫ਼ ਹਵਾ ਅਤੇ ਨੌਜਵਾਨਾਂ ਦਾ ਸੁਨਹਿਰੀ ਭਵਿੱਖ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਜੇਕਰ ਪਿੰਡਾਂ ਦੇ ਲੋਕ, ਕਿਸਾਨ, ਪੰਚਾਇਤਾਂ ਅਤੇ ਵਿਦਿਆਰਥੀ ਇਕੱਠੇ ਹੋ ਕੇ ਪਰਾਲੀ ਨਾ ਸਾੜਨ ਦਾ ਸੰਕਲਪ ਲੈਂਦੇ ਹਨ ਤਾਂ ਇਸ ਨਾਲ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਸਿੱਖਿਆ ਅਤੇ ਰੁਜ਼ਗਾਰ ਪ੍ਰਤੀ ਜਾਗਰੂਕਤਾ ਨੂੰ ਵੀ ਨਵੀਂ ਦਿਸ਼ਾ ਮਿਲ ਸਕਦੀ ਹੈ।