Rajbir Singh Ghuman: ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਘੁੰਮਣ ਨੇ ਮਜੀਠੀਆ ਦੀ ਸੋਸ਼ਲ ਮੀਡੀਆ ਪੋਸਟ ਨੂੰ ਬੇਬੁਨਿਆਦ ਅਤੇ ਅਪਮਾਨਜਨਕ ਦੱਸਿਆ ਹੈ ਅਤੇ ਦੋਸ਼ਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਨ੍ਹਾਂ ਮੰਗ ਕੀਤੀ ਕਿ ਮਜੀਠੀਆ 24 ਘੰਟਿਆਂ ਦੇ ਅੰਦਰ ਪੋਸਟ ਹਟਾ ਦੇਣ, ਜਨਤਕ ਤੌਰ 'ਤੇ ਮੁਆਫੀ ਮੰਗਣ ਅਤੇ ਲਿਖਤੀ ਭਰੋਸਾ ਦੇਣ ਕਿ ਉਹ ਭਵਿੱਖ ਵਿੱਚ ਅਜਿਹੇ ਦੋਸ਼ ਨਹੀਂ ਲਗਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਉਨ੍ਹਾਂ ਵਿਰੁੱਧ ਅਪਰਾਧਿਕ ਕਾਰਵਾਈ ਅਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ।
ਕਾਨੂੰਨੀ ਨੋਟਿਸ ਮੁਤਾਬਕ ਮਜੀਠੀਆ ਨੇ 26 ਅਕਤੂਬਰ ਨੂੰ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ਵਿੱਚ ਓਐੱਸਡੀ ਰਾਜਬੀਰ ਸਿੰਘ ਘੁੰਮਣ ਦਾ ਨਾਂ ਲੈਂਦਿਆਂ ਉਨ੍ਹਾਂ ਨੂੰ ਕਥਿਤ ਡਰੱਗਜ਼ ਨੈੱਟਵਰਕ ਤੇ ਨਸ਼ਾ ਮੁਕਤੀ ਕੇਂਦਰਾਂ ਨਾਲ ਸਬੰਧਤ ਮਾਮਲਿਆਂ ਨਾਲ ਜੋੜਿਆ ਗਿਆ ਸੀ।
ਪੋਸਟ ਰਾਹੀਂ 'ਆਪ' ਸਰਕਾਰ ਦੇ ਕਥਿਤ ਡਰੱਗਜ਼ ਕੁਨੈਕਸ਼ਨ ਦਾ ਮੁੱਦਾ ਚੁੱਕਦਿਆਂ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਵਿੱਚ ਨਸ਼ਾ ਮੁਕਤੀ ਕੇਂਦਰਾਂ ਦੀ ਆੜ ਹੇਠ ਡਰੱਗਜ਼ ਮਾਫ਼ੀਆ ਵਧ-ਫੁੱਲ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਨਜ਼ਦੀਕੀ ਸਾਥੀ ਰਾਜਬੀਰ ਸਿੰਘ ਘੁੰਮਣ ਸਮੇਤ ਹੋਰ ਓਐੱਸਡੀਜ਼ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸਨ।
ਕਾਨੂੰਨੀ ਨੋਟਿਸ ਵਿੱਚ ਸਪੱਸ਼ਟ ਕੀਤਾ ਹੈ ਕਿ ਓਐਸਡੀ ਘੁੰਮਣ ਦਾ ਸੁਮਨ ਆਰਬਰ ਗਰੁੱਪ, ਕਿਸੇ ਨਿੱਜੀ ਨਸ਼ਾ ਮੁਕਤੀ ਕੇਂਦਰ ਜਾਂ ਗ਼ੈਰ-ਕਾਨੂੰਨੀ ਦਵਾਈਆਂ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਨੈੱਟਵਰਕ ਨਾਲ ਸਿੱਧਾ ਜਾਂ ਅਸਿੱਧਾ ਕੋਈ ਸਬੰਧ ਨਹੀਂ ਹੈ। ਨੋਟਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮਜੀਠੀਆ ਨੇ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਜਾਂ ਕਾਨੂੰਨੀ ਆਧਾਰ ਦੇ ਉਨ੍ਹਾਂ ਵਿਰੁੱਧ ਇਲਜ਼ਾਮ ਲਗਾਏ ਹਨ।
ਨੋਟਿਸ ਮੁਤਾਬਕ, ਮਜੀਠੀਆ ਨੇ ਆਪਣੀ ਪੋਸਟ ਦੀ ਪਹੁੰਚ ਵਧਾਉਣ ਲਈ ਦੋ ਦਰਜਨ ਤੋਂ ਵੱਧ ਕੌਮੀ ਅਤੇ ਸੂਬਾਈ ਮੀਡੀਆ ਅਦਾਰਿਆਂ, ਪੱਤਰਕਾਰਾਂ ਅਤੇ ਹੋਰ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਨੂੰ ਟੈਗ ਕੀਤਾ ਸੀ। ਘੁੰਮਣ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਦੇ ਫੋਨ ਆਉਣ ਲੱਗੇ। ਇਸ ਦੇ ਨਾਲ ਹੀ ਦਾਅਵਾ ਕੀਤਾ ਹੈ ਕਿ ਸਿਆਸੀ ਰੰਜਿਸ਼ ਕਾਰਨ ਘੁੰਮਣ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਰਾਜਬੀਰ ਸਿੰਘ ਘੁੰਮਣ ਵੱਲੋਂ ਭੇਜੇ ਗਏ ਨੋਟਿਸ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਤਿੰਨ ਮੁੱਖ ਮੰਗਾਂ ਕੀਤੀਆਂ ਗਈਆਂ ਹਨ।
ਪਹਿਲੀ ਮੰਗ ਤਹਿਤ ਮਜੀਠੀਆ ਨੂੰ 24 ਘੰਟਿਆਂ ਦੇ ਅੰਦਰ ਵਿਵਾਦਿਤ ਪੋਸਟ ਅਤੇ ਇਸ ਨਾਲ ਸਬੰਧਤ ਸਮੱਗਰੀ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਹਟਾਉਣ ਲਈ ਕਿਹਾ ਗਿਆ ਹੈ। ਦੂਜੀ ਮੰਗ ਵਿੱਚ ਆਪਣੇ ਵੈਰੀਫਾਈਡ ਐਕਸ ਹੈਂਡਲ 'ਤੇ ਜਨਤਕ ਤੌਰ 'ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੇ ਨਾਲ-ਨਾਲ ਪ੍ਰਮੁੱਖ ਮੀਡੀਆ ਅਦਾਰਿਆਂ ਰਾਹੀਂ ਮੁਆਫ਼ੀ ਵੀ ਮੰਗਣ।
ਤੀਜੀ ਮੰਗ ਅਨੁਸਾਰ ਮਜੀਠੀਆ ਨੂੰ ਲਿਖਤੀ ਭਰੋਸਾ ਦੇਣਾ ਹੋਵੇਗਾ ਕਿ ਉਹ ਭਵਿੱਖ ਵਿੱਚ ਰਾਜਬੀਰ ਸਿੰਘ ਘੁੰਮਣ ਵਿਰੁੱਧ ਅਜਿਹੇ ਦੋਸ਼ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਹੀਂ ਕਰਨਗੇ।