Ferozepur Murder News: ਫਿਰੋਜ਼ਪੁਰ ਵਿੱਚ ਇੱਕ ਸਨਸਨੀ ਖੇਜ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਨਚਲਿਆਂ ਨੂੰ ਭੈਣ ਨਾਲ ਛੇੜਛਾੜ ਕਰਨ ਤੋਂ ਰੋਕਣ ਤੇ ਭਰਾ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦਾ ਰਹਿਣ ਵਾਲਾ ਅਨਮੋਲ ਜੋ ਕਿ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ ਉੱਥੇ ਦੇ ਹੀ ਇੱਕ ਨੌਜਵਾਨ ਵੱਲੋਂ ਉਸ ਦੀ ਭੈਣ ਨਾਲ ਕਈ ਵਾਰ ਛੇੜਖਾਨੀ ਕੀਤੀ ਗਈ ਜਿਸ ਉਤੇ ਅਨਮੋਲ ਨੇ ਉਹਨੂੰ ਕਈ ਵਾਰ ਰੋਕਿਆ ਜਿਸ ਨੂੰ ਲੈ ਕੇ ਪਹਿਲਾਂ ਵੀ ਦੋਨਾਂ ਵਿੱਚ ਝਗੜਾ ਹੋਇਆ ਸੀ।
ਇਸ ਤੋਂ ਬਾਅਦ ਵੀ ਮੁਲਜ਼ਮ ਰੁਕਿਆ ਨਹੀਂ ਅਤੇ ਉਸਨੇ ਆਪਣੇ ਸਾਥੀਆਂ ਨੂੰ ਨਾਲ ਲਿਜਾ ਕੇ ਅਨਮੋਲ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਪਹਿਲਾਂ ਅਗਵਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਪਰ ਹਮਲਾ ਕਰਕੇ ਉਸਨੂੰ ਮ੍ਰਿਤਕ ਸਮਝ ਕੇ ਝਾੜੀਆਂ ਵਿੱਚ ਸੁੱਟ ਦਿੱਤਾ।
ਇਸ ਬਾਬਤ ਪਰਿਵਾਰ ਨੂੰ ਪਤਾ ਚੱਲਿਆ ਤਾਂ ਕਿਸੇ ਤਰੀਕੇ ਅਨਮੋਲ ਨੂੰ ਲੱਭ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਹੁਣ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਪਰਿਵਾਰ ਅਨੁਸਾਰ ਜਦ ਕਿ ਦੂਸਰੇ ਲੜਕੇ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਏਮਸ ਬਠਿੰਡਾ ਵਿਖੇ ਰੈਫਰ ਕੀਤਾ ਗਿਆ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਚੁੱਕੀ ਹੈ।
ਪੁਲਿਸ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਇਸ ਬਾਬਤ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਮਾਮਲਾ ਲੜਕੀ ਨਾਲ ਛੇੜਛਾੜ ਦਾ ਹੈ ਜੋ ਕਿ ਮੁਲਜ਼ਮ ਲੜਕੇ ਮ੍ਰਿਤਕ ਅਨਮੋਲ ਦੀ ਭੈਣ ਨੂੰ ਛੇੜਦੇ ਸਨ ਜਿਸ ਤੋਂ ਉਹ ਰੋਕਦਾ ਸੀ ਜਿਸ ਕਰਕੇ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।